ਰਿਸ਼ਤਿਆਂ ਦੇ ਘੇਰੇ ਘੱਟ ਰਹੇ

19

September

2020

ਸਾਡੇ ਦਾਦੇ ਪੜਦਾਦੇ ਬੜੀ ਦੂਰ ਤੱਕ ਵਰਤਦੇ ਹੁੰਦੇ ਸੀ ਪਰ ਹੁਣ ਅਸੀਂ ਆਪਣੇ ਨੇੜੇ ਦੇ ਭੈਣ ਭਰਾਵਾਂ ਦੇ ਵੀ ਅਣਸਰਦੇ ਨੂੰ ਜਾਨੇ ਆਂ। ਸੋਚਦੀ ਆਂ ਕੀ ਗੱਲ ਆ, ਹੁਣ ਤਾਂ ਸਾਡੇ ਕੋਲ ਆਉਣ ਜਾਣ ਦੇ ਸਾਧਨ ਵੀ ਵਧੀਆ ਨੇ, ਅੱਗੇ ਵਾਂਗ ਤੁਰਕੇ ਨੀ ਜਾਣਾ ਪੈਂਦਾ। ਫੇਰ ਕਿਉਂ ਅਸੀਂ ਰਿਸ਼ਤਿਆਂ ਨੂੰ ਨਿਭਾਉਂਦੇ ਨੀ। ਕਿਤੇ ਇਹ ਤਾਂ ਨੀ ਕਿ ਅੱਜ ਕੱਲ ਅਸੀਂ ਬਹਾਨੇਬਾਜੀ ਤੇ ਆਲਸ ਚ ਈ ਮਗਰੂਰ ਜਿਹੇ ਹੋਕੇ ਬੈਠੇ ਰਹਿਨੇ ਆਂ, ਸੋਚਦੇ ਆਂ ਮੈਂ ਕੀ ਲੈਣਾਂ ਕਿਸੇ ਤੋਂ। ਬਹੁਤ ਵਾਰ ਬੱਸ ਇਸੇ ਲੈਣ ਦੇਣ ਦੇ ਚੱਕਰ ਚ ਰਿਸ਼ਤੇ ਫੋਨਾਂ ਤੇ ਈ ਹਾਏ ਹੈਲੋ ਤੱਕ ਸਿਮਟ ਕੇ ਦਮ ਤੋੜ ਜਾਂਦੇ ਆ। ਅੱਗੇ ਵਿਆਹ ਨੂੰ ਰਿਸ਼ਤੇਦਾਰੀ ਚੋਂ ਕੁੜੀਆਂ ਜਾਂ ਮੁੰਡਿਆਂ ਨੇ ਵਿਆਹ ਵਾਲੇ ਘਰ ਮਹੀਨਾ ਮਹੀਨਾ ਪਹਿਲਾਂ ਆ ਜਾਣਾ, ਘਰ ਲਿੱਪਣੇ ਪੋਚਣੇ, ਕੱਪੜੇ ਲੀੜੇ ਧੋਣੇ, ਸਿਉਣੇ, ਰਜਾਈਆਂ ਨਗੰਦਣੀਆਂ ਜਾਂ ਵਿਆਹ ਦੇ ਹੋਰ ਸੌ ਕੰਮ ਕਰਨੇ। ਹੁਣ ਅੱਜ ਕੱਲ ਤਾਂ ਘਰ ਵਾਲੇ ਆਪ ਈ ਵਿਹਲੇ ਬੈਠੇ ਹੁੰਦੇ ਆ, ਕਿਸੇ ਰਿਸ਼ਤੇਦਾਰ ਨੂੰ ਸੱਦ ਕੇ ਕੀ ਕਰਨਾ ਹੁੰਦਾ। ਹਰ ਕੰਮ ਠੇਕੇ ਤੇ ਹੋ ਜਾਂਦਾ, ਸਾਰੇ ਰਿਸ਼ਤੇਦਾਰ, ਭੈਣ ਭਾਈ ਵੀ ਦੋ ਚਾਰ ਘੰਟੇ ਪੈਲੇਸ ਚ ਆਕੇ ਖਾ ਪੀਕੇ ਹਾਜਰੀ ਲਵਾ ਜਾਂਦੇ ਆ। ਕਿਸੇ ਨਾਲ ਕੋਈ ਗੱਲ ਬਾਤ ਨੀ ਹੁੰਦੀ , ਬੱਸ ਗਾਉਣ ਵਾਲਿਆਂ ਦੇ ਰਾਮ ਰੌਲੇ ਤੇ ਸ਼ੋਰ ਸ਼ਰਾਬੇ ਚ ਵਿਆਹ ਹੋ ਜਾਂਦਾ। ਸੋਚਦੀ ਆਂ ਸ਼ਾਇਦ ਹੁਣ ਸਾਡੇ ਰਿਸ਼ਤਿਆਂ ਨਾਲੋਂ ਦੋਸਤੀਆਂ ਦੇ ਘੇਰੇ ਜਿਆਦਾ ਵਿਸ਼ਾਲ ਹੋ ਗੇ। ਕੋਈ ਸਮਾਂ ਹੁੰਦਾ ਸੀ ਜਦ ਹਰ ਇੱਕ ਈ ਸੋਚਦਾ ਸੀ ਭੈਣ ਭਰਾ ਨਾਲੋਂ ਦੋਸਤ ਮਿੱਤਰ ਜਿਆਦਾ ਕੰਮ ਆਉਂਦੇ ਆ, ਨਾਲ ਖੜਦੇ ਆ, ਕੋਈ ਸ਼ਰੀਕੇਬਾਜੀ ਨੀ ਹੁੰਦੀ ਆ ਪਰ ਹੁਣ ਸ਼ਾਇਦ ਅਸੀਂ ਇਹਨਾਂ ਦੋਸਤੀਆਂ ਚ ਵੀ ਸ਼ਰੀਕੇਬਾਜੀ ਲੈ ਵੜੇ। ਵੈਸੇ ਵੀ ਦੋਸਤੀ ਵਿਚਾਰਾਂ ਦੀ ਸਾਂਝ ਨਾਲ ਹੁੰਦੀ ਆ ਤੇ ਇਹਦੇ ਚ ਜਿੰਨਾ ਗੁੜ ਪਾਉਗੇ ਉਨਾਂ ਈ ਮਿੱਠਾ ਰਿਸ਼ਤਾ ਬਣਦਾ। ਦੋਸਤੀ ਚ ਵੀ ਕਈ ਵਾਰ ਅਸੀਂ ਇੱਕਪਾਸੜ ਆਸ ਰੱਖ ਕੇ ਰਿਸ਼ਤੇ ਦਾ ਗਲਾ ਘੁੱਟ ਦਿੰਨੇ ਆਂ। ਕਈ ਵਾਰ ਸੋਚਦੀ ਆਂ ਸਾਡੇ ਬਹੁਤੇ ਰਿਸ਼ਤੇ ਤਾਂ ਬੱਸ ਦੇਣ ਲੈਣ ਦੀ ਭੇਟ ਚੜ ਜਾਂਦੇ ਆ, ਕੋਈ ਕਹਿੰਦਾ ਮੈਂ ਐਨੇ ਸੋਹਣੇ ਪਾਉਣ ਵਾਲੇ ਕੱਪੜੇ ਦਿੱਤੇ ਸੀ ਤੇ ਆਹ ਜਾਖਲਿਆ ਜਿਹਾ ਦੇ ਤਾ, ਮੈਂ ਨੀ ਹੁਣ ਜਾਣਾ ਉਹਨਾਂ ਦੇ। ਵੈਸੇ ਤਾਂ ਜੇ ਰਿਸ਼ਤਿਆਂ ਚ ਇਹ ਲੈਣ ਦੇਣ ਦਾ ਰਿਵਾਜ ਨਾ ਹੋਵੇ ਤਾਂ ਸ਼ਾਇਦ ਅੱਧੇ ਤੋਂ ਵੱਧ ਰਿਸ਼ਤੇ ਵਧੀਆ ਨਿਭ ਜਾਇਆ ਕਰਨ। ਕਿਸੇ ਸਮੇਂ ਤਾਂ ਇਹ ਦੇਣ ਲੈਣ ਦਾ ਰਿਵਾਜ ਅਗਲੇ ਦੀ ਮੱਦਦ ਕਰਨ ਲਈ ਸ਼ੁਰੂ ਹੋਇਆ ਸੀ, ਸਾਰੇ ਰਲ ਮਿਲ ਕੇ ਕੰਮ ਸਾਰ ਲੈਂਦੇ ਸੀ। ਪਰ ਹੁਣ ਜਦ ਹਰ ਇੱਕ ਈ ਇੱਕ ਦੂਜੇ ਤੇ ਝੰਡੀ ਕਰਨ ਦੀ ਤਾਕ ਚ ਰਹਿੰਦਾ, ਤਾਂ ਕੀ ਫਾਇਦਾ ਇਹੋ ਜਿਹੇ ਦੇਣ ਲੈਣ ਦਾ। ਵਧੀਆ ਬੋਲੋ ਚੱਲੋ ਉਹੀ ਸੋਨੇ ਦੀਆਂ ਤੰਦਾਂ ਨੇ, ਜੋ ਰਿਸ਼ਤਿਆਂ ਨੂੰ ਮਰਨ ਨੀ ਦਿੰਦੀਆਂ। ਵੈਸੇ ਵੀ ਬਹੁਤੇ ਦੇਣ ਲੈਣ ਵਾਲੇ ਕੱਪੜੇ ਲੀੜੇ ਤਾਂ ਐਧਰੋਂ ਓਧਰ ਈ ਤੁਰੇ ਫਿਰਦੇ ਰਹਿੰਦੇ ਆ। ਹਾਂ ਜੇ ਕਿਸੇ ਨੂੰ ਲੋੜ ਆ, ਜਰੂਰ ਮੱਦਦ ਕਰੋ ਪਰ ਅਹਿਸਾਨ ਨਾ ਕਰੋ। ਦੇ ਕੇ ਯਾਦ ਰੱਖਣਾ ਤੇ ਵਾਪਸੀ ਦੀ ਉਮੀਦ ਕਰਨੀ ਸ਼ਾਇਦ ਬਹੁਤੇ ਰਿਸ਼ਤਿਆਂ ਦੀਆਂ ਜੜਾਂ ਕੱਟ ਦਿੰਦਾ। ਕਈ ਵਾਰ ਤਾਂ ਸੋਚਦੀ ਆਂ ਕਿਉਂ ਅਸੀਂ ਮਤਲਬੀ ਤੇ ਨਿਰਮੋਹੇ ਜਿਹੇ ਬਣੀ ਜਾਨੇ ਆਂ, ਕਿਉਂ ਅਸੀਂ ਰਿਸ਼ਤਿਆਂ ਨੂੰ ਪੈਸੇ ਤੇ ਲਾਲਚ ਚ ਤੋਲ ਕੇ , ਇਕੱਲਪੁਣੇ ਤੇ ਬਿਮਾਰੀਆਂ ਨੂੰ ਗਲੇ ਲਾਈ ਜਾਨੇ ਆਂ। ਪਰ ਮੈਨੂੰ ਲੱਗਦਾ ਜਿਵੇਂ ਸਾਡੇ ਰਿਸ਼ਤੇ ਸਾਡੀ ਆਕੜ ਤੇ ਹਉਮੇਂ ਦੀ ਭੇਂਟ ਚੜਕੇ ਬੱਸ ਪਿਆਰ ਦੇ ਦੋ ਬੋਲਾਂ ਲਈ ਸਿਸਕਦੇ ਈ ਦਮ ਤੋੜ ਦਿੰਦੇ ਆ। ਵਿਜੈ ਗਰਗ ਮਲੋਟ