ਪੰਜਾਬ ਵਿੱਚ ਦੁੱਧ ਦਾ ਕਾਲਾ ਧੰਦਾ: ਨੈਸਲੇ ਨੇ ਵੱਡੇ ਦੁੱਧ ਉਤਪਾਦਕ ਕਾਲੀ ਸੂਚੀ ਵਿੱਚ ਪਾਏ

22

October

2020

ਮੋਗਾ, 22 ਅਕਤੂਬਰ ਪਿੰਡਾਂ ’ਚ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਚੁੱਕੀ ਹੈ ਪਰ ਰੋਜ਼ ਸ਼ਹਿਰਾਂ ਵਿੱਚ ਸਪਲਾਈ ਹੋ ਰਹੇ ਕਈ ਕੁਇੰਟਲ ਦੁੱਧ ’ਤੇ ਸਿਹਤ ਵਿਭਾਗ ਦੀ ਚੁੱਪ ਵੀ ਸਵਾਲਾਂ ਦੇ ਘੇਰੇ ਵਿਚ ਹੈ। ਸਹਾਇਕ ਫੂਡ ਸੇਫਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਥੇ ਦੁੱਧ ਡੇਅਰੀਆਂ ਤੇ ਮਠਿਆਈ ਦੀਆਂ ਦੁਕਾਨਾਂ ਤੋਂ ਉਤਪਾਦਾਂ ਦੀ ਗੁਣਵੱਤਾ ਪਰਖਣ ਲਈ ਤਿਉਹਾਰਾਂ ਦੇ ਮੱਦੇਨਜ਼ਰ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਸਥਾਨਕ ਬਹੁਮੰਤਵੀ ਨੈਸਲੇ ਫੈਕਟਰੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਨਕਲੀ ਦੁੱਧ ਵੀ ਗੰਭੀਰ ਸਮੱਸਿਆ ਹੈ।। ਫ਼ੈਕਟਰੀ ਦੀ ਉਤਪਾਦਕਾਂ ਦੇ ਘਰਾਂ ਵਿੱਚ ਜਾ ਕੇ ਦੁਧਾਰੂ ਪਸ਼ੂਆਂ ਦੀ ਪੜਤਾਲ ਦੌਰਾਨ ਦੁੱਧ ਕਰੀਬ 30 ਲਿਟਰ ਸੀ ਪਰ ਉਥੋਂ ਰੋਜ਼ 80 ਤੋਂ 100 ਲਿਟਰ ਦੁੱਧ ਦੀ ਆਮਦ ਹੁੰਦੀ ਸੀ। ਅਜਿਹੇ ਦੁੱਧ ਉਤਪਾਦਕਾਂ ਦੀ ਕਾਲੀ ਸੂਚੀ ਤਿਆਰ ਕਰਕੇ ਉਨ੍ਹਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਹੈ। ਧਰਮਕੋਟ ਖੇਤਰ ’ਚ ਦੁੱਧ ਦੇ ਨਾਂਅ ’ਤੇ ਹੋਰ ਚਿੱਟੇ ਤਰਲ ਪਦਾਰਥ ਦਾ ਕਾਲਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ। ਕਈ ਲੋਕ ਨਕਲੀ ਸੁੱਕੇ ਦੁੱਧ ਜਾਂ ਸਿੰਥੈਟਿਕ ਨੁਮਾ ਪਾਊਡਰ ਨੂੰ ਪਾਣੀ ’ਚ ਘੋਲ ਕੇ ਦੁੱਧ ਬਣਾਉਂਦੇ ਹਨ। ਅਸਲੀ ਤੇ ਨਕਲੀ ਦੁੱਧ ਦੀ ਪਹਿਚਾਣ ਕਰਨੀ ਬਹੁਤ ਔਖੀ ਹੈ। ਨਕਲੀ ਦੁੱਧ ਤਿਆਰ ਕਰਨ ਵਾਲਿਆਂ ਕਾਰਨ ਸੂਬੇ ’ਚ ਨੌਜਵਾਨਾਂ ਵਲੋਂ ਸਵੈ-ਰੁਜ਼ਗਾਰ ਤਹਿਤ ਅਪਣਾਇਆ ਡੇਅਰੀ ਫਾਰਮਿੰਗ ਧੰਦਾਂ ਲਾਗਤ ਮੁੱਲ ਵਿਚ ਲਗਾਤਾਰ ਵਾਧੇ ਕਾਰਨ ਕਾਰੋਬਾਰ ਮੁਨਾਫੇ ਦੀ ਬਜਾਏ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਅਜਿਹਾ ਕੋਈ ਛੋਟਾ ਕਿਸਾਨ ਸਾਹਮਣੇ ਨਹੀਂ ਆਇਆ ਜਿਸ ਨੇ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਅ ਖ਼ੁਸ਼ਹਾਲ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੋਵੇ। ਜਿਹੜੇ ਕਿਸਾਨਾਂ ਨੇ ਅਪਣੇ ਬਲਬੂਤੇ ’ਤੇ ਚਾਰ-ਪੰਜ ਦੁਧਾਰੂ ਪਸ਼ੂ ਕਰਜ਼ਾ ਲੈ ਕੇ ਖ਼ਰੀਦੇ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਇਸ ਕਿੱਤੇ ਨੂੰ ਅਲਵਿਦਾ ਆਖ ਚੁੱਕੇ ਹਨ। ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਹਰੀ-ਚਿੱਟੀ ਕ੍ਰਾਂਤੀ ਆਉਣ ਦੇ ਬਾਵਜੂਦ ਕਿਸਾਨਾ ਦੀ ਆਰਥਕ ਹਾਲਤ ਮਾੜੀ ਹੀ ਹੁੰਦੀ ਗਈ। ਬੀਕੇਯੂ ਕਾਦੀਆਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਅਤੇ ਗੁਲਜ਼ਾਰ ਸਿੰਘ ਘਾਲੀ ਨੇ ਕਿਹਾ ਕਿ ਹਰੀ ਤੇ ਚਿੱਟੀ ਕ੍ਰਾਂਤੀ ਦੀ ਬਦਕਿਸਮਤੀ ਇਹ ਕਿ ਦੋਹਾਂ ਇਨਕਲਾਬਾਂ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਹੀ ਹੇਠਾਂ ਦੱਬ ਲਿਆ ਹੈ।