ਪ੍ਰਧਾਨ ਮੰਤਰੀ ਨੇ ਭਾਰਤੀ ਫੌਜੀਆਂ ਦਾ ਅਪਮਾਨ ਕੀਤਾ : ਰਾਹੁਲ

23

October

2020

ਹਿਸੁਆ(ਬਿਹਾਰ), 23 ਅਕਤੂਬਰ (ਜੀ.ਐਨ.ਐਸ.ਏਜੰਸੀ) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਆਖਣਾ ਕਿ ਪੂਰਬੀ ਲੱਦਾਖ ਵਿੱਚ ਭਾਰਤੀ ਖੇਤਰ ਵਿੱਚ ਚੀਨੀ ਫੌਜ ਦੀ ਕੋਈ ਘੁਸਪੈਠ ਨਹੀਂ ਹੋਈ, ਭਾਰਤੀ ਫੌਜੀਆਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਦੇਸ਼ਵਿਆਪੀ ਲੌਕਡਾਊਨ ਦੌਰਾਨ ਜਦੋਂ ਬਿਹਾਰ ਨਾਲ ਸਬੰਧਤ ਪਰਵਾਸੀ ਕਾਮਿਆਂ ਨੇ ਹੋਰਨਾਂ ਰਾਜਾਂ ਤੋਂ ਵਾਪਸੀ ਲਈ ਪੈਦਲ ਚਾਲੇ ਪਾਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਰਾਹੁਲ ਨੇ ਇਹ ਟਿੱਪਣੀਆਂ ਅੱਜ ਬਿਹਾਰ ਵਿੱਚ ਆਪਣੀ ਪਲੇਠੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੀਆਂ। ਇਸ ਦੌਰਾਨ ਰੈਲੀ ਵਿੱਚ ਹੀ ਮੌਜੂਦ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਟਕੋਰਾਂ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਤੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਚਾਰਾ ਘੁਟਾਲੇ ਵਿੱਚ ਜ਼ਮਾਨਤ ਮਿਲਣ ਮਗਰੋਂ 9 ਨਵੰਬਰ ਨੂੰ ਜੇਲ੍ਹ 'ਚੋਂ ਬਾਹਰ ਆ ਜਾਣਗੇ। ਤੇਜਸਵੀ ਨੇ ਕਿਹਾ ਕਿ ਊਸ ਤੋਂ ਅਗਲੇ ਦਿਨ ਭਾਵ 10 ਨਵੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਵਿਦਾਇਗੀ ਹੋਵੇਗੀ। ਚੇਤੇ ਰਹੇ ਕਿ 10 ਨਵੰਬਰ ਨੂੰ ਬਿਹਾਰ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਤੇਜਸਵੀ ਨੇ ਕਿਹਾ ਕਿ ਨਿਤੀਸ਼ ਕੁਮਾਰ ਹੁਣ ਥੱਕ ਟੁੱਟ ਚੁੱਕੇ ਹਨ ਤੇ ਉਹ ਹੁਣ ਬਿਹਾਰ ਦੀ ਸਾਂਭ ਸੰਭਾਲ ਕਰਨ ਦੇ ਸਮਰੱਥ ਨਹੀਂ ਰਹੇ।