ਸੜਕ ਹਾਦਸਿਆਂ ਵਿੱਚ ਦੋ ਨੌਜਵਾਨ ਹਲਾਕ

15

October

2018

ਪੰਚਕੂਲਾ, ਸਕੇਤੜੀ-ਚੰਡੀਗੜ੍ਹ ਸੜਕ ’ਤੇ ਅੱਜ ਸਵੇਰੇ ਇਕ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਨੌਜਵਾਨ ਦਾ ਨਾਂ ਸੁਰਜੀਤ ਦੱਸਿਆ ਗਿਆ ਹੈ ਜਿਸ ਦੀ ਉਮਰ 23 ਸਾਲ ਦੇ ਕਰੀਬ ਸੀ। ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ। ਸੁਰਜੀਤ ਮੂਲ ਰੂਪ ਵਿੱਚ ਕੁਰੂਕਸ਼ੇਤਰ ਦਾ ਰਹਿਣ ਵਾਲਾ ਸੀ ਤੇ ਫਿਲਹਾਲ ਚੰਡੀਗੜ੍ਹ ਰਹਿੰਦਾ ਸੀ। ਸੂਚਨਾ ਮਿਲਣ ’ਤੇ ਮਾਤਾ ਮਨਸਾ ਦੇਵੀ ਪੁਲੀਸ ਸਟੇਸ਼ਨ ਅਤੇ ਸਕੇਤੜੀ ਪੁਲੀਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਪੁਲੀਸ ਦੀ ਫੌਰੈਂਸਿਕ ਟੀਮ ਨੇ ਮੌਕੇ ’ਤੇ ਜਾ ਕੇ ਲਾਸ਼ ਦੇ ਨਮੂਨੇ ਲਏ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਇਸ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਸਕੇਤੜੀ ਪੁਲੀਸ ਚੌਕੀ ਦੇ ਇੰਚਾਰਜ ਸੂਰਜਮਲ ਨੇ ਦੱਸਿਆ ਕਿ ਪੁਲੀਸ ਆਸਪਾਸ ਦੇ ਸੀਸੀਟੀਵੀ ਦੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇਸੇ ਦੌਰਾਨ ਨੈਸ਼ਨਲ ਹਾਈਵੇਅ-73 ’ਤੇ ਪਿੰਡ ਗੋਲਪੁਰਾ ਕੋਲ ਇਕ ਕਾਰ ਤੇ ਬਾਈਕ ਦੀ ਟੱਕਰ ਕਾਰਨ ਅਸ਼ਵਨੀ ਕੁਮਾਰ ਦੀ ਮੌਤ ਹੋ ਗਈ। ਉਹ ਮੋਟਰਸਾਈਕਲ ’ਤੇ ਸਵਾਰ ਸੀ। ਪਿੰਡ ਮੌਲੀ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਅਸ਼ਵਨੀ ਨੂੰ ਪੀਜੀਆਈ ਭੇਜਿਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਸਿੱਸਵਾਂ-ਕੁਰਾਲੀ ਸੜਕ ’ਤੇ ਪਿੰਡ ਮਾਜਰਾ ਵਿੱਚ ਅੱਜ ਤੜਕੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦੁਕਾਨਾਂ ਵਿੱਚ ਜਾ ਵੱਜੀ ਅਤੇ ਕਾਰ ਚਾਲਕ ਤੇ ਇੱਕ ਲੜਕੀ ਨੂੰ ਸੱਟਾਂ ਲੱਗੀਆਂ। ਦੁਕਾਨਦਾਰ ਕਾਕਾ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਦੇ ਚੁਬਾਰੇ ’ਤੇ ਸੌਂ ਰਿਹਾ ਸੀ ਤੇ ਇੱਕ ਬੇਕਾਬੂ ਕਾਰ ਦੁਕਾਨ ਦੇ ਸ਼ਟਰ ਵਿੱਚ ਵੱਜੀ। ਉਨ੍ਹਾਂ ਦੇਖਿਆ ਕਿ ਕਾਰ ਵਿੱਚ ਸਵਾਰ ਇੱਕ ਲੜਕੀ ਦੇ ਮੋਢੇ ਉੱਤੇ ਅਤੇ ਕਾਰ ਚਾਲਕ ਦੇ ਹੱਥ ਉੱਤੇ ਸੱਟ ਲੱਗੀ ਹੋਈ ਸੀ। ਬਾਅਦ ਵਿੱਚ ਕਾਰ ਮਾਲਕ ਦੁਪਹਿਰ ਵੇਲੇ ਕਾਰ ਵਾਪਸ ਲੈ ਗਿਆ। ਥਾਣਾ ਮੁੱਲਾਂਪੁਰ ਗਰੀਬਦਾਸ ਪੁਲੀਸ ਦੇ ਮੁਨਸ਼ੀ ਨੇ ਦੱਸਿਆ ਕਿ ਘਟਨਾ ਬਾਰੇ ਪੁਲੀਸ ਨੂੰ ਕੋਈ ਇਤਲਾਹ ਨਹੀਂ ਮਿਲੀ ਹੈ।