ਨਕਲੀ ਸੋਨੇ ਦੀਆਂ ਇੱਟਾਂ ਵੇਚਣ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ

13

October

2018

ਲੁਧਿਆਣਾ, ਜਾਅਲੀ ਸੋਨੇ ਦੀਆਂ ਇੱਟਾਂ ਤਿਆਰ ਕਰ ਕੇ ਸੁਨਿਆਰਿਆਂ ਕੋਲੋਂ ਨਕਲੀ ਸੋਨੇ ਦੀ ਥਾਂ ਅਸਲੀ ਸੋਨਾ ਲਿਜਾਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਡਿਵੀਜ਼ਨ ਨੰ. 4 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਕਿਸੇ ਸੁਨਿਆਰੇ ਤੋਂ ਸੋਨੇ ਦੇ ਗਹਿਣੇ ਲੈਣ ਆਏ ਸਨ। ਪੁਲੀਸ ਨੇ ਇਸ ਮਾਮਲੇ ’ਚ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਤੇ ਤਰਨਤਾਰਨ ਵਾਸੀ ਮਨਵਿੰਦਰ ਸਿੰਘ ਖਿਲਾਫ਼ ਅੰਮ੍ਰਿਤਸਰ ’ਚ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੇ ਫ਼ਰਾਰ ਸਥੀ ਰਾਜਨ ਦੀ ਭਾਲ ਚੱਲ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਦੋਹਾਂ ਨੂੰ ਇੱਕ ਦਿਨਾਂ ਰਿਮਾਂਡ ’ਤੇ ਭੇਜ ਦਿੱਤਾ ਗਿਆ। ਥਾਣਾ ਡਿਵੀਜ਼ਨ ਨੰ. 4 ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਫੁਆਰਾ ਚੌਕ ਵਿੱਚ ਯੋਗਤਾ ਲਜਿਸਟਿਕ ਦੇ ਨਾਂ ਦੀ ਕੁਰੀਅਰ ਕੰਪਨੀ ਹੈ। ਉੱਥੇ ਅਹਿਮਦਾਬਾਦ ਤੋਂ ਕੁਰੀਅਰ ਆਇਆ ਸੀ, ਜੋ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਦੇ ਨਾਮ ਸੀ। ਕੁਰੀਅਰ ’ਤੇ ਲਿਖੇ ਨੰਬਰ ’ਤੇ ਉਨ੍ਹਾਂ ਮਾਲਕ ਨੂੰ ਫੋਨ ਕਰ ਕੇ ਆਪਣਾ ਕੁਰੀਅਰ ਲਿਜਾਣ ਲਈ ਆਖਿਆ। ਕੁਰੀਅਰ ’ਚ ਅਹਿਮਦਾਬਾਦ ਤੋਂ ਗਹਿਣੇ ਤਿਆਰ ਹੋ ਕੇ ਆਏ ਸਨ। ਕੁਰੀਅਰ ਲੈਣ ਲਈ ਦੋਵੇਂ ਮੁਲਜ਼ਮ ਪੁੱਜੇ। ਕੰਪਨੀ ਦੇ ਮਾਲਕ ਤੋਂ ਮੁਲਜ਼ਮਾਂ ਨੇ ਆਪਣਾ ਕੁਰੀਅਰ ਮੰਗਿਆ ਤਾਂ ਕੰਪਨੀ ਮਾਲਕ ਨੇ ਉਨ੍ਹਾਂ ਤੋਂ ਸੋਨੇ ਦੀਆਂ ਇੱਟਾਂ ਮੰਗੀਆਂ। ਜਦੋਂ ਮੁਲਜ਼ਮਾਂ ਨੇ 434 ਗ੍ਰਾਮ ਦੀਆਂ ਸੋਨੇ ਦੀਆਂ ਦੋ ਇੱਟਾਂ ਦਿੱਤੀਆਂ ਤਾਂ ਕੁਰੀਅਰ ਕੰਪਨੀ ਮਾਲਕ ਨੇ ਇਸ ਦੀ ਜਾਂਚ ਕਰਵਾ ਉਨ੍ਹਾਂ ਦਾ ਕੁਰੀਅਰ ਦੇਣ ਦੀ ਗੱਲ ਆਖੀ। ਜਦੋਂ ਦੇਰ ਰਾਤ ਸਰਾਫ਼ਾ ਬਾਜ਼ਾਰ ’ਚ ਕੁਰੀਅਰ ਕੰਪਨੀ ਦੇ ਮਾਲਕ ਨੇ ਸੋਨਾ ਚੈੱਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ। ਉਸ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਤੇ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੁਨਿਆਰਿਆਂ ਨਾਲ ਧੋਖਾਧੜੀ ਦਾ ਧੰਦਾ ਸੋਸ਼ਲ ਮੀਡੀਆ ਰਾਹੀਂ ਚੱਲ ਰਿਹਾ ਸੀ। ਮੁਲਜ਼ਮ ਸੋਸ਼ਲ ਮੀਡੀਆ ’ਤੇ ਵੱਖ-ਵੱਖ ਥਾਵਾਂ ਦੇ ਸੁਨਿਆਰਿਆਂ ਨਾਲ ਸੰਪਰਕ ਕਰਦੇ ਸਨ ਤੇ ਉਨ੍ਹਾਂ ਨੂੰ ਡਿਜ਼ਾਇਨ ਭੇਜ ਕੇ ਸੋਨੇ ਦੇ ਗਹਿਣੇ ਬਣਵਾ ਲੈਂਦੇ ਸਨ ਤੇ ਸੋਨੇ ਦੀਆਂ ਇੱਟਾਂ ਦੇ ਦਿੰਦੇ ਸਨ, ਜਿਊਲਰਜ਼ ਮਾਲਕ ਆਪਣਾ ਖ਼ਰਚ ਲੈ ਲੈਂਦੇ ਸਨ। ਮੁਲਜ਼ਮ ਦਿੱਲੀ ਦੇ ਕਈ ਸੁਨਿਆਰਿਆਂ ਨੂੰ ਚੂਨਾ ਲਾ ਚੁੱਕੇ ਹਨ। ਕਿਸੇ ਜਿਊਲਰ ਮਾਲਕ ਕੋਲ ਮੁਲਜ਼ਮਾਂ ਦੀ ਫੋਟੋ ਸੀ। ਜਿਸ ਨੇ ਇਹ ਫੋਟੋ ਕਈ ਸੁਨਿਆਰਿਆਂ ਨੂੰ ਭੇਜੀ ਹੋਈ ਸੀ। ਜਦੋਂ ਕੁਰੀਅਰ ਲੁਧਿਆਣਾ ਪੁੱਜਿਆ ਤਾਂ ਮੁਲਜ਼ਮ ਕੁਰੀਅਰ ਲੈਣ ਆ ਗਏ। ਕੰਪਨੀ ਦੇ ਮਾਲਕ ਨੇ ਫੋਟੋ ਵੇਖੀ ਤੇ ਮੁਲਜ਼ਮਾਂ ਨੂੰ ਕਾਬੂ ਕਰਵਾ ਦਿੱਤਾ। ਥਾਣਾ ਇੰਚਾਰਜ ਸੁਰਿੰਦਰ ਚੋਪੜਾ ਨੇ ਕਿਹਾ ਕਿ ਮੁਲਜ਼ਮਾਂ ਨੇ ਠੱਗੀ ਮਾਰ ਕੇ ਸੋਨੇ ਦੇ ਗਹਿਣੇ ਅੰਮ੍ਰਿਤਸਰ ਦੇ ਜਿਊਲਰਜ਼ ਨੂੰ ਵੇਚੇ ਸਨ। ਮੁਲਜ਼ਮ ਹੁਣ ਤੱਕ 905 ਗ੍ਰਾਮ ਸੋਨੇ ਦੀ ਠੱਗੀ ਮਾਰ ਚੁੱਕੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਤੋਂ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ’ਤੇ ਵੀ ਕਾਰਵਾਈ ਹੋਵੇਗੀ।