ਕਿਸਾਨ ਜਥੇਬੰਦੀਆਂ ਨੇ ਰਿਲਾਇੰਸ ਐਕਸਚੇਂਜ ਦੇ ਗੇਟ ਨੂੰ ਲਗਾਇਆ ਤਾਲਾ

26

October

2020

ਸੰਗਰੂਰ,26 ਅਕਤੂਬਰ (ਜਗਸੀਰ ਲੌਂਗੋਵਾਲ ) - ਅੱਜ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਤੇ ਰੋਸ ਰੈਲੀ ਕੀਤੀ ਗਈ ਅਤੇ ਰੋਸ ਮਾਰਚ ਕਰਦੇ ਹੋਏ ਬਰਨਾਲਾ ਰੋਡ ਤੇ ਸਥਿਤ ਰਿਲਾਇੰਸ ਦੀ ਐਕਸਚੇਂਜ ਤੱਕ ਗਏ ਅਤੇ ਉਸ ਦੇ ਗੇਟ ਨੂੰ ਤਾਲਾ ਲਗਾ ਕੇ ਬੰਦ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਉੱਦਮ ਸਿੰਘ ਸੰਤੋਖਪੁਰਾ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬੀਕੇਯੂ ਡਕੌਂਦਾ ਦੇ ਬਲਾਕ ਧੂਰੀ ਦੇ ਪ੍ਰਧਾਨ ਸ਼ਿਆਮ ਦਾਸ ਕਾਂਝਲੀ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ,ਪੰਜਾਬ ਕਿਸਾਨ ਯੂਨੀਅਨ ਦੇ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਵਾਲ, ਕੁੱਲ ਹਿੰਦ ਕਿਸਾਨ ਸਭਾ( ਅਜੇ ਭਵਨ) ਦੇ ਸੁਖਪਾਲ ਸਿੰਘ,ਕੁਲ ਹਿੰਦ ਕਿਸਾਨ ਫੈਡਰੇਸ਼ਨ ਦੇ ਆਗੂ ਹਰਮੇਲ ਸਿੰਘ ਮਹਿਰੋਕ ਤੇ ਕਿਸਾਨ ਆਗੂ ਅਤਵਾਰ ਸਿੰਘ ਬਾਦਸ਼ਾਹਪੁਰ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੱਲ੍ਹ ਜ਼ੁਬਾਨੀ ਹੁਕਮਾਂ ਰਾਹੀਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਤੇ ਰੋਕ ਲਾਉਣਾ ਸਾਬਤ ਕਰਦਾ ਹੈ ਕਿ ਜਿੱਥੇ ਪਹਿਲਾਂ ਮੋਦੀ ਨੇ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੁਣ ਪੰਜਾਬ ਦੇ ਵਪਾਰੀਆਂ ਅਤੇ ਆਮ ਲੋਕਾਂ ਦੇ ਖਿਲਾਫ ਇਹ ਫ਼ੈਸਲਾ ਲੈ ਕੇ ਪੂਰੇ ਪੰਜਾਬ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ ।ਪਰ ਮੋਦੀ ਦੇ ਇਨ੍ਹਾਂ ਬੇਹੂਦੇ ਫ਼ੈਸਲਿਆਂ ਤੋਂ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਅਤੇ ਜਿਸ ਤਰ੍ਹਾਂ ਪਹਿਲਾਂ ਇਕਮੁੱਠ ਹੋ ਕੇ ਲੜਾਈ ਲੜ ਰਹੇ ਹਨ ਹੁਣ ਵੀ ਸਾਰਾ ਪੰਜਾਬ ਇੱਕਮੁੱਠ ਹੋ ਕੇ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਅਤੇ ਮੋਦੀ ਦੇ ਅਜਿਹੇ ਲੋਕਮਾਰੂ ਫ਼ੈਸਲਿਆਂ ਖ਼ਿਲਾਫ਼ ਡਟ ਕੇ ਸੰਘਰਸ਼ ਕਰੇਗਾ। ਅੱਜ ਦੇ ਰੋਸ ਧਰਨੇ ਨੂੰ ਕਿਸਾਨ ਆਗੂ ਜਰਨੈਲ ਸਿੰਘ ਜਨਾਲ, ਜਸਦੀਪ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਲੌਂਗੋਵਾਲ , ਹਰੀ ਸਿੰਘ ਮਹਿਲਾ ,ਨਰੰਜਣ ਸਿੰਘ ਸਫੀਪੁਰ ,ਭਰਪੂਰ ਸਿੰਘ ਬੂਲਾਪੁਰ ਹਰਜੀਤ ਸਿੰਘ ਮੰਗਵਾਲ ਨੇ ਵੀ ਸੰਬੋਧਨ ਕੀਤਾ।