ਸ਼ਹਿਰ ਦੇ ਦੁਕਾਨਦਾਰ ਵੱਡੀ ਆਰਥਿਕ ਮਾਰ ਝੱਲ ਰਹੇ ਹਨ - ਦਵਿੰਦਰ ਸਿੰਘ ਬੀਹਲਾ

24

October

2020

ਬਰਨਾਲਾ 24 ਅਕਤੂਬਰ (ਬਲਜਿੰਦਰ ਸਿੰਘ ਚੋਹਾਨ) ਸ਼ਹਿਰ ਬਰਨਾਲਾ 'ਚ ਪੁੱਟੀਆਂ ਸੜਕਾਂ ਤੇ ਗਲੀਆਂ ਕਾਰਨ ਜਿੱਥੇ ਸ਼ਹਿਰ ਵਾਸੀ ਨਰਕ ਭੋਗ ਰਹੇ ਹਨ ਉੱਥੇ ਸ਼ਹਿਰ ਦੇ ਦੁਕਾਨਦਾਰ ਵੱਡੀ ਆਰਥਿਕ ਮਾਰ ਝੱਲ ਰਹੇ ਹਨ। ਜਦਕਿ ਸੱਤਾਧਾਰੀ ਧਿਰ ਤੇ ਸਥਾਨਕ ਆਗੂ ਘੂਕ ਸੁੱਤੇ ਪਏ ਹਨ। ਜਿਸ ਕਾਰਨ ਬਰਨਾਲਾ ਤੇ ਆਸ ਪਾਸ ਦੇ ਪਿੰਡਾਂ ਸਮੇਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੋਕ ਚੁਣੇ ਹੋਏ ਆਗੂਆਂ ਤੇ ਪਛਤਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸੰਘੇੜਾ ਤੋਂ ਬਰਨਾਲਾ ਰੋਡ, ਤਰਕਸ਼ੀਲ ਚੌਕ ਤੋਂ ਬੱਸ ਅੱਡਾ ਰੋਡ, ਬੱਸ ਅੱਡਾ ਤੋਂ ਬਾਲਮੀਕ ਚੌਕ, ਬੱਸ ਅੱਡਾ ਤੋਂ ਮੰਡੀ ਰੋਡ ਤੇ ਸੰਘੇੜਾ ਤੋਂ ਕਚਹਿਰੀ ਚੌਕ ਤੱਕ ਸਾਰੀਆਂ ਸੜਕਾਂ ਪੱਟੀਆਂ ਪਈਆਂ ਹਨ। ਸ਼ਹਿਰ ਦੇ ਦੁਕਾਨਦਾਰ ਜਿੱਥੇ ਟੈਕਸ ਭਰਦੇ ਹਨ ਉੱਥੇ ਮਹਿੰਗੀਆਂ ਦੁਕਾਨਾਂ ਦੇ ਕਿਰਾਏ ਭਰਦੇ ਹਨ ਤੇ ਉਹਨਾਂ ਦੇ ਕਾਰੋਬਾਰ ਠੱਪ ਹੋਏ ਪਏ ਹਨ। ਬੀਹਲਾ ਨੇ ਕਿਹਾ ਕਿ ਸ਼ਹਿਰ ਦੀ 16 ਏਕੜ 'ਚ ਸੜਕਾਂ ਦਾ ਬੁਰਾ ਹਾਲ ਹੈ। ਜਦਕਿ ਸੱਤਾਧਾਰੀ ਧਿਰ ਦੇ ਆਗੂ ਇਲਜਾਮਬਾਜੀ ਕਰ ਰਹੇ ਹਨ, ਕਿ ਇਹ ਸੜਕਾਂ ਮਾਰਕੀਟ ਕਮੇਟੀ ਬਣਾਏਗੀ ਜਦਕਿ ਕੁਝ ਕਹਿ ਰਹੇ ਹਨ ਕਿ ਇਸ ਨਗਰ ਕੌਸ਼ਲ ਬਣਾਏਗੀ। ਉਹਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ, ਇਹ ਦਿਨ ਦੁਕਾਨਦਾਰਾਂ ਲਈ ਕਾਫੀ ਅਹਿਮ ਹੁੰਦੇ ਹਨ ਕਿਉਂਕਿ ਲੋਕ ਖ੍ਰੀਦਦਾਰੀ ਕਰਦੇ ਹਨ, ਬਰਨਾਲਾ ਦੀਆਂ ਪੱਟੀਆਂ ਸੜਕਾਂ ਕਾਰਨ ਪਿੰਡਾਂ ਦੇ ਲੋਕ ਬਜ਼ਾਰ 'ਚ ਆਉਣ ਤੋਂ ਕੰਨੀ ਕਤਰਾ ਰਹੇ ਹਨ ਜਿਸ ਕਾਰਨ ਦੁਕਾਨਦਾਰਾਂ 'ਚ ਰੋਸ ਹੈ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦੀਆਂ ਇਹਨਾਂ ਮੁਸਕਿਲਾ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਜੇਕਰ ਪੱਟੀਆਂ ਸੜਕਾਂ ਜਲਦ ਨਾ ਬਣਾਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।