ਅਸਲੇ ਸਮੇਤ ਤਿੰਨ ਜਣੇ ਗ੍ਰਿਫ਼ਤਾਰ

15

October

2018

ਅੰਮ੍ਰਿਤਸਰ, ਪੁਲੀਸ ਨੇ ਦੋ ਵੱਖ ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 12 ਬੋਰ ਦੀ ਡਬਲ ਬੈਰਲ ਰਾਈਫਲ ਤੇ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਦੋਵਾਂ ਮਾਮਲਿਆਂ ਵਿਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਟਾਫ਼ ਦੀ ਪੁਲੀਸ ਨੇ ਮਾਤਾ ਭੱਦਰ ਕਾਲੀ ਮੰਦਿਰ ਨੇੜਿਉਂ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਸੀ। ਇਨ੍ਹਾਂ ਕੋਲੋਂ ਤਲਾਸ਼ੀ ਦੌਰਾਨ 12 ਬੋਰ ਦੀ ਡਬਲ ਬੈਰਲ ਰਾਈਫਲ ਤੇ ਅੱਠ ਗੋਲੀਆਂ ਮਿਲੀਆਂ ਹਨ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਸਿੰਘ ਉਰਫ ਬੰਟੀ ਅਤੇ ਸੈਮਸਨ ਮਸੀਹ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਗੇਟ ਹਕੀਮਾਂ ਵਿਚ ਅਸਲਾ ਐਕਟ ਦੀ ਧਾਰਾ 25, 54, 59 ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਇਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇਹ ਰਾਈਫਲ ਚੋਰੀ ਦੀ ਹੈ ਅਤੇ ਉਨ੍ਹਾਂ ਨਾਲ ਲੁਧਿਆਣਾ ਦਾ ਵਿਅਕਤੀ ਵੀ ਸੀ। ਪੁਲੀਸ, ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਹੋਰ ਖ਼ੁਲਾਸੇ ਹੋ ਸਕਣ। ਇਸੇ ਤਰ੍ਹਾਂ ਪੁਲੀਸ ਨੇ 22 ਨੰਬਰ ਫਾਟਕ ਨੇੜੇ ਮੱਛੀ ਮੰਡੀ ਕੋਲੋਂ ਹਰੀ ਚੰਦ ਉਰਫ ਦੇਵ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 32 ਬੋਰ ਦਾ ਪਿਸਤੌਲ ਤੇ ਰੌਂਦ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪੁਲੀਸ ਨੂੰ ਦੇਖ ਕੇ ਭੱਜਣ ਲੱਗਿਆ ਸੀ ਕਿ ਏਐੱਸਆਈ ਪਰਮਿੰਦਰ ਸਿੰਘ ਦੀ ਟੀਮ ਨੇ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ ਦੇਸੀ ਪਿਸਤੌਲ ਬਰਾਮਦ ਹੋਇਆ ਹੈ।