ਬਹੁਤ ਜਰੂਰੀ ਹੈ ਆਰਥਿਕ ਅਜ਼ਾਦੀ

23

September

2020

ਇਸ ਸੰਸਾਰ ਵਿੱਚ ਹਰ ਇੱਕ ਨੂੰ ਅਜ਼ਾਦ ਪਰਿੰਦੇ ਵਾਂਗ ਜੀਵਨ ਜਿਉਣ ਦਾ ਕੁਦਰਤੀ ਹੱਕ ਹੈ। ਪਰ ਜਿੱਥੇ ਅਗਿਆਨਤਾ ਹੈ, ਉਸ ਪਿੱਛੇ ਅਾਰਥਿਕ ਮੰਦਹਾਲੀ ਹੈ ਤੇ ਜਿੱਥੇ ਆਰਥਿਕ ਮੰਦਹਾਲੀ ਹੈ ਉੱਥੇ ਅਜ਼ਾਦੀ ਨਹੀਂ ਹੋ ਸਕਦੀ। ਦੁਨੀਆਂ ਦੀ ਅਗਿਆਨਤਾ ਦਾ ਸਬੱਬ ਗਰੀਬੀ ਹੈ। ਅਗਿਆਨਤਾ ਅਜਿਹਾ ਹਨੇਰਾ ਹੈ, ਜਿਸ ਵਿੱਚ ਕਿਸੇ ਵੀ ਪ੍ਕਾਰ ਦਾ ਵਿਕਾਸ ਹੋ ਹੀ ਨਹੀਂ ਸਕਦਾ। ਸੁਹਜਮਈ ਦਿਰਸ਼ਟੀ ਜੋ ਕਿ ਸਭ ਕਲਾਵਾਂ ਦੀ ਜਨਮਦਾਤੀ ਹੈ ਉਹ ਕਦੇ ਅਗਿਆਨਤਾ ਵਿੱਚ ਪਨਪ ਨਹੀਂ ਸਕਦੀ। ਅਗਿਆਨਤਾ ਵਿੱਚ ਹਿਰਦੇ ਕਦੇ ਖੁਸ਼ ਨਹੀਂ ਹੁੰਦੇ ਤੇ ਚਿਹਰੇ ਕਦੇ ਖਿੜਦੇ ਨਹੀਂ ਹੁੰਦੇ। ਅੱਖਾਂ ਵਿੱਚ ਤਾਂਘ ਅਤੇ ਤਾਘਾਂ ਵਿੱਚ ਸੁਪਨੇ ਅਗਿਆਨਤਾ ਵਿਚੋਂ ਕਦੇ ਵੀ ਨਹੀਂ ਜਨਮ ਸਕਦੇ। ਬੀਮਾਰੀ, ਵਿਚਾਰਗੀ , ਗੁਲਾਮੀ ਅਤੇ ਅਗਿਆਨਤਾ ਸਭ ਗਰੀਬੀ ਅਤੇ ਗੁਰਬਤ ਦੀਆਂ ਨਿਸ਼ਾਨੀਆਂ ਅਤੇ ਦੇਣ ਹਨ। ਇਸ ਲਈ ਜਦੋਂ ਤੱਕ ਗਰੀਬੀ ਰਹੇਗੀ ਉਦੋਂ ਤੱਕ ਸੰਸਾਰ ਵਿੱਚ ਦੁੱਖਾਂ ਦੇ ਬੱਦਲ ਮੰਡਰਾਉਂਦੇ ਰਹਿਣਗੇ। ਆਰਥਿਕ ਮੰਦਹਾਲੀ ਤੇ ਆਰਥਿਕ ਗੁਲਾਮੀ ਦੇ ਚੱਲਦਿਆਂ ਨਿੱਜੀ ਅਜ਼ਾਦੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਜਿੰਦਗੀਆਂ ਦੀਆਂ ਬਹੁਤਾਤ ਬਰਕਤਾਂ ਆਰਥਿਕ ਖੁਸ਼ਹਾਲੀ ਤੇ ਨਿਰਭਰ ਕਰਦੀਆਂ ਹਨ । ਇਸ ਦੁਨੀਆਂ ਵਿੱਚ ਚਾਹੇ ਜਿਹੜਾ ਮਰਜ਼ੀ ਰਾਜਨੀਤਕ ਪ੍ਰਬੰਧ ਸਥਾਪਿਤ ਕਰਦੇ ਰਹੋ ਪਰ ਜਿੰਨੀ ਦੇਰ ਲੋਕਾਂ ਦੀ ਆਰਥਿਕ ਹਾਲਤ ਨਹੀਂ ਸੁਧਰੇਗੀ ਉਨ੍ਹੀ ਦੇਰ ਮਨੁੱਖੀ ਜੀਵਨ ਅਤੇ ਦੇਸ਼ ਖੁਸ਼ਹਾਲੀ ਦੀ ਰਾਹ ਨਹੀਂ ਪੈ ਸਕੇਗਾ। ਹਰ ਹੱਥ ਨੂੰ ਕੰਮ ਕਰਨਾ ਸਿਖਾਏ ਬਿਨਾ ਜਿੰਦਗੀ ਦੀ ਉਸਾਰੀ ਨਹੀਂ ਹੋ ਸਕਦੀ। ਆਰਥਿਕ ਹਾਲਤ ਵਿੱਚ ਸੁਧਾਰ ਅਤੇ ਭਰੋਸੇ ਬਗੈਰ ਜਿੰਦਗੀ ਕਦੇ ਉੱਚੇ ਅਤੇ ਸੁੱਚੇ ਸੁਪਨੇ ਨਹੀਂ ਲੈ ਸਕਦੀ। ਆਰਥਿਕ ਮੰਦਹਾਲੀ ਵਾਲੇ ਵਿਅਕਤੀ ਨੂੰ ਜਿੱਥੇ ਜਵਾਨੀ ਵਿੱਚ ਕੋਈ ਸੁੱਖ ਨਸੀਬ ਨਹੀਂ ਹੁੰਦਾ, ਉਥੇ ਉਸਨੇ ਬੁਢਾਪੇ ਵਿੱਚ ਬੇਬਸੀ ਦੀ ਹਾਲਤ ਨਿੰਮੋਝੂਣਾ ਬਣਾਈ ਰੱਖਦੀ ਹੈ। ਆਰਥਿਕ ਮੰਦਹਾਲੀ ਕਾਰਨ ਜਵਾਨੀ ਵੀ ਫਾਕੇ ਕੱਟਦੀ ਹੈ ਤੇ ਬੁਢਾਪਾ ਵੀ ਰੁਲਦਾ ਹੈ। ਜਿੰਦਗੀ ਦਾ ਸਭ ਤੋਂ ਕਰੂਪ ਦਿ੍ਸ਼ ਕਿਸੇ ਬਜ਼ੁਰਗ ਨੂੰ ਭੀਖ ਮੰਗਦੇ ਵੇਖਣਾ ਹੁੰਦਾ ਹੈ ਕਿਸੇ ਬੇਬਸ ਮੁਟਿਆਰ ਨੂੰ ਕੁਝ ਪੈਸਿਆਂ ਖਾਤਰ ਮਜ਼ਬੂਰੀ ਵਸ ਤਨ ਵੇਚਣਾ ਪੈਂਦਾ ਹੈ । ਕਿਸੇ ਮਜ਼ਬੂਰ ਜਵਾਨ ਦਾ ਗਲਤ ਅਨਸਰਾਂ ਦੇ ਹੱਥਾਂ ਵਿੱਚ ਆ ਕੇ ਜਿੰਦਗੀ ਦੇ ਅਤਿ ਘਟੀਆ ਕੰਮ ਕਰਨੇ ਹੈ। ਜਿੰਦਗੀ ਦੇ ਦੀਵੇ ਨੂੰ ਜਗਾਈ ਰੱਖਣ ਲਈ ਤੇਲ ਪਾਉਣਾਂ ਹੀ ਪੈਂਦਾ ਹੈ। ਅਸੀਂ ਆਮ ਹੀ ਵੇਖਦੇ ਹਾਂ ਕਿ ਕਾਰੋਬਾਰਾਂ ਜਾਂ ਪੈਦਾਵਾਰਾਂ ਦੇ ਸਭ ਸਾਧਨਾਂ ਦੇ ਮਾਲਕ ਸਰਮਾਏਦਾਰ ਹਨ ਪਰ ਉਹਨਾਂ ਨੂੰ ਚਲਾਉਣ ਵਾਲੇ ਸਭ ਗਰੀਬ ਮਜ਼ਦੂਰ ਹਨ।ਇਹ ਮਜਦੂਰ, ਕਾਮੇ ਜੋ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ ਇਸੇ ਮਜਬੂਰੀ ਵੱਸ ਆਪਣੇ ਪੇਟ ਦੀ ਅੱਗ ਨੂੰ ਝੁਲਕਾ ਦੇਣ ਲਈ ਸਾਰੀ ਉਮਰ ਆਪਣਾ ਖੂਨ ਪਸੀਨਾ ਸਰਮਾਏਦਾਰਾਂ ਦੀ ਸੇਵਾ ਵਿੱਚ ਲਗਾ ਦਿੰਦੇ ਹਨ। ਮੈਂ ਬਹੁਤ ਸਾਰੇ ਲੋਕਾਂ ਨੂੰ ਆਮ ਹੀ ਇਹ ਕਹਿੰਦਿਆਂ ਸੁਣਿਆ ਹੈ ਕਿ " ਰੱਬ ਕਿ੍ਪਾ ਕਰੇ ਮੇਰੇ ਤੇ ਮੈ ਏਨਾਂ ਅਮੀਰ ਹੋ ਜਾਵਾਂ ਕਿ ਬਾਅਦ ਵਿੱਚ ਗਰੀਬ ਗੁਰਬਿਆਂ ਦੀ ਮਦਦ ਕਰ ਸਕਾਂ... ਇਹ ਗੱਲ ਮਾੜੀ ਨਹੀਂ ਪਰ ਮੈਂ ਸੋਚਦੀ ਹੁੰਦੀ ਹਾਂ ਕਿ ਅਸੀਂ ਰੱਬ ਕੋਲੋਂ ਅਾਪਣੀ ਅਮੀਰੀ ਤਾਂ ਮੰਗ ਲਈ, ਪਰ ਨਾਲ ਦੀ ਨਾਲ ਇਹ ਵੀ ਮੰਗ ਲਿਆ ਕਿ ਜੋ ਗਰੀਬ ਏ ਉਸਨੂੰ ਗਰੀਬ ਹੀ ਰਹਿਣ ਦਿੱਤਾ ਜਾਵੇ। ਇਸ ਦੀ ਬਜਾਇ ਸਾਡੀ ਇਹ ਅਰਦਾਸ ਕਿਉਂ ਨਹੀਂ ਹੁੰਦੀ ਕਿ ਇਸ ਦੁਨੀਆਂ ਵਿੱਚ ਕੋਈ ਅਜਿਹਾ ਹੋਵੇ ਨਾ ਜੋ ਆਰਥਿਕ ਪੱਖੋਂ ਕਮਜ਼ੋਰ ਹੋਵੇ ਤੇ ਇੱਕ ਵਧੀਆ ਜਿੰਦਗੀ ਜਿਊਣ ਲਈ ਉਸਨੂੰ ਕਿਸੇ ਦੇ ਹੱਥਾਂ ਵੱਲ ਦੇਖਣ ਦੀ ਜਰੂਰਤ ਹੀ ਨਾ ਹੋਵੇ।ਕੋਈ ਵੀ ਦੇਸ਼ ਜਿਸ ਵਿੱਚ ਬਹੁਤਾਤ 24 ਸਾਲਾਂ ਨੋਜਵਾਨ ਵਰਗ ਜੇਕਰ ਬੇਰੁਜ਼ਗਾਰ ਹੈ ਤਾਂ ਉਸ ਦੇਸ਼ ਦੀ ਵਧੀਆ ਅਰਥਵਿਵਸਥਾ ਦੀ ਆਸ ਰੱਖਣੀ ਨਿਰਅਰਥ ਹੈ। ਇੱਕ ਬਹੁਤ ਹੀ ਆਮ ਜਿਹੀ ਉਦਾਹਰਣ ਹੈ ਕਿ ਬਾਹਰਲੇ ਮੁਲਕ ਜਿਵੇ ਕਿ ਅਮਰੀਕਾ, ਕਨੈਡਾ ਆਦਿ ਏਨੇ ਖੁਸ਼ਹਾਲ ਕਿਉਂ ਹਨ? ਕਿਉਂਕਿ ਉਥੋਂ ਦਾ ਹਰ 18 ਸਾਲ ਦਾ ਜਵਾਨ ਆਰਥਿਕ ਪੱਖੋਂ ਅਜ਼ਾਦ ਹੁੰਦਾ ਹੈ । ਜਿੱਥੇ ਸਾਡੇ ਭਾਰਤ ਵਰਗੇ ਦੇਸ਼ ਵਿੱਚ 18 ਸਾਲ ਦੇ ਬਹੁਤਾਤ ਬੱਚੇ ਜਵਾਨੀ ਦੇ ਨਸ਼ੇ ਵਿੱਚ ਡੁੱਬੇ ਹੁੰਦੇ ਹਨ, ਉਥੇ ਬਾਹਰਲੇ ਮੁਲਕਾਂ ਦੇ ਬੱਚੇ ਆਪਣੇ ਭਵਿੱਖ ਦੇ ਟੀਚੇ ਮਿੱਥ ਰਹੇ ਹੁੰਦੇ ਹਨ। ਜਿੱਥੇ ਸਾਡੇ ਦੇਸ਼ ਦੀਆਂ ਸਰਕਾਰਾਂ ਜਨਤਾ ਨੂੰ ਲੁੱਟਣ ਦੇ ਨਵੇਂ ਨਵੇਂ ਰਾਹ ਲੱਭ ਰਹੀਆਂ ਹੁੰਦੀਆਂ ਹਨ ਉੱਥੇ ਬਾਹਰਲੇ ਮੁਲਕਾਂ ਵਿੱਚ ਸਰਕਾਰਾਂ ਨੋਜਵਾਨਾਂ ਨੂੰ ਕਾਰੋਬਾਰ ਮੁੱਹਈਆ ਕਰਵਾਉਣ ਦੇ ਸਾਧਨ ਲੱਭ ਰਹੀਆਂ ਹੁੰਦੀਆਂ ਹਨ। ਪਰ ਸਾਡੇ ਦੇਸ਼ ਦੇ ਨੇਤਾਵਾਂ ਦੀ ਸੋਚ ਇਹ ਹੁੰਦੀ ਹੈ ਕਿ ਜੇਕਰ ਸਾਡੇ ਦੇਸ਼ ਦੀ ਜਨਤਾ ਆਰਥਿਕ ਪੱਖੋਂ ਮਜ਼ਬੂਤ ਹੋ ਗਈ ਤਾਂ ਇਹ ਤਾਂ ਪੜ ਲਿਖ ਜਾਣਗੇ, ਤੇ ਜੇਕਰ ਪੜ ਲਿਖ ਗਏ ਤਾਂ ਸਾਡੀਆਂ ਗੱਲਾਂ ਵਿੱਚ ਕੌਣ ਆਉ ਤੇ ਅਸੀਂ ਕਿਸ ਨੂੰ ਲੁਟਾਂਗੇ। ਸੋ ਮੁੱਕਦੀ ਗੱਲ ਕਿ ਸਰਕਾਰਾਂ ਨੂੰ ਲੋਕਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਇੱਕ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ , ਸਭ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨਾ ਪਵੇਗਾ । ਇਹ ਯਕੀਨੀ ਬਣਾਉਣਾ ਪਵੇਗਾ ਕਿ ਦੇਸ਼ ਦੇ ਹਰ ਵਰਗ ਵਿਅਕਤੀ ਕੋਲ ਦੋ ਵੇਲੇ ਦੀ ਰੋਟੀ ਅਤੇ ਨਿੱਜੀ ਜਰੂਰਤਾਂ ਪੁੰਹਚਦੀਆਂ ਹੋਣ। ਇੱਕ ਖੁਸ਼ਹਾਲ ਜਿੰਦਗੀ ਜਿਊਣ ਲਈ ਆਰਥਿਕ ਪੱਖੋਂ ਖੁਸ਼ਹਾਲ ਹੋਣਾ ਬਹੁਤ ਜਰੂਰੀ ਹੈ। ਇੱਕ ਬੇਫਿਕਰੀ ਤੇ ਅਜ਼ਾਦ ਪਰਿੰਦੇ ਵਾਲੀ ਜ਼ਿੰਦਗੀ ਜਿਊਣ ਦੀ ਪਹਿਲੀ ਪੋੜੀ ਆਰਥਿਕ ਪੱਖੋਂ ਖੁਸ਼ਹਾਲ ਹੋਣਾ ਹੈ। ਹਰਕੀਰਤ ਕੌਰ ਸਭਰਾ ਪਿੰਡ ਸਭਰਾ ਤਹਿ ਪੱਟੀ ਜ਼ਿਲਾ ਤਰਨਤਾਰਨ 9779118066