Arash Info Corporation

ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਹੋ ਰਹੀਆਂ ਕੁੜੀਆਂ

09

September

2020

ਅੱਜ ਦੇ ਅਧੁਨਿਕ ਵਰਗ ਅਤੇ ਵਿਗਿਆਨ ਦੀ ਸਭ ਤੋਂ ਵੱਡੀ ਦੇਣ ਇੰਟਰਨੈੱਟ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇੰਟਰਨੈੱਟ ਦੀ ਵਰਤੋਂ ਨੇ ਅਜਿਹੀ ਤੇਜ਼ ਰਫ਼ਤਾਰ ਫੜੀ ਕਿ ਇੰਟਰਨੈੱਟ ਦੀ ਵਰਤੋਂ ਇਨਸਾਨੀ ਜੀਵਨ ਦੇ ਹਰੇਕ ਹਿੱਸੇ ਵਿੱਚ ਆ ਪਹੁੰਚੀ । ਸਮੇਂ ਨਾਲ ਬਦਲਾਅ ਆਉਣਾ ਕੁਦਰਤ ਦਾ ਨਿਯਮ ਹੈ। ਪਰ ਇਸ ਕਦਰ ਬਦਲਾਅ ਆਉਣਾ ਕਿ ਮਨੁੱਖ ਕੇਵਲ ਮਸ਼ੀਨਾਂ ਯੋਗਾ ਰਹਿ ਜਾਵੇ, ਇੱਕ ਚੰਗਾ ਬਦਲਾਅ ਪ੍ਤੀਤ ਨਹੀਂ ਹੁੰਦਾ। ਇੰਟਰਨੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਗਿਆਨ ਦਾ ਬਹੁਤ ਵੱਡਾ ਅਵਿਸ਼ਕਾਰ ਹੈ। ਜਿਸ ਨੇ ਬਹੁਤ ਸਾਰੇ ਕੰਮਾਂ ਦੇ ਬੋਝ ਨੂੰ ਹਲਕਾ ਹੀ ਨਹੀਂ ਕੀਤਾ ਬਲਕਿ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਹੱਲ ਵੀ ਕੱਡੇ ਹਨ। ਇੰਟਰਨੈੱਟ ਦੀ ਸ਼ਮੂਲੀਅਤ ਕਾਰੋਬਾਰਾਂ, ਸਿੱਖਿਆ, ਸਿਹਤ, ਵਪਾਰ, ਮੰਨੋਰੰਜਨ ਅਤੇ ਸਭ ਤੋਂ ਵੱਧ ਸੰਚਾਰ ਦੇ ਖੇਤਰ ਵਿੱਚ ਵੇਖਣ ਨੂੰ ਮਿਲਦੀ ਹੈ । ਇੱਕ ਸਮਾਂ ਸੀ ਜਦ ਇੰਟਰਨੈੱਟ ਜਾਂ ਫੋਨ ਨਾ ਹੋਣ ਕਰਕੇ ਪ੍ਦੇਸ਼ੀ ਬੈਠੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀਆਂ ਚਿੱਠੀਆਂ ਦੀ ਉਡੀਕ ਰਹਿੰਦੀ ਸੀ। ਚਿੱਠੀਆਂ ਤੋ ਬਾਅਦ ਫੋਨ ਆਏ ਪਰ ਜਿਆਦਾ ਪੈਸੇ ਕੱਟੇ ਜਾਣ ਦੇ ਡਰ ਹੱਥੋਂ ਲੋਕ ਹਾਲ ਚਾਲ ਪੁਛਣ ਤੱਕ ਹੀ ਸਨ। ਪਰ ਮੌਜੂਦਾ ਸਮੇਂ ਵਿੱਚ ਸਭ ਤੋਂ ਵੱਧ ਸਸਤੇ ਸੰਚਾਰ ਦੇ ਸਾਧਨ ਹਨ। ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਸਮੇਂ ਲੰਬੇ ਸਮੇਂ ਤੱਕ ਗੱਲਬਾਤ ਕਰਨਾ ਮੁਸ਼ਕਿਲ ਨਹੀਂ ਰਿਹਾ। ਵੀਡੀਓ ਕਾਲ ਵਰਗੀ ਸੁਵਿਧਾ ਨੇ ਸੰਚਾਰ ਨੂੰ ਹੋਰ ਵੀ ਰੋਚਕ ਅਤੇ ਪ੍ਭਾਵਸ਼ਾਲੀ ਬਣਾ ਦਿੱਤਾ ਹੈ। ਗੱਲਬਾਤ ਤੋਂ ਇਲਾਵਾ ਇੰਟਰਨੈੱਟ ਰਾਹੀਂ ਲੋਕਾਂ ਦੇ ਦੋਸਤਾਂ ਦਾ ਦਾਇਰਾ ਬਹੁਤ ਵਿਸ਼ਾਲ ਹੋ ਚੁੱਕਾ ਹੈ। ਜਿਸ ਦਾ ਸਭ ਤੋਂ ਵੱਧ ਅਸਰ ਨੋਜਵਾਨ ਪੀੜੀ ਵਿੱਚ ਦੇਖਣ ਨੂੰ ਮਿਲਿਆ ਹੈ। ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਛੋਟੇ ਤੋਂ ਵੱਡੇ ਹਰ ਵਰਗ ਦੇ ਇਨਸਾਨ ਲਈ ਸਭ ਤੋਂ ਵੱਡੀ ਜਰੂਰਤ ਬਣ ਚੁੱਕਾ ਹੈ।ਸ਼ੋਸ਼ਲ ਮੀਡੀਆ ਐਪਸ ਦੀ ਵਰਤੋਂ ਨਾਲ ਇੱਕ ਇਨਸਾਨ ਲੱਖਾਂ ਲੋਕਾਂ ਨਾਲ ਰਾਬਤਾ ਕਰ ਸਕਦਾ ਹੈ। ਮੈਂ ਅਕਸਰ ਸੋਚਦੀ ਹਾਂ ਕਿ ਸ਼ੋਸ਼ਲ ਐਪਸ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਅੰਦਰ ਛੁਪੇ ਹੁਨਰ ਨੂੰ ਪ੍ਗਟਾਉਣ ਦਾ ਇੱਕ ਮੰਚ ਦਿੱਤਾ ਉੱਥੇ ਦੋਸਤੀ ਵਰਗਾ ਰਿਸ਼ਤਾ ਬੜਾ ਹੀ ਆਮ ਅਤੇ ਅਰਥਹੀਣ ਜਿਹਾ ਹੋ ਕੇ ਰਹਿ ਗਿਆ ਹੈ। ਦੋਸਤੀ ਦੇ ਨਾਮ ਉੱਪਰ ਸਭ ਤੋਂ ਵੱਧ ਗੁੰਮਰਾਹ ਨੋਜਵਾਨ ਕੁੜੀਆਂ ਹੋਈਆਂ ਹਨ। ਅੋਰਤਾਂ ਮਰਦਾ ਦੇ ਬਦਲੇ ਜਿਆਦਾ ਭਾਵੁਕ ਹੁੰਦੀਆਂ ਹਨ, ਜਿਸ ਕਾਰਨ ਖਾਸ ਕਰ ਅੱਲੜ ਉਮਰ ਜਾਂ ਹੋਛੇਪਣ ਵਿੱਚ ਬਹੁਤ ਸਾਰੀਆਂ ਲੜਕੀਆਂ ਦੋਸਤੀ ਦੇ ਨਾਮ ਤੇ ਗੁੰਮਰਾਹ ਹੋ ਜਾਂਦੀਆਂ ਹਨ। ਮੋਬਾਇਲ ਫੋਨ ਦੀ ਗਲਤ ਵਰਤੋਂ ਨਾਲ ਬਹੁਤ ਸਾਰੀਆਂ ਲੜਕੀਆਂ ਜਵਾਨੀ ਵਿੱਚ ਕਈ ਅਲਾਮਤਾਂ ਸਹੇੜ ਲੈਂਦੀਆਂ ਹਨ। ਆਪਣੇ ਰਸਤੇ ਤੋਂ ਭਟਕ ਕੇ ਗਲਤ ਰਸਤਿਆਂ ਦੀਆਂ ਰਾਹੀ ਬਣ ਜਾਂਦੀਆਂ ਹਨ। ਜਿੰਨਾ ਰਾਹਾਂ ਦੀ ਮੰਜਿਲ ਜਾਂ ਤਾਂ ਮਾਪਿਆਂ ਦੀ ਇੱਜਤ ਦੀ ਬੇਪਤੀ ਜਾਂ ਖੁਦਖੁਸ਼ੀ ਹੁੰਦੀ ਹੈ। ਬਹੁਤ ਸਾਰੀਆਂ ਪੜੀਆਂ ਲਿਖੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਹੋਰਾਂ ਲੜਕੀਆਂ ਲਈ ਮੁਸ਼ਕਿਲਾਂ ਖੜੀਆਂ ਕਰ ਰਹੀਆਂ ਹਨ।ਇਹਨਾਂ ਸਾਰੇ ਹਾਲਾਤਾਂ ਤੋ ਅਸੀਂ ਸਾਰੇ ਜਾਣੂ ਹਾਂ, ਪਰ ਸਵਾਲ ਇਹ ਉਠਦਾ ਹੈ ਕਿ ਇਸ ਹਾਲਾਤ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ? ਇਸ ਹਾਲਾਤ ਨੂੰ ਸੁਧਾਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਮਾਪਿਆਂ, ਅਧਿਆਪਕਾਂ ਅਤੇ ਨੋਜਵਾਨ ਵਰਗ ਦਾ ਹੋ ਸਕਦਾ ਹੈ। ਸਭ ਤੋਂ ਪਹਿਲਾਂ ਮਾਪਿਆਂ ਦੀ ਸਭ ਤੋਂ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸਕੂਲ, ਕਾਲਜ ਵਿੱਚ ਪੜਦੇ ਨੋਜਵਾਨ ਲੜਕੇ ਲੜਕੀਆਂ ਦੇ ਪਿੱਛੇ ਜਾ ਕਿ ਇਹ ਜਾਂਚ ਕਰਨ ਕਿ ਉਹਨਾਂ ਦੇ ਬੱਚੇ ਕਿਸ ਤਰ੍ਹਾਂ ਦੀ ਸੰਗਤ ਵਿੱਚ ਰਹਿ ਰਹੇ ਹਨ। ਮੋਬਾਈਲ ਫੋਨ ਆਦਿ ਉਪਰ ਉਹਨਾਂ ਦੀ ਕੀ ਗਤੀਵਿਧੀ ਹੈ, ਇਸ ਗੱਲ ਦਾ ਮਾਪਿਆਂ ਨੂੰ ਸਹੀ ਅਨੁਮਾਨ ਹੋਣਾ ਬਹੁਤ ਜਰੂਰੀ ਹੈ। ਪਰ ਸ਼ਰਤ ਇਹ ਹੈ ਕਿ ਇਹਨਾਂ ਜਿੰਮੇਵਾਰੀਆਂ ਨੂੰ ਹਿਟਲਰ ਬਣ ਕੇ ਨਹੀਂ ਬਲਕਿ ਬੱਚਿਆਂ ਦੇ ਸੁਭ ਚਿੰਤਕ ਜਾਂ ਦੋਸਤ ਬਨ ਕੇ ਨਿਭਾਇਆ ਜਾਵੇ। ਇੱਥੇ ਇੱਕ ਹੋਰ ਗੱਲ ਮਾਪਿਆਂ ਲਈ ਬਹੁਤ ਗਹਿਰਾਈ ਨਾਲ ਸੋਚਣ ਵਾਲੀ ਹੈ..... ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਮਾਪਿਆਂ ਦੀ ਇੱਜ਼ਤ ਲੜਕੀਆਂ ਦੇ ਹੱਥ ਹੁੰਦੀ ਹੈ! ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ... ਇਹ ਗੱਲ ਕਹਿ ਕੇ ਅਸੀਂ ਲੜਕਿਆਂ ਦੇ ਦਿਮਾਗ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਥਾਈ ਰੂਪ ਵਿੱਚ ਫਿੱਟ ਕਰ ਦਿੰਦੇ ਹਾਂ ਕਿ ਜੇਕਰ ਉਹ ਕੋਈ ਗਲਤ ਜਾਂ ਸ਼ਰਮਨਾਕ ਕੰਮ ਕਰਦਾ ਹੈ ਤਾਂ ਲੜਕੇ ਮੁਆਫ਼ੀ ਦੇ ਹੱਕਦਾਰ ਹਨ ਪਰ ਲੜਕੀਆਂ ਨਹੀਂ। ਮੈਨੂੰ ਨਹੀਂ ਲੱਗਦਾ ਕਿ ਅਜਿਹੀ ਸੋਚ ਰੱਖਣ ਵਾਲਾ ਸਮਾਜ ਇੱਕ ਚੰਗਾ ਸਮਾਜ ਅਖਵਾਉਣ ਦਾ ਹੱਕਦਾਰ ਹੈ। ਬੱਚਿਆਂ ਵਿੱਚ ਇੱਕ ਦੂਸਰੇ ਪ੍ਤੀ ਇੱਜ਼ਤ ਕਰਨ ਦੇ ਗੁਣ ਅਤੇ ਮਾਪਿਆਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਯੋਗ ਅਗਵਾਈ ਕਰਨੀ ਚਾਹੀਦੀ ਹੈ, ਇਸੇ ਤਰ੍ਹਾਂ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਦੇ ਚੰਗੇ ਚਰਿੱਤਰ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਅਧਿਆਪਕਾਂ ਨੂੰ ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਨ ਦਾ ਹਰ ਹੀਲਾ ਕਰਨਾ ਚਾਹੀਦਾ ਹੈ। ਸਾਹਿਤ ਨਾਲ ਜੁੜ ਕੇ ਨੋਜਵਾਨ ਲੜਕੇ ਲੜਕੀਆਂ ਆਪਣੇ ਰਸਤੇ ਤੋਂ ਭਟਕਣ ਤੋਂ ਬਚ ਸਕਦੇ ਹਨ। ਇੱਥੇ ਸਭ ਤੋਂ ਪਹਿਲਾਂ ਮੈ ਨੋਜਵਾਨ ਲੜਕੀਆਂ ਨੂੰ ਕਹਿਣਾ ਚਾਹਾਂਗੀ ਕਿ ਮੋਬਾਇਲ ਫੋਨ ਦੀ ਵਰਤੋਂ ਜਾਂ ਸ਼ੋਸ਼ਲ ਐਪਸ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਕੀਤੀ ਜਾਵੇ। ਆਪਣੀਆਂ ਤਸਵੀਰਾਂ ਨੂੰ ਕਿਸੇ ਨਾਲ ਵੀ ਸਾਝਾਂ ਨਾ ਕੀਤਾ ਜਾਵੇ ਅਤੇ ਨਾ ਹੀ ਕੋਈ ਅਜਿਹੇ ਰਸਤੇ ਨੂੰ ਚੁਣਿਆ ਜਾਵੇ ਜੋ ਜਲੀਲਤਾਂ ਨਾਲ ਭਰਿਆ ਹੋਵੇ। ਹਰ ਇਨਸਾਨ ਦੀ ਇੱਜਤ ਉਸਦੇ ਆਪਣੇ ਹੱਥਾਂ ਵਿੱਚ ਹੁੰਦੀ ਹੈ। ਆਪਣੇ ਦੋਸਤਾਂ ਦੀ ਚੋਣ ਬਹੁਤ ਹੀ ਸੰਜੀਦਗੀ ਅਤੇ ਸੂਝ ਬੂਝ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਅਾਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੋਈ ਵੀ ਗੁੰਮਰਾਹ ਨਾ ਕਰ ਸਕੇ। ਕਿਸੇ ਦੀਆਂ ਝੂਠੀਆਂ ਗੱਲਾਂ ਵਿੱਚ ਆਉਣ ਦੀ ਬਜਾਇ ਆਪਣੇ ਮਾਤਾ ਪਿਤਾ ਨਾਲ ਹਰ ਗੱਲ ਸਾਂਝੀ ਕੀਤੀ ਜਾਵੇ। ਨੋਜਵਾਨ ਲੜਕਿਆਂ ਨੂੰ ਚਾਹੀਦਾ ਹੈ ਕਿ ਜੇਕਰ ਉਹਨਾਂ ਨੂੰ ਫੋਨ ਚਲਾਉਣ ਦੀ ਅਜਾਦੀ ਮਿਲੀ ਹੋਈ ਹੈ ਤਾਂ ਇਸ ਅਜ਼ਾਦੀ ਨੂੰ ਮਸ਼ਰੇ ਹਾਥੀ ਵਾਂਗ ਨਾ ਵਰਤਿਆ ਜਾਵੇ ਸਗੋਂ ਕਿ ਇਸ ਦੀ ਵਰਤੋਂ ਬਹੁਤ ਹੀ ਸੰਜੀਦਗੀ ਨਾਲ ਕੀਤੀ ਜਾਵੇ, ਲੜਕੀਆਂ ਦੀ ਇੱਜਤ ਕੀਤੀ ਜਾਵੇ, ਦੋਸਤੀ ਦੇ ਨਾਮ ਉੱਤੇ ਕਿਸੇ ਦੇ ਜਜਬਾਤਾਂ ਨਾਲ ਖਿਲਵਾੜ ਨਾ ਕੀਤਾ ਜਾਵੇ। ਮੈਨੂੰ ਲੱਗਦਾ ਹੈ ਕਿ ਜਿਸ ਸਮਾਜ ਦੇ ਨੋਜਵਾਨ ਲੜਕੇ ਲੜਕੀਆਂ ਇੱਕ ਦੂਸਰੇ ਦੀ ਇੱਜਤ ਕਰਨਾ ਜਾਣਦੇ ਹੋਣਗੇ, ਉਸ ਦੇਸ਼ ਵਿੱਚ ਦੂਸਰੇ ਦੇਸ਼ਾਂ ਦੇ ਮੁਕਾਬਲੇ ਅੋਰਤਾਂ ਤੇ ਹੋਣ ਵਾਲੇ ਜੁਲਮ, ਭਿ੍ਸਟਾਚਾਰ ਆਦਿ ਬਹੁਤ ਘੱਟ ਹੋਵੇਗਾ। ਸੌ ਮੋਬਾਇਲ ਫੋਨ ਅੱਜ ਸਾਰਿਆਂ ਦੀ ਜਿੰਦਗੀ ਦਾ ਜਰੂਰੀ ਹਿੱਸਾ ਬਣ ਚੁੱਕਾ ਹੈ, ਜਰੂਰਤ ਹੈ ਇਸਨੂੰ ਜਾਇਜ਼ ਅਤੇ ਸਕਾਰਾਤਮਕ ਪਾਸੇ ਵਰਤਣ ਦੀ। ਹਰਕੀਰਤ ਕੌਰ ਸਭਰਾ 9779118966