ਪ੍ਰਦੂਸ਼ਣ ਖਿਲਾਫ ਯੁੱਧ

20

October

2020

ਵਾਯੂਮੰਡਲ ਵਿਚ ਵਿਭਿੰਨ ਪ੍ਰਦੂਸ਼ਣ-ਕਰਤਾ ਦਾਖ਼ਲ ਹੁੰਦੇ ਰਹਿੰਦੇ ਹਨ। ਜਿਹੜੇ ਸਾਡੇ ਵਾਤਾਵਰਨੀ ਕਾਰਕਾਂ ਨਾਲ ਕਿਰਿਆ ਕਰਕੇ ਵਾਤਾਵਰਨ ਨੂੰ ਜ਼ਹਿਰੀਲਾ ਅਤੇ ਗੰਧਲਾ ਕਰ ਦਿੰਦੇ ਹਨ। ਇਹ ਜੀਵਾਂ ਉੱਤੇ ਭੈੜੇ ਪ੍ਰਭਾਵ ਅਤੇ ਕੁਦਰਤੀ ਸੁੰਦਰਤਾ ਨੂੰ ਖ਼ਰਾਬ ਕਰਦੇ ਹਨ। ਮਨੁੱਖ, ਵਾਤਾਵਰਨ ਨੂੰ ਵਿਗਾੜਨ ਵਿਚ ਵੱਡਾ ਦੋਸ਼ੀ ਹੈ। ਗ਼ੈਰ-ਕੁਦਰਤੀ ਤੇ ਅਣਸਾਵੇਂ ਵਿਕਾਸ ਅਤੇ ਅਖੌਤੀ ਆਧੁਨਿਕਤਾ ਕਾਰਨ ਵਾਤਾਵਰਨ ਵਿੱਚ ਸਸਪੈਂਡਿਡ ਪਾਰਟੀਕਲ ਮੈਟਰ (ਜਿਹੜੇ ਤੱਤ ਹਵਾ ਵਿੱਚੋਂ ਮਨਫ਼ੀ ਚਾਹੀਦੇ ਹਨ) ਅਤੇ ਨਾਈਟਰੋਜਨ ਆਕਸਾਈਡ ਜ਼ਹਿਰ ਵਧ ਰਹੀ ਹੈ। ਹਵਾ ਵਿੱਚ ਐੱਸ.ਪੀ.ਐੱਮ. ਦੀ ਮਾਤਰਾ 100 ਤੋਂ 200 ਮਾਈਕ੍ਰੋਗ੍ਰਾਮ (ਲਘੂ ਗ੍ਰਾਮ) ਪ੍ਰਤੀ ਘਣ ਮੀਟਰ ਹੋਣੀ ਚਾਹੀਦੀ ਹੈ ਪਰ ਬਹੁਤੇ ਇਲਾਕਿਆਂ ਵਿੱਚ ਇਸ ਦੀ ਮਾਤਰਾ 296 ਤੋਂ 586 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਈ ਹੈ। ਇਸੇ ਤਰ੍ਹਾਂ ਨਾਈਟਰੋਜਨ ਆਕਸਾਈਡ ਦੀ ਮਾਤਰਾ ਵੀ 30 ਮਾਈਕਰੋਗ੍ਰਾਮ ਪ੍ਰਤੀ ਕਿਊਬਕ ਮੀਟਰ ਹੋਣੀ ਚਾਹੀਦੀ ਹੈ ਪਰ ਇਹ 46 ਤੱਕ ਪੁੰਹਚ ਗਈ ਹੈ। ਹਾਲਾਂਕਿ ਸਲਫਰ ਡਾਇਆਕਸਾਈਡ (ਐਸ.ਓ.ਟੂ.) ਨਿਰਧਾਰਿਤ ਮਾਤਰਾ 30 ਮਾਈਕਰੋਗ੍ਰਾਮ ਤੋਂ ਘੱਟ ਹੈ, ਪਰ ਵਧ ਇਹ ਵੀ ਰਹੀ ਹੈ। ਜ਼ਹਿਰੀਲੇ ਧੂੰਏਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਮਨੁੱਖ ਸ਼ੁੱਧ ਹਵਾ ਲਈ ਵੀ ਤਰਸੇਗਾ। ਹਵਾ/ਵਾਯੂਮੰਡਲ: ਸਾਡੀ ਧਰਤੀ ਦੇ ਚੌਗਿਰਦੇ ਫੈਲੀ ਗੈਸੀ ਪਰਤ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ। ਇਹ ਇੱਕ ਕੁਦਰਤੀ ਗਤੀਸ਼ੀਲ ਸਿਸਟਮ ਹੈ। ਕੁਦਰਤੀ ਅਤੇ ਮਨੁੱਖ-ਨਿਰਮਾਣਿਤ ਸੋਮਿਆਂ ਤੋਂ ਅਨੇਕ ਹੀ ਠੋਸ ਦ੍ਰਵ ਅਤੇ ਗੈਸਾਂ ਲਗਾਤਾਰ ਵਾਯੂਮੰਡਲ ਵਿਚ ਪਹੁੰਚਦੀਆਂ ਰਹਿੰਦੀਆਂ ਹਨ। ਇਹ ਪਦਾਰਥ, ਹਵਾ ਦੇ ਕੰਧਾੜੇ ਚੜ੍ਹ, ਦੂਰ ਦੂਰ ਤਕ ਪਹੁੰਚ ਜਾਂਦੇ ਹਨ। ਆਪਸ ਵਿਚ ਰਲਗੱਡ ਹੋ ਜਾਂਦੇ ਹਨ। ਪਰਸਪਰ ਕਿਰਿਆਵਾਂ ਨਾਲ ਇਹ ਪਦਾਰਥ ਅਨੇਕ ਭੌਤਿਕ ਤੇ ਰਸਾਇਣਿਕ ਪਦਾਰਥਾਂ ਦੇ ਜਨਮਦਾਤਾ ਬਣ ਜਾਂਦੇ ਹਨ। ਸਮੇਂ ਨਾਲ ਇਹ ਨਵ-ਜਨਮੇ ਰਸਇਣ ਪਦਾਰਥ ਵਾਯੂਮੰਡਲ, ਮਿੱਟੀ ਅਤੇ ਜਲ-ਸੋਮਿਆਂ ਵਿਚ ਪਹੁੰਚ ਜਾਂਦੇ ਹਨ। ਸਵੱਛ ਤੇ ਖ਼ੁਸ਼ਕ ਹਵਾ ਵਿਚ ਘਣਫਲ ਵਜੋਂ 78.09 ਪ੍ਰਤੀਸ਼ਤ ਨਾਈਟਰੋਜਨ ਗੈਸ ਹੁੰਦੀ ਹੈ ਅਤੇ ਲਗਭਗ 20.94 ਪ੍ਰਤੀਸ਼ਤ ਆਕਸੀਜਨ ਗੈਸ। ਇਨ੍ਹਾਂ ਦੋਵੇਂ ਪ੍ਰਮੁੱਖ ਗੈਸਾਂ ਤੋਂ ਇਲਾਵਾ ਸਾਡੇ ਵਾਯੂਮੰਡਲ ਵਿਚ ਕਾਰਬਨ ਡਾਇਆਕਸਾਈਡ, ਹੀਲੀਅਮ, ਆਰਗਨ, ਕ੍ਰਿਪਟਾਨ, ਨਾਇਟਰਸ ਆਕਸਾਈਡ, ਜ਼ੀਕੋਨ ਤੇ ਕੁਝ ਕੁ ਹੋਰ ਕਾਰਬਨਿਕ ਗੈਸਾਂ ਹੁੰਦੀਆਂ ਹਨ, ਜਿਨ੍ਹਾਂ ਦੀ ਕੁਲ ਮਾਤਰਾ ਗਲਪਗ 0.97 ਪ੍ਰਤੀਸ਼ਤ ਹੀ ਹੁੰਦੀ ਹੈ। ਇਨ੍ਹਾਂ ਗੈਸਾਂ ਦੀ ਮਾਤਰਾ ਭਿੰਨ ਭਿੰਨ ਸਥਾਨਾਂ ਵਿਚ ਸਮੇਂ ਨਾਲ ਬਦਲਦੀ ਰਹਿੰਦੀ ਹੈ। ਹਵਾ-ਪ੍ਰਦੂਸ਼ਣ ਦੀ ਪਛਾਣ: ਮੁੱਖ ਢੰਗ ਤਿੰਨ ਹਨ-ਸੰਵੇਦਕ ਪਛਾਣ, ਭੌਤਿਕ ਮਾਪ ਅਤੇ ਪੌਦਿਆਂ, ਪਸ਼ੂਆਂ ਅਤੇ ਇਮਾਰਤਾਂ ਉੱਤੇ ਪ੍ਰਭਾਵਾਂ ਦੀ ਜਾਣਕਾਰੀ। ਸੰਵੇਦਕ ਪਛਾਣ ਆਮ ਕਰਕੇ ਹਵਾ-ਪ੍ਰਦੂਸ਼ਣ ਸਮੱਸਿਆ ਦਾ ਪਹਿਲਾ ਸੂਚਕ ਹੁੰਦੀ ਹੈ। ਸੰਵੇਦਕ ਪਛਾਣ ਤੇਜ਼ ਤੇ ਅਸਾਧਾਰਨ ਬੋ, ਦ੍ਰਿਸ਼ਟਤਾ ਦੀ ਘਾਟ, ਅੱਖਾਂ ਵਿਚ ਰੜਕ, ਮੂੰਹ ਵਿਚ ਤੇਜ਼ਾਬੀ ਸੁਆਦ ਅਤੇ ਪੈਰਾਂ ਹੇਠ ਕਿਰਕ ਦਾ ਅਹਿਸਾਸ। ਇਹ ਢੰਗ ਇਕ ਆਤਮਮੁਖੀ ਘਟਨਾ ਹੈ ਅਤੇ ਵੱਖ-ਵੱਖ ਵਿਅਕਤੀਆਂ ਲਈ ਅੱਡ-ਅੱਡ ਮਾਤਰਾ ਵਾਲੇ ਪ੍ਰਭਾਵ ਹੁੰਦੇ ਹਨ। ਭੌਤਿਕ ਮਾਪ-ਕਾਰਜ ਹਵਾ-ਪ੍ਰਦੂਸ਼ਣ ਵਿਚ ਮੌਜੂਦ ਬਹੁਤ ਹੀ ਘੱਟ ਮਾਤਰਾ ਵਾਲੇ, ਪਰ ਜ਼ਹਿਰੀਲੇ ਪਦਾਰਥਾਂ ਜਾਂ ਰੇਡੀਓ-ਐਕਟਿਵ ਮਾਦੇ ਦੀ ਹੋਂਦ ਤੱਕ ਨੂੰ ਜਾਣਨ ਵਿਚ ਵੱਡੇ ਮਦਦਗਾਰ ਸਾਬਤ ਹੁੰਦੇ ਹਨ। ਹਵਾ-ਪ੍ਰਦੂਸ਼ਣ ਵਾਲੇ ਖੇਤਰ ਵਿੱਚੋਂ ਹਵਾ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਵਿਗਿਆਨਕ ਵਿਧੀਆਂ ਰਾਹੀਂ ਜਾਂਚ ਇਸ ਕਾਰਜ ਵਿਚ ਸਹਾਈ ਹੁੰਦੀ ਹੈ। ਵਾਯੂ ਪ੍ਰਦੂਸ਼ਣ ਨੂੰ ਸਮਝਣ ਲਈ ਕਈ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਮੁੱਖ ਤੌਰ ’ਤੇ ਤਿੰਨ ਹਨ- ਵਿਅਕਤੀਗਤ, ਸਮੁਦਾਇਕ ਅਤੇ ਪੇਸ਼ਾਵਾਰਾਨਾ ਵਾਯੂ ਪ੍ਰਦੂਸ਼ਣ। ਵਾਯੂ-ਪ੍ਰਦੂਸ਼ਣ ਕਿਰਿਆਸ਼ੀਲਤਾ: ਸੂਰਜ ਦੀ ਰੌਸ਼ਨੀ ਵਿਚ ਕਈ ਤਰ੍ਹਾਂ ਦੇ ਅਣਜਲੇ ਹਾਈਡਰੋਕਾਰਬਨ ਨਾਈਟਰੋਜਨ ਦੇ ਆਕਸਾਈਡਾਂ ਨਾਲ ਪ੍ਰਤੀਕਿਰਿਆ ਕਰਕੇ ਓਜ਼ੋਨ ਤੇ ਅਲਡੀਹਾਈਡਜ਼ ਆਦਿ ਬਣਾਉਂਦੇ ਹਨ। ਇਨ੍ਹਾਂ ਨੂੰ ਵਿਗਿਆਨਕ ਸ਼ਬਦਾਵਲੀ ਵਿੱਚ ਫੋਟੋ ਕੈਮੀਕਲ ਅਕਸਾਈਡੈਂਟਸ ਆਖਦੇ ਹਨ। ਇਨ੍ਹਾਂ ਦੇ ਕਾਰਨ ਫੋਟੋ ਕੈਮੀਕਲ ਸਮੌਗ (ਧੂੰਆਂ+ਧੁੰਦ) ਬਣ ਜਾਂਦਾ ਹੈ। ਇਹ ਭੀੜ-ਭੜੱਕੇ ਵਾਲੇ ਖਿੱਤਿਆਂ ਅਤੇ ਸਨਅਤੀ ਖੇਤਰਾਂ ਵਿੱਚ ਬਹੁਤ ਹੁੰਦਾ ਹੈ। ਕਈ ਮੌਸਮਾਂ ਵਿੱਚ ਖ਼ਾਸ ਕਰਕੇ ਖੇਤੀ ਰਹਿੰਦ-ਖੂੰਹਦ ਨੂੰ ਅਗਨ ਕਰਨ ਅਤੇ ਯੁੱਧਾਂ ਵੇਲੇ ਤਾਂ ਇਹ ਬੇਹੱਦ ਵਧ ਜਾਂਦਾ ਹੈ। ਇਸ ਤੱਥ ਦੀ ਪੁਸ਼ਟੀ ਖਾੜੀ ਯੁੱਧ ਸਮੇਂ ਮਾਰਚ 1991 ਵਿਚ ਕਸ਼ਮੀਰ ਵਾਦੀ ਵਿਚ ਕਾਲੇ ਰੰਗ ਦੀ ਬਰਫ਼ਬਾਰੀ ਸਮੇਂ ਹੋ ਗਈ ਸੀ। ਸੰਘਣੀ ਪਰਤ ਧੁੱਪ-ਰੌਸ਼ਨੀ ਰੋਕ ਕੇ ਤੀਬਰ ਠੰਢ ਵਧਾਉਂਦੀ ਹੈ। ਵਿਗਿਆਨੀਆਂ ਅਨੁਸਾਰ ਜੇ ਇਵੇਂ ਚਲਦਾ ਰਿਹਾ ਤਾਂ; ਧਰਤੀ ਉਪਰ ਇੱਕ ਵਾਰੀ ਫੇਰ ਹਿਮ-ਯੁੱਗ ਆ ਜਾਵੇਗਾ। ਖ਼ਤਰਨਾਕ ਬੇ-ਕਾਬੂ ਧੂੰਆਂ: ਵਾਯੂ ਪ੍ਰਦੂਸ਼ਣ ਦਾ ਮੁੱਖ ਸਰੋਤ ਧੂੰਆਂ ਹੈ। ਇਹ ਧੂੰਆਂ ਯੁੱਧਾਂ, ਬਨਸਪਤਨ ਅੱਗ, ਪੈਟਰੋ ਬਾਲਣਾ ਅਤੇ ਉਦਯੋਗ ਵਿਚੋਂ ਪੈਦਾ ਹੁੰਦਾ ਹੈ। ਕੋਲਾ, ਪੈਟਰੋਲ ਤੇ ਡੀਜ਼ਲ ਆਦਿ ਦੇ ਬਲਣ ਨਾਲ ਸਲਫਰ ਡਾਈਅਕਸਾਈਡ, ਕਾਰਬਨ ਤੇ ਨਾਈਟਰੋਜਨ ਦੇ ਅਕਸਾਈਡ, ਹਾਈਡਰੋਕਾਰਬਨ ਅਤੇ ਕਾਰਬਨ ਮੋਨੋਅਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਹਵਾ ਵਿਚ ਰਲ ਜਾਂਦੀਆਂ ਹਨ। ਯੁੱਧ ਸਮੱਗਰੀ, ਰਾਕਟਾਂ, ਜੈੱਟ ਜਹਾਜ਼ਾ ਵਿਚੋਂ ਨਿਕਲਣ ਵਾਲਾ ਧੂੰਆਂ ਉਪਰਲੀ ਹਵਾ ਨੂੰ ਦੂਸ਼ਿਤ ਕਰ ਦਿੰਦਾ ਹੈ। ਜੰਗਲ, ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲਾ ਧੂੰਆਂ ਤਾਂ ਉਸ ਮੌਕੇ ਹਵਾ ਨੂੰ ਬੇਹੱਦ ਦੂਸ਼ਿਤ ਕਰਦਾ ਹੈ। ਧਾਤਾਂ ਢਾਲਣ ਨਾਲ ਸਿੱਕਾ, ਕਰੋਮੀਅਮ, ਬੇਰੀਲੀਅਮ, ਨਿਕਲ, ਵੇਨਾਡੀਅਮ, ਸੰਖੀਆ, ਕੇਡੀਅਮ ਆਦਿ ਦੇ ਫੈਲਦੇ ਕਣ ਤਾਂ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ। ਅਢੁੱਕਵੀਆਂ ਯੋਜਨਾਵਾਂ ਕਾਰਨ ਸਭ ਕੁਝ ਬੇਕਾਬੂ ਹੋ ਚੁੱਕਾ ਹੈ। ਜੀਵਾਂ ਉੱਤੇ ਪ੍ਰਭਾਵ: ਆਮ ਤੌਰ ਉੱਤੇ ਹਵਾ ਵਿਚਲੇ ਪ੍ਰਦੂਸ਼ਣ-ਕਰਤਾ ਬਨਸਪਤੀ ਆਦਿ ਉੱਤੇ ਇਕੱਠੇ ਹੋ ਜਾਂਦੇ ਹਨ। ਆਮ ਮਨੁੱਖ ਤਾਂ ਪ੍ਰਦੂਸ਼ਿਤ ਵਾਯੂਮੰਡਲ ਵਿਚ ਪ੍ਰਦੂਸ਼ਣ-ਕਰਤਾ ਨੂੰ ਸਾਹ ਰਾਹੀਂ ਹੀ ਆਪਣੇ ਸਰੀਰ ਵਿਚ ਲਿਜਾਂਦਾ ਹੈ, ਪਰ ਪਸ਼ੂ ਪ੍ਰਦੂਸ਼ਿਤ-ਕਣਾਂ ਨਾਲ ਲੱਥ-ਪੱਥ ਚਾਰੇ ਨੂੰ ਖਾ ਕੇ ਅਤੇ ਸਾਹ ਲੈਣ ਦੀ ਕਿਰਿਆ ਰਾਹੀਂ ਦੋਵੇਂ ਤਰ੍ਹਾਂ ਹੀ ਹਵਾ-ਪ੍ਰਦੂਸ਼ਣ ਦੇ ਭੈੜੇ ਪ੍ਰਭਾਵਾਂ ਦਾ ਸ਼ਿਕਾਰ ਹੁੰਦੇ ਹਨ। ਬਨਸਪਤਨ ਅਗਨ ਅਤੇ ਉਦਯੋਗਾਂ ਦੀਆਂ ਚਿਮਨੀਆਂ ਰਾਹੀਂ ਆਰਸੈਨਿਕ ਦੇ ਵਾਸ਼ਪ ਵਾਯੂਮੰਡਲ ਵਿਚ ਪਹੁੰਚ ਜਾਂਦੇ ਹਨ ਤੇ ਤੇਜ਼ ਹਵਾਵਾਂ ਦੇ ਪ੍ਰਭਾਵ ਹੇਠ ਦੂਰ-ਦੁਰਾਡੇ ਖੇਤਰਾਂ ਤਕ ਖਿੰਡਰ-ਪੁੰਡਰ ਜਾਂਦੇ ਹਨ। ਰਸਾਇਣੀ ਛਿੜਕਾਅ ਤੇ ਸਪਰੇਅ ਕਾਰਜਾਂ ਵਿਚ ਆਰਸੈਨਿਕ, ਤੱਤ ਜਾਂ ਯੋਗਿਕ ਰੂਪ ਵਿਚ ਪੌਦਿਆਂ ਉੱਤੇ ਜੰਮ ਜਾਂਦੀ ਹੈ। ਪਾਲਤੂ ਪਸ਼ੂ ਅਜਿਹੇ ਚਾਰੇ ਨੂੰ ਖਾ ਕੇ ਮਾਰੂ ਪ੍ਰਭਾਵਾਂ ਦੇ ਸ਼ਿਕਾਰ ਬਣਦੇ ਹਨ। ਨਿਊਕਲੀ ਬੰਬਾਂ ਦੇ ਵਿਸਫੋਟ ਕਾਰਨ ਵਾਯੂਮੰਡਲ ਵਿੱਚ ਰੇਡਿਓ-ਐਕਟਿਵ ਵਿਕਿਰਨ ਪਹੁੰਚ ਜਾਂਦਾ ਹੈ। ਪਸ਼ੂਆਂ ਉੱਤੇ ਰੇਡਿਓ-ਐਕਟਿਵ ਪ੍ਰਦੂਸ਼ਣ ਦੇ ਮਾਰੂ ਪ੍ਰਭਾਵ ਮਨੁੱਖਾਂ ਉੱਤੇ ਇਸ ਦੇ ਪ੍ਰਭਾਵਾਂ ਵਰਗੇ ਹੀ ਹੁੰਦੇ ਹਨ। ਬਨਸਪਤੀ ਉੱਤੇ ਪ੍ਰਭਾਵ: ਜੀਵਾਂ ਵਿੱਚ ਲਹੂ ਦੀਆਂ ਧਮਣੀਆਂ ਵਾਂਗ ਹੀ, ਪੱਤੇ ਦੀਆਂ ਨਸਾਂ ਭਿੰਨ ਭਿੰਨ ਹਿੱਸਿਆਂ ਵਿੱਚ ਪਾਣੀ ਤੇ ਖ਼ੁਰਾਕ ਲਿਜਾਣ ਲਈ ਵਿਸ਼ੇਸ਼ ਸਿਸਟਮ ਦਾ ਕੰਮ ਕਰਦੀਆਂ ਹਨ। ਧੂੜ ਤੇ ਧੂੰਆਂ ਪੌਦਿਆਂ ਤਕ ਸੂਰਜ ਦੀ ਰੌਸ਼ਨੀ ਨੂੰ ਪਹੁੰਚਣ ਵਿੱਚ ਰੁਕਾਵਟ ਪੈਦਾ ਕਰਦਾ ਹੈ। ਪੌਦਾ ਆਪਣੀ ਖ਼ੁਰਾਕ ਕਾਰਬਨ ਡਾਇਆਕਸਾਈਡ ਦੀ ਘੱਟ ਮਾਤਰਾ ਅੰਦਰ ਲਿਜਾ ਸਕਦਾ ਹੈ ਤੇ ਭੋਜਨ ਬਣਾਉਣ ਪ੍ਰਣਾਲੀ ਵਿੱਚ ਅੜਚਣ ਪੈਦਾ ਹੋ ਜਾਂਦੀ ਹੈ। ਇਨ੍ਹਾਂ ਗੈਸਾਂ ਦੀ ਥੋੜ੍ਹੀ ਮਾਤਰਾ ਵੀ ਪੱਤੇ ਵਿੱਚ ਮੌਜੂਦ ਹਰੇ ਪਦਾਰਥ ਕਲੋਰੋਫ਼ਿਲ ਨੂੰ ਨਸ਼ਟ ਕਰ ਦਿੰਦੀ ਹੈ। ਵਧੇਰੇ ਮਾਤਰਾ ਵਿੱਚ ਸਲਫ਼ਰ ਡਾਇਆਕਸਾਈਡ ਦੀ ਮਾਤਰਾ ਪੱਤੇ ਨੂੰ ਨਿਰਜੀਵ ਬਣਾ ਦਿੰਦੀ ਹੈ। ਬਹੁਤ ਵਧੇਰੇ ਓਜ਼ੋਨ ਗੈਸ ਵਾਲੇ ਵਾਯੂਮੰਡਲ ਵਿੱਚ ਪੌਦਿਆਂ ਦੇ ਪੱਤੇ ਨਸ਼ਟ ਹੋ ਜਾਂਦੇ ਹਨ, ਪੱਤੇ ਦੇ ਤੰਤੂ ਮਰ ਜਾਂਦੇ ਹਨ ਅਤੇ ਉਸ ਦਾ ਹਰਾ ਰੰਗ ਖ਼ਤਮ ਹੋ ਜਾਂਦਾ ਹੈ। ਵਿਭਿੰਨ ਕਿਸਮਾਂ ਦੇ ਫਲੋਰਾਈਡ ਰਸਾਇਣ ਪੱਤੇ ਦੇ ਸਿਖਰਲੇ ਤੰਤੂਆਂ ਨੂੰ ਨਸ਼ਟ ਕਰਦੇ ਹਨ। ਨਾਈਟ੍ਰੋਜਨ ਡਾਇਆਕਸਾਈਡ ਗੈਸ ਦੀ ਹੋਂਦ ਵਿੱਚ ਪੱਤੇ ਦਾ ਵਾਧਾ ਰੁਕਣ ਲੱਗਦਾ ਹੈ ਤੇ ਇਸ ਦਾ ਹਰਾ ਰੰਗ ਨਸ਼ਟ ਹੁੰਦਾ ਜਾਂਦਾ ਹੈ। ਇਥਾਈਲੀਨ ਰਸਾਇਣ ਦੀ ਥੋੜ੍ਹੀ ਜਿਹੀ ਮਾਤਰਾ ਹੀ ਪੱਤੇ ਨੂੰ ਸੁਕਾ ਦਿੰਦੀ ਹੈ। ਵਾਯੂਮੰਡਲ ਵਿੱਚ ਮੌਜੂਦ ਪਰਆਕਸੀ ਐਸੀਟਾਈਲ ਨਾਈਟ੍ਰੇਟ ਨਾਲ ਪੱਤੇ ਦਾ ਵਾਧਾ ਰੁਕ ਜਾਂਦਾ ਹੈ। ਨਵੇਂ ਪੱਤੇ ਇਸ ਭੈੜੇ ਪ੍ਰਭਾਵ ਦਾ ਵਧੇਰੇ ਸ਼ਿਕਾਰ ਬਣਦੇ ਹਨ। ਹਵਾ-ਪ੍ਰਦੂਸ਼ਣ ਕਾਰਨ ਪੌਦਿਆਂ ਦਾ ਨੁਕਸਾਨ ਵੱਡੇ ਆਰਥਿਕ ਘਾਟੇ ਦਾ ਕਾਰਨ ਬਣਦਾ ਹੈ। ਜਿਵੇਂ ਵਾਯੂਮੰਡਲ ਵਿੱਚ ਕਣ ਰੂਪੀ ਪਦਾਰਥਾਂ ਦੀ ਮਾਤਰਾ ਵਧਦੀ ਜਾਂਦੀ ਹੈ, ਇਹ ਪਦਾਰਥ ਸੂਰਜ ਤੋਂ ਆ ਰਹੀ ਰੌਸ਼ਨੀ ਦਾ ਵਧੇਰੇ ਖਿੰਡਾਅ ਕਰਨ ਲੱਗਦੇ ਹਨ, ਜਿਸ ਦੇ ਫਲਸਰੂਪ ਧਰਤੀ ਉੱਤੇ ਪਹੁੰਚ ਰਹੀ ਤਾਪ ਊਰਜਾ ਦੀ ਮਾਤਰਾ ਘਟਣ ਲੱਗਦੀ ਹੈ ਤੇ ਇਸ ਗ੍ਰਹਿ ਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ। ਵਿਸ਼ਵ-ਵਿਆਪੀ ਤੌਰ ਉੱਤੇ ਧਰਤੀ ਦੇ ਤਾਪਮਾਨ ਵਿੱਚ ਘਾਟਾ, ਸਾਡੇ ਵਾਯੂਮੰਡਲ ਵਿੱਚ ਵਧੇਰੇ ਪ੍ਰਦੂਸ਼ਣ-ਕਰਤਾ ਕਣਾਂ ਦੀ ਹੋਂਦ ਨਾਲ ਜੋੜਿਆ ਜਾਂਦਾ ਹੈ। ਇਸ ਪ੍ਰਭਾਵ ਦੇ ਠੀਕ ਉਲਟ ਪ੍ਰਭਾਵ ਹੈ ਗਰੀਨ ਹਾਊਸ ਪ੍ਰਭਾਵ, ਜੋ ਵਾਯੂਮੰਡਲ ਵਿੱਚ ਕਾਰਬਨ ਡਾਇਆਕਸਾਈਡ ਗੈਸ ਦੀ ਵਧੇਰੇ ਮਾਤਰਾ ਤੋਂ ਪੈਦਾ ਹੁੰਦਾ ਹੈ। ਅਜਿਹਾ ਅੰਦਾਜ਼ਾ ਹੈ ਕਿ ਜੇ ਮੌਜੂਦਾ ਦਰ ਨਾਲ ਹੀ, ਵਾਯੂਮੰਡਲ ਵਿੱਚ ਕਾਰਬਨ ਡਾਇਆਕਸਾਈਡ ਗੈਸ ਦੀ ਮਾਤਰਾ ਲਗਾਤਾਰ ਵਧਦੀ ਗਈ ਤਾਂ ਅਗਲੇ 5 ਦਹਾਕਿਆਂ ਅੰਦਰ ਧਰਤੀ ਦੇ ਵਿਸ਼ਵ-ਵਿਆਪੀ ਤਾਪਮਾਨ ਵਿੱਚ 4 ਦਰਜਾ ਸੈਲਸੀਅਸ ਦਾ ਵਾਧਾ ਹੋ ਜਾਵੇਗਾ। ਮਾਹਿਰਾਂ ਅਨੁਸਾਰ ਇਹ ਤਾਪਮਾਨ ਵਾਧਾ ਪ੍ਰਿਥਵੀ ਦੀਆਂ ਬਰਫ਼ਾਨੀ ਧਰੁਵੀ ਟੋਪੀਆਂ ਨੂੰ ਪਿਘਲਾ ਦੇਵੇਗਾ ਅਤੇ ਵਿਆਪਕ ਹੜ੍ਹਾਂ ਦਾ ਕਾਰਨ ਬਣੇਗਾ। ਮਗਰੋਂ ਜਲ-ਵਹਿਣ ਸੁੱਕ ਜਾਣਗੇ। ਇਹ ਵਸੋਂ ਖੇਤਰਾਂ ਦੇ ਕੁਦਰਤੀ ਸੁਹੱਪਣ ਨੂੰ ਖੋਰਦਾ ਹੈ। ਉਦਯੋਗਿਕ ਵਿਕਾਸ ਦੇ ਫਲਸਰੂਪ ਸਕੈਂਡਨੇਵੀਆ ਵਿਚ ਤੇਜ਼ਾਬੀ ਬਾਰਸ਼ ਦੀ ਮਾਤਰਾ ਵਿਚ ਵੱਡਾ ਵਾਧਾ ਦੇਖਿਆ ਗਿਆ ਹੈ, ਜਿਸ ਕਾਰਨ ਜੰਗਲਾਂ ਦੇ ਵਿਕਾਸ ਵਿਚ ਕਮੀ ਆਈ ਹੈ। ਦਰੱਖਤ ਵਾਯੂ ਪ੍ਰਦੂਸ਼ਣ ਘਟਾਉਣ ‘ਚ ਸਿਫ਼ਤੀ ਹਿੱਸਾ ਪਾਉਂਦੇ ਹਨ। ਤੇਜ਼ਾਬੀ ਬਾਰਸ਼ ਦੇ ਫਲਸਰੂਪ ਹਜ਼ਾਰਾਂ ਝੀਲਾਂ ਹੀ ਖ਼ਰਾਬ ਹੋ ਚੁੱਕੀਆਂ ਹਨ, ਜਿਸ ਦੇ ਫਲਸਰੂਪ ਅੰਤਰ-ਰਾਸ਼ਟਰੀ ਸਮੱਸਿਆਵਾਂ ਦਾ ਜਨਮ ਹੋਇਆ ਹੈ। ਇਸ ਨਾਲ ਮੂਲ ਵਾਤਾਵਰਨ ਵਿਚ ਤਬਦੀਲੀ ਆ ਜਾਂਦੀ ਹੈ। ਜੰਗਲਾਂ ਦੇ ਵਿਨਾਸ਼ ਕਾਰਨ ਵਾਯੂਮੰਡਲ ਵਿਚ ਆਕਸੀਜਨ ਦੀ ਮਾਤਰਾ ਵਿਚ ਅਸੰਤੁਲਨ ਪੈਦਾ ਹੋ ਚੁੱਕਾ ਹੈ। ਮੌਸਮ ਅਤੇ ਮੀਂਹ ਦੀ ਨਿਯਮਤਾ ਵਿਚ ਵਿਕਾਰ ਪੈਦਾ ਹੋ ਗਏ ਹਨ। ਹਵਾ ਸਿਰਫ਼ ਮਨੁੱਖਾਂ ਦੀ ਹੀ ਜੀਵਨਦਾਤੀ ਨਹੀਂ ਹੈ ਸਗੋਂ ਮਿੱਟੀ, ਜਲ, ਜੰਗਲ ਅਤੇ ਸੱਭਿਆਤਾਵਾਂ ਦੀ ਹੋਂਦ ਵੀ ਇਸੇ ਕਰਕੇ ਹੈ। ਪਰ ਜੇ ਇਹੀ ਦੂਸ਼ਿਤ ਹੋ ਜਾਵੇ ਤਾਂ ਇਹੋ ਜੀਵਨਦਾਤੀ ਹਵਾ ਜਾਨਲੇਵਾ ਬਣ ਜਾਂਦੀ ਹੈ। ਅੱਜ ਲੋੜ ਹੈ ਆਪਣੇ ਚੌਗਿਰਦੇ ਦੀ ਸੁਚੱਜੀ ਸਾਂਭ-ਸੰਭਾਲ, ਕੁਦਰਤੀ ਸੰਤੁਲਨ ਅਤੇ ਇਸ ਦੇ ਕੁਦਰਤੀ ਸੁਹੱਪਣ ਨੂੰ ਬਣਾਈ ਰੱਖਣ ਲਈ, ਹਵਾ-ਪ੍ਰਦੂਸ਼ਣ ਨੂੰ ਸੁਯੋਗ ਵਿਉਂਤਬੰਦੀ ਨਾਲ ਨੱਥ ਪਾਈਏ। ਤਦ ਹੀ ਅਸੀਂ ਆਪਣੀਆਂ ਭਵਿੱਖਮਈ ਮਨੁੱਖੀ ਪੀੜ੍ਹੀਆਂ ਨੂੰ ਖ਼ੁਸ਼ਹਾਲ ਤੇ ਸਵੱਛ ਜੀਵਨ ਜਿਊਣ ਯੋਗ ਹਾਲਾਤ ਦੇ ਸਕਾਂਗੇ। ਵਿਜੈ ਗਰਗ ਸਾਬਕਾ ਪਿ੍ੰਸੀਪਲ ਮਲੋਟ