Arash Info Corporation

ਫਰੀਦਕੋਟ 'ਚ ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਖ਼ੁਦ ਨੂੰ ਕੀਤਾ ਅੱਗ ਹਵਾਲੇ, ਭੱਠੇ 'ਤੇ ਮੁਨਸ਼ੀ ਹੈ ਪਰਿਵਾਰ ਦਾ ਮੁਖੀ

17

October

2020

ਫਰੀਦਕੋਟ, ਰਾਜਸਥਾਨ ਨਿਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਸ਼ਨਿੱਚਰਵਾਰ ਸਵੇਰੇ ਫਰੀਦਕੋਟ ਦੇ ਪਿੰਡ ਕਲੇਰ 'ਚ ਖ਼ੁਦ ਨੂੰ ਅੱਗ ਹਵਾਲੇ ਕਰ ਦਿੱਤਾ। ਚਾਰੇ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਚੁੱਕੇ ਸੀ ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਨਿਵਾਸੀ ਜੋ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਸੀਮਾ (36), ਧੀ ਮੋਨਿਕਾ (15) ਅਤੇ ਪੁੱਤਰ ਹਤੀਸ਼ ਕੁਮਾਰ (10) ਨਾਲ ਪਿੰਡ ਕਲੇਰ ਵਿਖੇ ਰਹਿ ਰਿਹਾ ਸੀ। ਇੱਥੇ ਉਹ ਇਕ ਇੱਟਾਂ ਦੇ ਭੱਠੇ 'ਤੇ ਬਤੌਰ ਮੁਨਸ਼ੀ ਕੰਮ ਕਰਦਾ ਸੀ। ਪੁਲਿਸ ਆਲੇ-ਦੁਆਲੇ ਤੇ ਉਸ ਨਾਲ ਕੰਮ ਕਰਨ ਵਾਲੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਪਰਿਵਾਰ ਸਣੇ ਅਜਿਹਾ ਕਦਮ ਕਿਉਂ ਚੁੱਕਿਆ। ਪੁਲਿਸ ਨੂੰ ਮੁੱਢਲੀ ਪੜਤਾਲ ਦੌਰਾਨ ਉਸ ਦੇ ਘਰੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਸੀ ਜਿਸ 'ਚ ਉਸ ਨੇ ਇਹ ਕਦਮ ਚੁੱਕਣ ਲਈ ਲਾਕਡਾਊਨ ਦੌਰਾਨ ਆਰਥਿਕ ਹਾਲਤ ਖਰਾਬ ਹੋਣ ਕਾਰਨ ਦਾ ਦੱਸਿਆ ਹੈ। ਪੁਲਿਸ ਦੁਆਰਾ ਉਸ ਆਧਾਰ 'ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।ਪਿੰਡ ਕਲੇਰ ਦੇ ਲੋਕਾਂ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿੰਦਾ ਹੈ ਤੇ ਲਾਕਡਾਊਨ ਕਾਰਨ ਕਾਰੋਬਾਰ ਦੇ ਪ੍ਰਭਾਵਿਤ ਹੋਣ ਕਾਰਨ ਪਰੇਸ਼ਾਨ ਰਹਿ ਰਿਹਾ ਸੀ। ਅੱਜ ਸਵੇਰੇ ਪਿੰਡ ਵਾਸੀਆਂ ਨੇ ਦੇਖਿਆ ਕਿ ਉਸ ਦੇ ਘਰ 'ਚੋਂ ਧੂੰਆਂ ਨਿਕਲ ਰਿਹਾ ਸੀ ਤੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਪਰਿਵਾਰ ਦੇ ਸਾਰੇ ਮੈਂਬਰ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਪਏ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਉਸ ਨਾਲ ਭੱਠੇ 'ਤੇ ਕੰਮ ਕਰਨ ਵਾਲੇ ਇਕ ਸਾਥੀ ਨੇ ਦੱਸਿਆ ਕਿ ਧਰਮਪਾਲ ਦੁਆਰਾ ਇਕ ਸੁਸਾਈਡ ਨੋਟ ਲਿਖ ਕੇ ਉਸ ਨੂੰ ਰਾਤ ਵ੍ਹਟਸਅੱਪ 'ਤੇ ਭੇਜਿਆ ਸੀ ਜੋ ਉਸ ਨੇ ਸਵੇਰੇ ਦੇਖਿਆ ਤੇ ਹੁਣ ਜਦੋਂ ਉਹ ਉਸ ਦੇ ਘਰ ਪਹੁੰਚਿਆ ਉਦੋਂ ਤਕ ਉਸ ਨੇ ਆਪਣੇ ਪਰਿਵਾਰ ਨਾਲ ਘਟਨਾ ਨੂੰ ਅੰਜ਼ਾਮ ਦੇ ਦਿੱਤਾ ਸੀ। ਇਸ ਮਾਮਲੇ 'ਚ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਧਰਮਪਾਲ ਦੁਆਰਾ ਆਪਣੇ ਪਰਿਵਾਰ 'ਤੇ ਮਿੱਟੀ ਦਾ ਤੇਲ ਪਾ ਕੇ ਖ਼ੁਦ ਨੂੰ ਵੀ ਅੱਗ ਦੇ ਹਵਾਲੇ ਕਰ ਕੇ ਆਪਣੀ ਜਾਨ ਦਿੱਤੀ ਹੈ।