ਭਾਰਤ ਦੀ ਆਬੋ ਹਵਾ ਕਿੰਨੀ ਗੰਦੀ: ਟਰੰਪ

23

October

2020

ਵਾਸ਼ਿੰਗਟਨ, 23 ਅਕਤੂਬਰ (ਜੀ.ਐਨ.ਐਸ.ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਡੈਮੋਕਰੈਟਿਕ ਪਾਰਟੀ ਵੱਲੋਂ ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੇ ਜੋਅ ਬਾਇਡਨ ਦਰਮਿਆਨ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਅੱਜ ਆਖਰੀ ਅਧਿਕਾਰਤ ਬਹਿਸ ਹੋਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ 'ਤੇ ਨਿਸ਼ਾਨਾ ਸੇਧਿਆ। ਟਰੰਪ ਨੇ ਬਹਿਸ ਦੌਰਾਨ ਚੀਨ, ਰੂਸ ਤੇ ਭਾਰਤ ਦੇ ਹਵਾਲੇ ਨਾਲ ਕਿਹਾ ਕਿ ਹਵਾ ਕਿੰਨੀ ਗੰਦੀ ਹੈ। ਟਰੰਪ ਦੇ ਇਸ ਬਿਆਨ ਨੇ ਭਾਰਤ ਦੇ ਰਣਨੀਤੀ ਘਾੜਿਆਂ ਨੂੰ ਨਿਰਾਸ਼ ਕੀਤਾ ਹੈ। ਇਸ ਤੋਂ ਪਹਿਲਾਂ ਟਰੰਪ ਤੇ ਬਾਇਡਨ ਦੌਰਾਨ ਹੋਈ ਪਹਿਲੀ ਬਹਿਸ ਕਾਫ਼ੀ ਗਰਮਾ ਗਰਮ ਰਹੀ ਸੀ, ਜਿਸ ਵਿੱਚ ਕੋਵਿਡ-19, ਨਸਲੀ ਵਿਤਕਰੇ, ਅਰਥਚਾਰੇ ਤੇ ਵਾਤਾਵਰਨ ਤਬਦੀਲੀ ਜਿਹੇ ਮੁੱਦੇ ਚੁੱਕੇ ਗਏ ਸਨ। ਉਂਜ ਬਹਿਸ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਕਰੋਨਾ ਦਾ ਟੀਕਾ ਤਿਆਰ ਹੈ ਤੇ ਅਗਲੇ ਕੁਝ ਹਫ਼ਤਿਆਂ 'ਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਟਰੰਪ ਨੇ ਦਾਅਵਾ ਕੀਤਾ ਕਿ ਊਨ੍ਹਾਂ ਦੀ ਸਰਕਾਰ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਚੰਗਾ ਕੰਮ ਕੀਤਾ ਹੈ ਤੇ ਦੇਸ਼ ਨੂੰ ਵਾਇਰਸ ਨਾਲ ਰਹਿਣ ਦੀ ਆਦਤ ਪਾਉਣੀ ਹੋਵੇਗੀ। ਉਧਰ ਬਾਇਡਨ ਦੇ ਮੋੜਵੇਂ ਜਵਾਬ ਵਿੱਚ ਕਿਹਾ ਕਿ ਟਰੰਪ ਮਹਿਜ਼ ਫੜਾਂ ਮਾਰ ਰਹੇ ਹਨ ਤੇ ਉਨ੍ਹਾਂ ਕੋਲ ਮਹਾਮਾਰੀ ਦੇ ਟਾਕਰੇ ਲਈ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਵਾਇਰਸ ਨਾਲ ਜਿਊਣਾ ਨਹੀਂ ਬਲਕਿ ਮਰਨਾ ਸਿੱਖ ਰਹੇ ਹਨ।