ਸ਼ੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਰੋਹ ਲੁਧਿਆਣਾ ਦੀ ਥਾਂ ਮੋਗਾ ਵਿਖੇ ਹੋਣਗੇ- ਸੁਖਦੇਵ ਸਿੰਘ ਢੀਂਡਸਾ

26

October

2020

ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ ) - ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ 13 ਦਸੰਬਰ ਨੂੰ ਹੋਣ ਵਾਲੇ ਸ਼ੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਰੋਹ ਦਾ ਸਥਾਨ ਬਦਲ ਕੇ ਲੁਧਿਆਣਾ ਤੋਂ ਮੋਗਾ ਕਰ ਦਿੱਤਾ ਹੈ। ਮੀਡੀਆ ਵਿੱਚ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ 100 ਵੀਂ ਵਰ੍ਹੇ-ਗੰਢ 13 ਦਸੰਬਰ ਨੂੰ ਮੋਗਾ ਵਿਖੇ ਮਨਾਈ ਜਾਵੇਗੀ। ਪਹਿਲਾਂ ਇਹ ਲੁਧਿਆਣਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਸੀ ਪਰੰਤੂ ਲੁਧਿਆਣਾ ਜ਼ਿਆਦਾ ਭੀੜ ਵਾਲਾ ਸ਼ਹਿਰ ਹੋਣ ਕਰਕੇ ਸਥਾਨ ਨੂੰ ਬਦਲ ਕੇ ਮੋਗਾ ਵਿਖੇ ਕਰਨ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਮੋਗਾ ਜ਼ਿਲੇ ਦੀ ਲੀਡਰਸ਼ਿਪ ਨੂੰ ਤਿਆਰੀਆਂ ਕਰਨ ਲਈ ਕਹਿ ਦਿੱਤਾ ਹੈ। ਸ. ਢੀਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਰਿਹਾ ਹੈ ਅਤੇ ਅਨੇਕਾਂ ਮਹਾਂਪੁਰਸ਼ਾਂ ਅਤੇ ਸੂਰਵੀਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਪਣੇ ਸੰਸਥਾਪਕਾਂ ਤੋ ਸੇਧ ਲੈਂਦਾ ਰਹੇਗਾ ਅਤੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਆਮ ਸ਼ਹਿਰੀਆਂ ਸਮੇਤ ਸਾਰੇ ਤਬਕਿਆਂ ਦੇ ਲਈ ਸੰਘਰਸ਼ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਮੋਗਾ ਜ਼ਿਲ੍ਹੇ ਵਿੱਚ ਭਾਰੀ ਇਕੱਠ ਕਰਕੇ ਅਕਾਲੀ ਦਲ ਦੇ ਇਤਿਹਾਸ ਬਾਰੇ ਆਮ ਲੋਕਾ ਨੂੰ ਜਾਣੂ ਕਰਵਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਬੋਲਦਿਆਂ ਸ: ਢੀਡਸਾ ਨੇ ਦੱਸਿਆ ਕਿ ਕਮੇਟੀ ਦੀਆਂ ਚੋਣਾਂ ਸਾਰੀਆਂ ਬਾਦਲ ਵਿਰੋਧੀ, ਹਮਖਿਆਲੀ ਪੰਥਕ ਧਿਰਾਂ ਇਕੱਠੇ ਹੋ ਕੇ ਲੜਨਗੀਆ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਸ: ਰਣਜੀਤ ਸਿੰਘ ਬ੍ਰਹਮਪੁਰਾ, ਸ: ਰਵੀਇੰਦਰ ਸਿੰਘ, ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ , ਬਾਬਾ ਸੇਵਾ ਸਿੰਘ ਰਾਮਪੁਰ ਖੇੜਾ,ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਵੀ ਸੰਤ ਮਹਾਂਪੁਰਸ਼ਾਂ ਅਤੇ ਪੰਥਕ ਜੱਥੇਬੰਦੀਆ ਨਾਲ ਗੱਲ ਹੋ ਚੁੱਕੀ ਹੈ। ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹਰ ਥਾਂ ਤੇ ਇਕ ਹੀ ਸਾਂਝਾ ਉਮੀਦਵਾਰ ਹੋਵੇਗਾ। ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਵਿਸਥਾਰ ਬਾਰੇ ਬੋਲਦਿਆਂ ਸ. ਢੀਡਸਾ ਨੇ ਕਿਹਾ ਕਿ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਵਿਚਾਰ ਵਟਾਂਦਰੇ ਕਰਕੇ ਵੱਖ ਵੱਖ ਵਰਗਾਂ ਨਾਲ ਸਬੰਧਤ ਵਿੰਗਾ ਦਾਂ ਜਲਦ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤਰੀ, ਐੱਸ ਸੀ, ਬੀ ਸੀ, ਮੁਲਾਜ਼ਮ, ਬੁੱਧੀਜੀਵੀ ਸਮੇਤ ਹੋਰ ਵਿੰਗਾਂ ਦਾ ਗਠਨ ਕਰਕੇ ਪੰਜਾਬ ਦੇ ਲੋਕਾਂ ਤੱਕ ਪਹੁੰਚਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਲੜੀ ਦੇ ਤਹਿਤ 28 ਅਕਤੂਬਰ ਨੂੰ ਸਵੇਰੇ 11 ਵਜੇ ਇਸਤਰੀ ਵਿੰਗ ਦੀ ਮੀਟਿੰਗ ਮੁਹਾਲੀ ਦੇ ਮੁੱਖ ਦਫ਼ਤਰ ਵਿਖੇ ਕੀਤੀ ਜਾਵੇਗੀ।