ਡਰੱਗ ਤਸਕਰੀ ਮਾਮਲੇ 'ਚ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਪੁਲਿਸ ਅਧਿਕਾਰੀ ਗ੍ਰਿਫ਼ਤਾਰ

19

October

2020

ਬਰਨਾਲਾ : ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਬਠਿੰਡਾ ਤੋਂ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਮਾਮਲੇ 'ਚ ਦੋਸ਼ੀਆਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਤਹਿਤ ਜ਼ਿਲ੍ਹਾ ਬਰਨਾਲਾ ਦੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਅਗਵਾਈ 'ਚ ਡੀਐੱਸਪੀ ਰਮਨਿੰਦਰ ਸਿੰਘ ਦਿੳਲ ਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ ।ਜ਼ਿਲ੍ਹਾ ਬਰਨਾਲਾ ਪੁਲਿਸ ਨੇ ਜਿੱਥੇ ਆਂਗਰਾ ਗੈਂਗ ਤੇ ਮਥੁਰਾ ਗੈਂਗ ਦਾ ਪਰਦਾਫਾਸ਼ ਕਰਦਿਆਂ ਦਿੱਲੀ ਤੋਂ ਨਸ਼ਾ ਤਸਕਰਾਂ ਦੀ ਸੰਚਾਲਕ ਨਿਊ ਟੈੱਕ ਕੰਪਨੀ ਦੇ ਪਿਉ- ਪੁੱਤ ਮਾਲਕਾਂ ਨੂੰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਸੀ,ਉਸੇ ਕੜੀ ਤਹਿਤ ਨਿਊ ਟੈੱਕ ਕੰਪਨੀ ਦੇ ਪਿਓ ਪੁੱਤ ਨੂੰ ਮੁੜ ਪੁਲਿਸ ਨੇ ਰਿਮਾਂਡ ਤੇ ਲੈ ਕੇ ਨਸ਼ਾ ਤਸਕਰਾਂ ਦੀਆਂ ਹੋਰ ਪਰਤਾਂ ਉਧੇੜਦਿਆਂ ਕਬੱਡੀ ਖਿਡਾਰੀ ਸਬ ਇੰਸਪੈਕਟਰ ਪੰਜਾਬ ਪੁਲਿਸ ਦੇ ਨੂੰ ਵੀ ਗ੍ਰਿਫਤਾਰ ਕੀਤਾ ਹੈ । ਕਬੱਡੀ ਖਿਡਾਰੀ ਸੁਰਜੀਤ ਸਿੰਘ ਸਪੋਰਟਸ ਕੋਟੇ ਰਾਹੀਂ ਜਿੱਥੇ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਉੱਥੇ ਹੀ ਉਹ ਪਦ ਉਨਤ ਹੋ ਕੇ ਕਈ ਮਹੀਨੇ ਬਠਿੰਡਾ ਵਿਖੇ ਐਸਟੀਅੈਫ ਵਿਭਾਗ ਵਿੱਚ ਵੀ ਤਾਇਨਾਤ ਰਿਹਾ ਹੈ । ਕਬੱਡੀ ਵਰਲਡ ਕੱਪ ਦੌਰਾਨ ਜਲੰਧਰ ਸਪੋਰਟਸ ਵਿੰਗ ਤੋਂ ਹਾਈਵੇ ਟ੍ਰੈਫਿਕ ਬਠਿੰਡਾ ਵਿੱਚ ਵੀ ਸੁਰਜੀਤ ਸਿੰਘ ਨੇ ਡਿਊਟੀ ਨਿਭਾਈ ਹੈ । ਸਪੈਸ਼ਲ ਸਟਾਫ ਬਠਿੰਡਾ ਵਿਖੇ ਕਰੀਬ ਪੰਜ ਮਹੀਨਿਆਂ ਦੇ ਕਾਰਜਕਾਲ ਦੌਰਾਨ ਜਿੱਥੇ ਉਹ ਐਸਟੀਐਫ ਵਿੱਚ ਵੀ ਤਾਇਨਾਤ ਰਿਹਾ ਉੱਥੇ ਹੀ ਹੁਣ ਜੀ ਆਰ ਐੱਫ ਵਿੱਚ ਡਿਊਟੀ 'ਤੇ ਤਾਇਨਾਤ ਸੀ । ਨਿਊ ਟੈੱਕ ਕੰਪਨੀ ਦਿੱਲੀ ਤੋਂ ਇਸ ਨੇ ਦੋ ਕਿਸ਼ਤਾਂ ਚ ਦਸ- ਦਸ ਲੱਖ ਰੁਪਏ ਲੈ ਕੇ 20 ਲੱਖ ਰੁਪਏ ਦੀ ਨਸ਼ਾ ਤਸਕਰੀ ਮਾਮਲੇ ਵਿੱਚ ਰਿਸ਼ਵਤ ਲਈ ਹੈ । ਗੈਰ ਕਾਨੂੰਨੀ ਧੰਦੇ ਤੇ ਨਸ਼ਾ ਤਸਕਰਾਂ ਦੇ ਧੰਦੇ 'ਚ ਮੱਦਦ ਕਰਨ ਵਾਲੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰਦਿਆਂ ਅਗਲੇਰੀ ਜਾਂਚ ਵਿੱਢ ਦਿੱਤੀ ਹੈ ।