ਬੇਅਦਬੀ ਕਾਂਡ: ਸਰਕਾਰ ਨੂੰ ਸਮੇਂ ਸਿਰ ਰਿਪੋਰਟ ਦੇਵਾਂਗੇ: ਪ੍ਰਬੋਧ ਕੁਮਾਰ

13

October

2018

ਫ਼ਰੀਦਕੋਟ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਪਿੰਡ ਬਰਗਾੜੀ ਵਿੱਚ ਪੰਥਕ ਧਿਰਾਂ ਵੱਲੋਂ ਪਹਿਲੀ ਜੂਨ ਤੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਾਲੀ ਥਾਂ ’ਤੇ 14 ਅਕਤੂਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਇਕੱਠ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਫ਼ਰੀਦਕੋਟ ਦਾ ਦੌਰਾ ਕੀਤਾ। ਇੱਥੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਆਈਟੀ ਦੇ ਚੇਅਰਮੈਨ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ, ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਅਤੇ ਐੱਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਮਿੱਥੇ ਸਮੇਂ ਵਿੱਚ ਨਿਰਪੱਖ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਐੱਸਆਈਟੀ ਨੇ ਸਿਟੀ ਕੋਟਕਪੂਰਾ ਅਤੇ ਬਾਜਾਖਾਨਾ ਥਾਣਿਆਂ ਦੇ ਉਨ੍ਹਾਂ ਸਾਰੇ ਥਾਣਾ ਮੁਖੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਦੀ ਤਾਇਨਾਤੀ 2015 ਤੋਂ ਲੈ ਕੇ 2018 ਤੱਕ ਇਨ੍ਹਾਂ ਥਾਣਿਆਂ ਵਿੱਚ ਹੋਈ ਹੈ। ਕਿਉਂਕਿ ਸਾਰੀਆਂ ਘਟਨਾਵਾਂ ਥਾਣਾ ਬਾਜਾਖਾਨਾ ਅਤੇ ਸਿਟੀ ਕੋਟਕਪੂਰਾ ਅਧੀਨ ਹੀ ਵਾਪਰੀਆਂ ਸਨ। ਜਾਣਕਾਰੀ ਅਨੁਸਾਰ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਨੂੰ ਆਗਾਮੀ 14 ਅਕਤੂਬਰ ਨੂੰ ਤਿੰਨ ਸਾਲ ਪੂਰੇ ਹੋ ਰਹੇ ਹਨ। ਇਸ ਦਿਨ ਬਰਗਾੜੀ ਵਿੱਚ ਪੰਥਕ ਧਿਰਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਤੋਂ ਪੰਜਾਬ ਸਰਕਾਰ ਕਾਫ਼ੀ ਚਿੰਤਤ ਹੈ। 7 ਅਕਤੂਬਰ ਦੇ ਰੋਸ ਮਾਰਚ ਵਿੱਚ ਹੋਏ ਰਿਕਾਰਡ ਤੋੜ ਇਕੱਠ ਨੇ ਸਰਕਾਰ ਦੀ ਨੀਂਦ ਉਡਾਈ ਹੋਈ ਹੈ। ਸਰਕਾਰ ਨੂੰ ਖਦਸ਼ਾ ਹੈ ਕਿ 14 ਅਕਤੂਬਰ ਨੂੰ ਬਰਗਾੜੀ ਵਿੱਚ ਫਿਰ ਵੱਡਾ ਇਕੱਠ ਹੋਵੇਗਾ, ਇਸੇ ਕਰਕੇ ਇਸ ਇਕੱਠ ਤੋਂ ਪਹਿਲਾਂ ਐੱਸਆਈਟੀ ਨੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਬਲਜੀਤ ਸਿੰਘ ਦਾਦੂਵਾਲਾ ਨੇ ਕਿਹਾ ਕਿ ਕਮਿਸ਼ਨ ਅਤੇ ਐੱਸਆਈਟੀ ਸਰਕਾਰ ਨੇ ਕਿਹਾ ਕਿ 14 ਅਕਤੂਬਰ ਨੂੰ ਬਰਗਾੜੀ ਵਿੱਚ ਵਿਸ਼ਾਲ ਇਕੱਠ ਹੋਵੇਗਾ ਅਤੇ ਇਨਸਾਫ਼ ਮਿਲਣ ਤੱਕ ਇਹ ਮੋਰਚਾ ਜਾਰੀ ਰੱਖਿਆ ਜਾਵੇਗਾ।