Arash Info Corporation

ਬਲੈਕਲਿਸਟ ਐੱਨਜੀਓਜ਼ ਪੀਯੂ ਵਿੱਚ ਨਹੀਂ ਕਰ ਸਕਣਗੇ ਸੈਮੀਨਾਰ

15

October

2018

ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਮੀਟਿੰਗ ਵਿੱਚ ਅੱਜ ਸਿੰਡੀਕੇਟ ਨੇ ਪੀਯੂ ਕੈਂਪਸ ਵਿੱਚ ਸੈਮੀਨਾਰ ਅਤੇ ਕਾਨਫਰੰਸਾਂ ਕਰਵਾਉਣ ਸਬੰਧੀ ਤਿਆਰ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਮਤਾਂ ਅਨੁਸਾਰ ਕੋਈ ਵੀ ਵਿਭਾਗ ਕਿਸੇ ਵੀ ਬਲੈਕਲਿਸਟ ਐੱਲਜੀਓ ਜਾਂ ਸ਼ਰਾਬ ਤੇ ਬੀੜੀ ਸਿਗਰਟ ਦਾ ਕਾਰੋਬਾਰ ਕਰਨ ਵਾਲੇ ਕਿਸੇ ਸੰਗਠਨ ਨੂੰ ਸੈਮੀਨਾਰ ਜਾਂ ਵਰਕਸ਼ਾਪ ਲਗਾਉਣ ਲਈ ਜਗ੍ਹਾ ਨਹੀਂ ਦੇਵੇਗਾ। ਇਸ ਲਈ ਪੀਯੂ ਪ੍ਰਸ਼ਾਸਨ ਤੋਂ ਅਗਾਊਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਇੱਕ ਹੋਰ ਫ਼ੈਸਲੇ ਦੌਰਾਨ ਡੀਨ ਸਟੂਡੈਂਟ ਵੈੱਲਫੇਅਰ (ਵਿਮੈੱਨ) ਪ੍ਰੋ. ਨੀਨਾ ਕਪਲਾਸ਼ ਦੇ ਬੇਟੇ ’ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਸਮਾਜਸ਼ਾਸਤਰ ਦੀ ਰਿਸਰਚ ਸਕਾਲਰ ਦੀ ਰਜਿਸਟਰੇਸ਼ਨ ਅਤੇ ਸਕਾਲਰਸ਼ਿਪ ਬਹਾਲ ਕਰਨ ਲਈ ਸਿੰਡੀਕੇਟ ਨੇ ਉਪ-ਕੁਲਪਤੀ ਨੂੰ ਸਾਰੇ ਅਧਿਕਾਰ ਸੌਂਪੇ ਹਨ। ਉਪ-ਕੁਲਪਤੀ ਇੱਕ ਕਮੇਟੀ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਕਰਨਗੇ ਅਤੇ ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਇਸੇ ਤਰ੍ਹਾਂ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਟੰਕੇਸ਼ਵਰ ਕੁਮਾਰ ਨੂੰ ਤਿੰਨ ਸਾਲ ਦੀ ਐਕਸਟਰਾ ਆਰਡੀਨਰੀ ਛੁੱਟੀ ਦੇਣ ਦੇ ਮਾਮਲੇ ਵਿੱਚ ਵੀ ਉਪ-ਕੁਲਪਤੀ ਨੂੰ ਹੀ ਅੰਤਿਮ ਫ਼ੈਸਲਾ ਲੈਣ ਦੇ ਅਧਿਕਾਰੀ ਦਿੱਤੇ ਗਏ ਹਨ। ਹਾਲਾਂਕਿ ਮੀਟਿੰਗ ਵਿੱਚ ਲਾਅ ਵਿਭਾਗ ਦੇ ਪ੍ਰੋਫੈਸਰ ਅਤੇ ਰਾਜੀਵ ਗਾਂਧੀ ਪ੍ਰੋਫੈਸ਼ਨਲ ਲਾਅ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪੀਐੱਸ ਜਸਵਾਲ ਦੀ ਤਰਜ਼ ’ਤੇ ਹੀ ਪ੍ਰੋ. ਟੰਕੇਸ਼ਵਰ ਕੁਮਾਰ ਨੂੰ ਛੁੱਟੀ ਦੇਣ ਦੀ ਗੱਲ ਕਹੀ ਗਈ ਹੈ। ਮੀਟਿੰਗ ਵਿੱਚ ਪਾਸ ਕੀਤੇ ਗਏ ਇੱਕ ਹੋਰ ਮਤੇ ਅਨੁਸਾਰ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਦੇ ਪ੍ਰਿੰਸੀਪਲ ਡਾ. ਹਰਦਿਲਜੀਤ ਸਿੰਘ ਗੋਸਲ ਦੇ ਦੇਹਾਂਤ ਮਗਰੋਂ ਖਾਲੀ ਹੋਈ ਸੈਨੇਟ ਦੀ ਸੀਟ ਲਈ ਚੋਣ ਕਰਵਾਉਣ ਵਾਸਤੇ ਸਿੰਡੀਕੇਟ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸੇ ਦੌਰਾਨ ਹੈਲਥ ਸੈਂਟਰ ਦੇ ਮੈਡੀਕਲ ਅਫ਼ਸਰ ਡਾ. ਰਾਕੇਸ਼ ਖੁੱਲਰ ਨੂੰ ਵੀ ਰੈਗੂਲਰ ਭਰਤੀ ਹੋਣ ਤੱਕ ਅਹੁਦੇ ’ਤੇ ਬਣੇ ਰਹਿਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸੇ ਦੌਰਾਨ ਯੂਆਈਆਈਟੀ ਦੇ ਬੀਈ ਫਾਈਨਲ ਯੀਅਰ ਦੇ ਸੱਤਵੇਂ ਤੇ ਅੱਠਵੇਂ ਸਮੈਸਟਰ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਵਨ ਟਾਈਮ ਸਪੈਸ਼ਲ ਚਾਂਸ ਦੇਣ ਵਾਸਤੇ ਵੀ ਸਿੰਡੀਕੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰੀਜਨਲ ਸੈਂਟਰ ਦੇ ਉਨ੍ਹਾਂ ਵਿਦਿਆਰਥੀਆਂ ਦੀ ਟਰਾਂਸਫਰ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ, ਜਿਨ੍ਹਾਂ ਨੇ ਮੈਡੀਕਲ ਆਧਾਰ ’ਤੇ ਟਰਾਂਸਫਰ ਮੰਗੀ ਸੀ। ਮੀਟਿੰਗ ਦੌਰਾਨ ਉਪ-ਕੋਲਪਤੀ ਪ੍ਰੋ. ਰਾਜਕੁਮਾਰ ਨੇ ਮੈਂਬਰਾਂ ਨੂੰ ਦੱਸਿਆ ਕਿ ‘ਖੇਲ੍ਹੋ ਇੰਡੀਆ ਟੇਲੈਂਟ ਡਿਵੈਲਪਮੈਂਟ ਪ੍ਰੋਗਰਾਮ’ ਤਹਿਤ ਪੀਯੂ ਨੂੰ ਕੇਂਦਰੀ ਯੁਵਾ ਮਾਮਲੇ ਮੰਤਰਾਲੇ ਵੱਲੋਂ ਤੈਰਾਕੀ ਵਿੱਚ ਇੱਕ ਸਾਲ ਲਈ ਮਾਨਤਾ ਦਿੱਤੀ ਗਈ ਹੈ। ਕੈਪਟਨ ਵੱਲੋਂ ਸਥਾਪਨਾ ਦਿਵਸ ’ਤੇ ਵਧਾਈ ਪੰਜਾਬ ਯੂਨੀਵਰਸਿਟੀ ਦੇ 135ਵੇਂ ਸਥਾਪਨਾ ਦਿਵਸ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਯੂ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਹੈ। ਕੈਪਟਨ ਨੇ ਆਪਣੇ ਟਵਿਟਰ ਅਕਾਊਂਟ ਵਿੱਚ ਲਿਖਿਆ ਕਿ ਪੀਯੂ ਨੇ ਦੇਸ਼ ਨੂੰ ਅਹਿਮ ਸ਼ਖ਼ਸੀਅਤਾਂ ਦਿੱਤੀਆਂ ਹਨ। ਉਹ ਪੀਯੂ ਦੇ ਸਰਵਪੱਖੀ ਵਿਕਾਸ ਲਈ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਦੇ ਹਨ। ਮੁੱਖ ਮੰਤਰੀ ਦੇ ਇਸ ਟਵੀਟ ’ਤੇ ਪੀਯੂ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਸਦਭਾਵਨਾਵਾਂ ਨੂੰ ਸਵੀਕਾਰ ਕਰਦਿਆਂ ਪੂਰੇ ਸਟਾਫ਼ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ।

E-Paper

Calendar

Videos