Arash Info Corporation

ਕੁਮਕੁਮ ਭਾਗਯ ਫੇਮ 'ਇੰਦੂ ਦਾਦੀ' ਦਾ ਦੇਹਾਂਤ

19

October

2020

ਮਸ਼ਹੂਰ ਟੀਵੀ ਸੀਰੀਅਲ ਕੁਮਕੁਮ ਭਾਗਯ 'ਚ ਇੰਦੂ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਜ਼ਰੀਨਾ ਰੋਸ਼ਨ ਖ਼ਾਨ ਦਾ ਦੇਹਾਂਤ ਹੋ ਗਿਆ ਹੈ। ਉਹ 54 ਸਾਲ ਦੀ ਸਨ। ਅਚਾਨਕ ਦੇਹਾਂਤ ਦੀ ਖ਼ਬਰ ਆਉਣ ਨਾਲ ਨਾ ਸਿਰਫ਼ ਉਨ੍ਹਾਂ ਦੇ ਚਾਹੁਣ ਵਾਲੇ ਬਲਕਿ ਸੀਰੀਅਲ 'ਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਹੈਰਾਨ ਹਨ। ਹੁਣ ਤਕ ਦੀ ਜਾਣਕਾਰੀ ਮੁਤਾਬਿਕ, ਇੰਦੂ ਦਾਦੀ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਵੱਲੋਂ ਅਧਿਕਾਰਤ ਬਿਆਨ ਆਉਣਾ ਬਾਕੀ ਹੈ। ਦੇਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਟੀਵੀ ਇੰਡਸਟਰੀ ਨਾਲ ਜੁਡ਼ੇ ਲੋਕ ਸ਼ਰਧਾਂਜਲੀ ਭੇਟ ਕਰ ਰਹੇ ਹਨ। ਟੀਵੀ ਜਗਤ ਨਾਲ ਜੁਡ਼ੀ ਸ਼ਰੂਤੀ ਝਾਅ ਨੇ ਜ਼ਰੀਨਾ ਰੋਸ਼ਨ ਖ਼ਾਨ ਦੇ ਨਾਲ ਆਪਣਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ, ਜਿਸ ਵਿਚ ਦੋਵਾਂ ਨੇ ਇਕੱਠੇ ਡਾਂਸ ਕੀਤਾ ਸੀ। ਇਸੇ ਤਰ੍ਹਾਂ ਐਕਟਰ ਸ਼ਬੀਰ ਆਹਲੂਵਾਲੀਆ ਨੇ ਵੀ ਜ਼ਰੀਨਾ ਦੇ ਨਾਲ ਆਪਣੀ ਇਕ ਫੋਟੋ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ...'ਵੋ ਚਾਂਦ ਸਾ ਰੋਸ਼ਨ ਚੇਹਰਾ...।' ਜ਼ਰੀਨਾ ਦੇ ਨਾਲ ਕੰਮ ਕਰ ਚੁੱਕੇ ਕਲਾਕਾਰ ਦੱਸਦੇ ਹਨ ਕਿ ਉਹ ਇਕ ਜ਼ਿੰਦਾਦਿਲ ਔਰਤ ਸੀ। ਉਸ ਨਾਲ ਗੱਲ ਕਰ ਕੇ ਹਮੇਸ਼ਾ ਕੁਝ ਚੰਗਾ ਕਰਨ ਦਾ ਜੋਸ਼ ਜਾਗ ਜਾਂਦਾ ਸੀ। ਉਹ ਖ਼ੁਦ ਵੀ ਕਦੀ ਨਿਰਾਸ਼ ਨਹੀਂ ਹੁੰਦੀ ਸੀ ਤੇ ਨਿਰਾਸ਼ ਹੋਣ ਵਾਲਿਆਂ ਨੂੰ ਨਵੀਂ ਪ੍ਰੇਰਣਾ ਦਿੰਦੀ ਸੀ। Kumkum Bhagya ਤੋਂ ਇਲਾਵਾ ਜ਼ਰੀਨਾ ਰੋਸ਼ਨ ਖ਼ਾਨ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਵੀ ਰੋਲ ਕੀਤਾ ਸੀ ਤੇ ਲੋਕਾਂ ਨੇ ਉਨ੍ਹਾਂ ਨੂੰ ਖ਼ੂਬ ਪਸੰਦ ਕੀਤਾ ਸੀ।