ਜ਼ਰੂਰਤ ਹੈ ਸਮਾਜਿਕ ਇਨਕਲਾਬ ਦੀ.....

21

October

2020

ਇੱਕ ਸਾਫ਼ ਸੁਥਰੀ ਜਿੰਦਗੀ ਜਿਉਣ ਲਈ ਇੱਕ ਸਾਫ ਸੁਥਰੇ ਸਮਾਜ ਦਾ ਹੋਣਾ ਬਹੁਤ ਜਰੂਰੀ ਹੈ। ਵਿਦਵਾਨਾਂ ਅਨੁਸਾਰ ਜਿਸ ਸਮਾਜ ਵਿੱਚ ਲੋਕ ਇੱਕ ਸੁਰੱਖਿਅਤ ਅਤੇ ਅਰਾਮਦਾਇਕ ਜਿੰਦਗੀ ਜਿਊਦੇਂ ਹਨ, ਇੱਕ ਵਧੀਆ ਸਮਾਜ ਅਖਵਾਉਣ ਦਾ ਹੱਕਦਾਰ ਹੈ।ਪਰ ਇੱਥੇ ਗੱਲ ਇਹ ਸੋਚਣ ਵਾਲੀ ਹੈ ਕਿ, ਸਮਾਜ ਦੀ ਸਿਰਜਣਾ ਕਰਦਾ ਕੋਣ ਹੈ? ਜਿਸ ਦਾ ਬਹੁਤ ਹੀ ਸਿੱਧਾ ਅਤੇ ਆਮ ਜਿਹਾ ਜਵਾਬ ਹੈ ਕਿ ਹਰ ਵਰਗ ਦਾ ਇਨਸਾਨ ਮਿਲ ਕੇ ਸਮਾਜ ਬਣਾਉਂਦਾ ਹੈ। ਹਰ ਵਿਅਕਤੀ, ਮਰਦ, ਅੋਰਤ, ਬੱਚੇ, ਬੁੱਢੇ ਸਮਾਜ ਦੀ ਸਿਰਜਣਾ ਵਿੱਚ ਸ਼ਮੂਲੀਅਤ ਹੈ। ਇਸ ਤੋਂ ਇਲਾਵਾ ਸਮਾਜ ਨੂੰ ਸੁਵਿਧਾਵਾਂ ਪ੍ਦਾਨ ਕਰਨ ਲਈ, ਮਸਲਿਆਂ ਦਾ ਨਿਪਟਾਰਾ ਕਰਨ ਲਈ ਸਾਡੀ ਸੁਰੱਖਿਆ ਲਈ ਸਾਡੇ ਕੋਲ ਨਿਆਪਾਲਿਕਾ ਹੈ, ਸਰਕਾਰ ਹੈ। ਪਰ ਜੇਕਰ ਮੋਜੂਦਾ ਸਮੇ ਦੇ ਹਾਲਾਤਾਂ ਵੱਲ ਗੌਰ ਫੁਰਮਾਇਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਾਡਾ ਵਰਤਮਾਨ ਸਮਾਜ ਕੋਈ ਬਹੁਤਾ ਸੁਖਾਵਾਂ ਸਮਾਜ ਨਹੀਂ ਹੈ। ਇੱਕ ਖਾਸ ਵਰਗ ਨੂੰ ਛੱਡ ਕੇ ਬਾਕੀ ਸਾਰੇ ਦੁਖਾਂ ਤਕਲੀਫ਼ਾਂ ਵਾਲੀ ਜਿੰਦਗੀ ਜੀਅ ਰਹੇ ਹਨ। ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਇੱਥੇ ਲੋਕਾਂ ਨੂੰ ਸੰਵਿਧਾਨਕ ਤੌਰ ਤੇ ਸਰਕਾਰ ਚੁਨਣ ਦਾ ਅਧਿਕਾਰ ਪ੍ਰਾਪਤ ਹੈ। ਲੋਕਾਂ ਕੋਲ ਇਹ ਵੀ ਹੱਕ ਹੈ ਕਿ ਜੇਕਰ ਸਰਕਾਰਾਂ ਉਹਨਾਂ ਦੀਆਂ ਉਮੀਦਾਂ ਉੱਪਰ ਖਰੀਆਂ ਨਹੀ ਉੱਤਰਦੀਆਂ ਤਾਂ ਜਨਤਾ ਸਰਕਾਰਾਂ ਦਾ ਬਾਈਕਾਟ ਵੀ ਕਰ ਸਕਦੀਆਂ ਹਨ। ਭਾਵੇਂ ਅਜ਼ਾਦੀ ਤੋਂ ਲੈਕੇ ਅੱਜ ਤੱਕ ਭਾਰਤ ਨੇ ਕਾਫ਼ੀ ਤਰੱਕੀ ਕਰ ਲਈ ਹੈ, ਪਰ ਮੈਨੂੰ ਯਕੀਨ ਹੈ ਕਿ ਅੱਜ ਵੀ ਭਾਰਤ ਦੀ ਜਨਸੰਖਿਆ ਦਾ ਤੀਸਰਾ ਹਿੱਸਾ ਭੁੱਖਮਰੀ, ਗਰੀਬੀ, ਬਿਮਾਰੀ, ਅੋਰਤਾਂ ਅੱਤਿਆਚਾਰ, ਸਮਾਜਿਕ ਵਿਤਕਰੇ, ਸਰੀਰਕ ਸ਼ੋਸ਼ਣ, ਆਦਿ ਅਲਾਮਤਾਂ ਨਾਲ ਜੂਝ ਰਿਹਾ ਹੈ। ਸਾਨੂੰ ਸਭ ਨੂੰ ਯਾਦ ਹੋਵੇਗਾ ਕਿ ਜਦੋਂ ਸੂਰਬੀਰ ਯੋਧੇ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਇਆ ਸੀ ਤਾਂ ਉਹਨਾਂ ਨੇ ਇਨਕਲਾਬ ਜ਼ਿੰਦਾਬਾਦ ਦੀ ਨਾਅਰਾ ਬੁਲੰਦ ਕੀਤਾ ਸੀ। ਉਹਨਾਂ ਜਰੂਰ ਇਸ ਆਸ ਤੇ ਇਸ ਨਾਅਰੇ ਨੂੰ ਬੁਲੰਦ ਕੀਤਾ ਹੋਵੇਗਾ ਕਿ ਆਉਣ ਵਾਲੀਆਂ ਪੀੜੀਆਂ ਇਸੇ ਤਰ੍ਹਾਂ ਇਸ ਨਾਅਰੇ ਦੀ ਅਵਾਜ਼ ਨੂੰ ਅਸਮਾਨਾਂ ਤੱਕ ਗੂੰਜਦੀ ਰੱਖੇਗੀ। ਪਰ ਹੋਇਆ ਸਭ ਉਹਨਾਂ ਦੀਆਂ ਆਸਾਂ ਦੇ ਉੱਲਟ ਹੈ। ਅੱਜ ਸਾਡੇ ਸਮਾਜ ਦਾ ਉਹ ਵਰਗ ਜਿਸ ਦੇ ਮੋਢਿਆਂ ਤੇ ਅਸੀਂ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਈ ਹੈ , ਉਹ ਖੁਦ ਸਾਡੇ ਉੱਤੇ ਮਾਰੂ ਨੀਤੀਆਂ ਨਾਲ ਹਮਲਾ ਕਰ ਰਿਹਾ ਹੈ। ਅਸੀਂ ਲੋਕ ਟੈਲੀਵਿਜ਼ਨ ਦੀਆਂ ਖਬਰਾਂ ਵਿੱਚ ਦਿਖਾਏ ਜਾਂਦੇ ਕੁਝ ਗਿਣਵੇਂ ਚੁਣਵੇਂ ਲੋਕਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਅਸੀਂ ਬਹੁਤ ਤਰੱਕੀ ਕਰ ਚੁੱਕੇ ਹਾਂ ਪਰ ਕੈਮਰਿਆਂ ਪਿੱਛੇ ਛੁਪੀ ਅਸਲੀਅਤ ਜੋ ਸਾਡੇ ਇਰਦ ਗਿਰਦ ਵਾਪਰਦੀ ਹੈ, ਉਸ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਅੱਜ ਵੀ ਰਾਹ ਜਾਂਦੀ ਲੜਕੀ ਸਮਾਜ ਦੀਆਂ ਬੁਰੀਆਂ ਨਿਗਾਵਾਂ ਦੀ ਸ਼ਿਕਾਰ ਹੁੰਦੀ ਹੈ। ਅੱਜ ਵੀ ਘਰ ਵਿੱਚ ਰਹਿ ਰਹੀ ਅੋਰਤ ਮਰਦ ਦੇ ਅਤਿਆਚਾਰ ਦਾ ਸ਼ਿਕਾਰ ਹੋ ਰਹੀ ਹੈ। ਅੱਜ ਵੀ ਕਿਸਾਨ ਆਪਣੇ ਹੱਕਾਂ ਲਈ ਸੜਕਾਂ ਤੇ ਰੁਲਦਾ ਫਿਰਦਾ ਹੈ, ਤੇ ਅੱਜ ਵੀ ਬਹੁਤ ਸਾਰੇ ਬਾਲ ਨਿਆਣੇ ਕਿਤਾਬਾਂ ਤੋਂ ਦੂਰ ਬੈਠੇ ਹਨ। ਅੱਜ ਵੀ ਜਿੰਨਾ ਹੱਥਾਂ ਵਿੱਚ ਕਾਪੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਨ੍ਹਾਂ ਹੱਥਾਂ ਵਿੱਚ ਇੱਟਾਂ ਬਣਾਉਣ ਲਈ ਮਿੱਟੀ ਹੈ। ਮੈਨੂੰ ਅਕਸਰ ਮੇਰੇ ਪਾਠਕ ਕਹਿੰਦੇ ਹਨ ਕਿ ਕੀ ਤੁਹਾਨੂੰ ਸਮਾਜ ਵਿੱਚ ਅਛਾਈ ਨਜ਼ਰ ਨਹੀਂ ਆਉਂਦੀ? ਮੇਰਾ ਜਵਾਬ ਹੁੰਦਾ ਕਿ ਮੈਂ ਸੁਰਖੀਆਂ ਦੇ ਵਿੱਚ ਰਹਿਣ ਵਾਲਿਆਂ ਦੇ ਜੀਵਨ ਨੂੰ ਘੱਟ ਤੇ ਸੁਰਖੀਆਂ ਵਿੱਚ ਲਿਆਉਣ ਵਾਲਿਆਂ ਦੇ ਜੀਵਨ ਨੂੰ ਜਿਆਦਾ ਦੇਖਦੀ ਹਾਂ, ਇਸੇ ਲਈ ਸ਼ਾਇਦ ਸਮਾਜ ਦੀ ਅਸਲ ਤਸਵੀਰ ਨੂੰ ਬਿਆਨ ਕਰਨ ਦਾ ਹੀਲਾ ਕਰ ਲੈਂਦੀ ਹਾ। ਹੁਣ ਸਵਾਲ ਇਹ ਨਿਕਲਦਾ ਹੈ ਕਿ ਇਸ ਦਾ ਹੱਲ ਕੀ ਹੋ ਸਕਦਾ ਹੈ? ਜੇਕਰ ਸਿੱਖ ਪਰੰਪਰਾ ਵੱਲ ਝਾਤ ਮਾਰੀਏ ਤਾਂ ਇਹ ਤੱਥ ਬੜੇ ਪ੍ਰਭਾਵਕਾਰੀ ਢੰਗ ਨਾਲ ਨਿੱਖਰ ਕੇ ਸਾਹਮਣੇ ਆਉਂਦੇ ਹਨ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਇੱਕ ਵਧੀਆ ਸਮਾਜ ਸਿਰਜਣ ਦਾ ਯਤਨ ਕੀਤਾ। ਆਪਣੇ ਹੱਕਾਂ ਲਈ ਅਵਾਜ਼ ਉਠਾਉਣ ਦਾ ਉਪਦੇਸ਼ ਪਹਿਲੀ ਪਾਤਸ਼ਾਹੀ ਨੇ ਹੀ ਸਾਡੀ ਝੋਲੀ ਵਿੱਚ ਪਾ ਦਿੱਤਾ। ਸਿੱਖ ਇਤਹਾਸ ਨੂੰ ਫੋਲ ਲਈਏ ਤਾਂ ਨਚੋੜ ਇਹ ਨਿਕਲਦਾ ਹੈ ਇਸ ਸਾਰੇ ਦਰਦੱਦ ਦਾ ਮਕਸਦ ਇੱਕ ਨਵੇਂ ਸਮਾਜ ਦੀ ਸਿਰਜਣਾ ਸੀ । ਸਾਰੀ ਸੋਚ ਦਾ ਕੇਂਦਰ ਸਮਾਜਿਕ ਬਦਲਾਵ ਸੀ। ਪਰ ਅੱਜ ਦੇ ਹਲਾਤਾਂ ਵੱਲ ਝਾਤ ਮਾਰੀਏ ਤਾਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ, ਆਪਣੇ ਹੱਕਾਂ ਲਈ ਇਨਕਲਾਬ ਦਾ ਨਾਅਰਾ ਬੁਲੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜਦੋਂ ਭਗਤ ਸਿੰਘ ਹੋਰਾਂ ਦੇਸ਼ ਨੂੰ ਅਜ਼ਾਦ ਕਰਵਾਇਆ ਸੀ ਤਾਂ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਇੱਕ ਤਾਂ ਆਪਸੀ ਏਕਤਾ ਸੀ ਅਤੇ ਦੂਸਰਾ ਉਹਨਾਂ ਵਿੱਚ ਆਪਣਾ ਕੋਈ ਵੀ ਨਿੱਜੀ ਸੁਆਰਥ ਨਹੀਂ ਸੀ। ਉਹਨਾਂ ਜੋ ਵੀ ਕੀਤਾ ਦੇਸ਼ ਭਗਤੀ ਦੀ ਆੜ ਵਿੱਚ ਕੀਤਾ। ਅੱਜ ਵੀ ਸਮਾਜ ਦੀ ਨੁਹਾਰ ਬਦਲਣ ਲਈ ਆਪਸੀ ਏਕਤਾ ਅਤੇ ਨਿਰਸੁਆਰਥ ਹੋਣ ਦੀ ਜਰੂਰਤ ਹੈ। ਅਸੀਂ ਆਮ ਨਹੀਂ ਦੇਖਦੇ ਹਾਂ ਕਿ ਜੇਕਰ ਕੋਈ ਇੱਕ ਸਮਾਜ ਭਲਾਈ ਦੇ ਕੰਮਾਂ ਲਈ ਉੱਠਦਾ ਹੈਂ ਤਾਂ ਅਸੀਂ ਸਾਰੇ ਰਲ ਮਿਲ ਕੇ ਇਹ ਸੋਚਣ ਲੱਗਦੇ ਹਾਂ ਕਿ ਇਸਨੂੰ ਪਿੱਛੇ ਵੱਲ ਨੂੰ ਕਿਵੇਂ ਧਕੇਲਿਆ ਜਾਵੇ ਜਾਂ ਕਿਸੇ ਤਰ੍ਹਾਂ ਦੀ ਤੋਹਮਤ ਕਿਵੇਂ ਲਗਾਈ ਜਾਵੇ। ਮੈਨੂੰ ਲੱਗਦਾ ਜਿਸ ਸਮਾਜ ਇੱਕ ਦੂਸਰੇ ਨੂੰ ਅੱਗੇ ਵੱਧਣ ਲਈ ਪ੍ਤੋਸਾਹਿਤ ਕਰਨ ਦੀ ਬਜਾਇ ਪਿੱਛੇ ਖਿੱਚਿਆ ਜਾਂਦਾ ਹੈ ਅਜਿਹਾ ਸਮਾਜ ਇੱਕ ਚੰਗਾ ਸਮਾਜ ਅਖਵਾਉਣ ਦਾ ਹੱਕਦਾਰ ਨਹੀਂ ਹੈ। ਅੱਜ ਜਰੂਰਤ ਹੈ ਸਾਨੂੰ ਸਾਰਿਆਂ ਨੂੰ ਇੱਕਜੁਟ ਹੋਣ ਦੀ, ਜਰੂਰਤ ਹੈ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੀ। ਜਰੂਰਤ ਹੈ ਭਗਤ ਸਿੰਘ ਵਾਂਗ ਇਨਕਲਾਬ ਦੇ ਨਾਅਰੇ ਨੂੰ ਬੁਲੰਦ ਕਰਨ ਦੀ, ਤਾਂ ਜੋ ਅਸੀਂ ਕੂਟਨੀਤਕ ਸਰਕਾਰਾਂ ਨਾਲ ਟਾਕਰਾ ਕਰ ਸਕੀਏ ਅਤੇ ਇੱਕ ਚੰਗਾ ਸਮਾਜ ਸਿਰਜ ਸਕੀਏ। ਹਰਕੀਰਤ ਕੌਰ ਸਭਰਾ 9779118066