ਕਰੋਨਾ ਦਾ ਪਰਿਵਾਰਕ ਸਮਾਗਮਾਂ ਤੇ ਪ੍ਰਭਾਵ

09

September

2020

ਇਸ ਮਹਾਂਮਾਰੀ ਕਰੋਨਾ ਨੇ ਇੱਕ ਵਾਰ ਤਾਂ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸਾਰੀ ਦੁਨੀਆਂ ਵਿੱਚ ਕਾਰੋਬਾਰ ਪੱਖੋ ਬੁਰਾਹਾਲ ਹੋ ਗਿਆ ਹੈ।ਕਰੋੜਾਂ ਲੋਕ ਨੌਕਰੀਆਂ ਤੋਂ ਹੱਥ ਧੋ ਬੈਠੇ ਹਨ।ਲੋਕਾਂ ਨੂੰ ਮੰਦਹਾਲੀ ਸਤਾ ਰਹੀ ਹੈ।ਸਾਰੇ ਪਾਸੇ ਮੌਤ ਦਾ ਖੌਫ ਹੈ। ਪਰ ਇਸ ਸਭ ਦੇ ਬਾਵਜੂਦ ਕੁਝ ਅੱਛਾ ਵੀ ਵਾਪਰਿਆ ਹੈ।ਭਾਰਤੀਆਂ ਵਿਚ ਤੇ ਖਾਸ ਕਰਕੇ ਸਾਡੇ ਪੰਜਾਬੀਆਂ ਵਿੱਚ ਵਿਆਹ ਜਾ ਮਰਨਿਆਂ ਤੇ ਬਹੁਤ ਵੱਡੇ ਵੱਡੇ ਇਕੱਠ ਕਰਕੇ ਪੈਸਾ ਰੋੜ੍ਹਨ ਤੇ ਸ਼ੋਸ਼ੇਬਾਜ਼ੀ ਦੀ ਹੋੜ ਲੱਗੀ ਹੋਈ ਸੀ।ਰੋਜ਼ਾਨਾ ਸੜਕਾਂ ਦੇ ਕਿਨਾਰੇ ਬਣੇ ਪੈਲਸਾਂ ਵਿੱਚ ਕਾਰਾਂ ਦੀ ਗਿਣਤੀ ਇਸ ਚੀਜ਼ ਨੂੰ ਬਿਆਨ ਕਰਦੀ ਰਹਿੰਦੀ ਸੀ।ਕਿੰਨਾ ਜੂਠਾ ਛੱਡਿਆ ਖਾਣਾ ਰੋਜ਼ਾਨਾ ਸੁੱਟਿਆ ਜਾ ਰਿਹਾ ਸੀ।ਇਸ ਸਾਰੇ ਤਾਮ ਝਾਮ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਸਨ।ਪਰ ਜਦ ਤੋਂ ਕਰੋਨਾ ਦਾ ਪ੍ਰਕੋਪ ਫੈਲਿਆ,ਸਾਰੀ ਦੁਨੀਆਂ ਦੀਆਂ ਜਿਵੇਂ ਸਰਗਰਮੀਆਂ ਹੀ ਬੰਦ ਹੋ ਗਈਆਂ ਹਨ।ਲੋਕਾਂ ਨੂੰ ਰੋਟੀ ਤੇ ਜਿੰਦਗੀ ਦੀਆਂ ਹੋਰ ਲੋੜਾਂ ਦਾ ਫ਼ਿਕਰ ਪੈ ਗਿਆ ਹੈ।ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਬਝ ਚੁੱਕੇ ਸਨ ,ਮੰਗਣੇ ਹੋ ਚੁੱਕੇ ਸਨ, ਉਹਨਾਂ ਨੇ ਸਭ ਤੋਂ ਪਹਿਲਾਂ ਹੌਸਲਾ ਕਰਕੇ ਆਵਦੇ ਬੱਚਿਆਂ ਦੇ ਵਿਆਹ ਕਰਨ ਲਾਕ ਡਾਊਨ ਵਿਚ ਹੀ ਨੇਪਰੇ ਚਾੜ੍ਹਨ ਦੀ ਹਿੰਮਤ ਕੀਤੀ।ਪਹਿਲਾਂ ਪਹਿਲਾਂ ਤਾਂ ਸਿਰਫ 5 ਬੰਦਿਆਂ ਨਾਲ ਹੀ ਵਿਆਹ ਕੀਤੇ ਗਏ ।ਜੋ ਕਿ ਕਿਸੇ ਵੀ ਤਰ੍ਹਾਂ ਦੇ ਖਰਚੇ ਤੋਂ ਮੁਕਤ ਹੋਏ। ਹੁਣ ਜਦ ਲਾਕ ਡਾਉਨ ਵਿੱਚ ਥੋੜੀ ਢਿੱਲ ਹੈ ਤਾਂ ਵਿਆਹ ਸਮਾਗਮ ਹੁਣ ਵੀ ਹੋ ਰਹੇ ਹਨ।ਹੁਣ ਵੀ 30 ਜਾਂ 50 ਬੰਦਿਆਂ ਵਾਲੇ ਸਾਡਾ ਵਿਆਹ ਸਮਾਗਮ ਹੋ ਰਹੇ ਹਨ। ਉਧਰ ਦੇ ਭੋਗ ਦੇ ਇਕੱਠ ਦਾ ਵੀ ਇਹ ਹੀ ਹਾਲ ਹੈ। ਗੁਰੂਦੁਆਰਾ ਸਾਹਿਬ ਵਿੱਚ ਬਹੁਤ ਥੋੜੇ ਸੰਬੰਧੀਆਂ ਨਾਲ ਹੀ ਇਹ ਕੰਮ ਵੀ ਨਿਪਟਾਇਆ ਜਾ ਰਿਹਾ ਹੈ।ਇਸ ਨਾਲ ਬਹੁਤ ਸਾਰੇ ਪੈਸੇ ਦੀ ਬੱਚਤ ਤਾਂ ਹੋ ਹੀ ਰਹੀ ਹੈ।ਲੋਕਾਂ ਨੂੰ ਬਹੁਤ ਸਾਰੇ ਫਾਇਦੇ ਵੀ ਦਿਖਾਈ ਦੇਣ ਲੱਗੇ ਹਨ।ਸਮੇਂ ਦੀ ਬੱਚਤ ਹੋਣ ਲੱਗੀ ਹੈ ।ਪ੍ਰਦੂਸ਼ਣ ਵਿਚ ਵੀ ਕਮੀ ਆਈ ਹੈ।ਲੋਕਾਂ ਨੂੰ ਸਮਝ ਲੱਗ ਗਈ ਹੈ ਇਹ ਸਾਰੇ ਕਾਰਜ ਇੰਨੇ ਘੱਟ ਖਰਚੇ ਵਿੱਚ ਵੀ ਨਿਪਟ ਸਕਦੇ ਹਨ।ਹੁਣ ਬਸ ਇਹ ਦੇਖਣਾ ਹੋਵੇਗਾ ਕਿ ਕਰੋਨਾ ਦੇ ਖਤਮ ਹੋਣ ਤੋਂ ਬਾਅਦ ਵੀ ਲੋਕ ਇਸ ਗੱਲ ਨੂੰ ਧਿਆਨ ਵਿੱਚ ਰੱਖਣਗੇ। ਇੱਕ ਬਹੁਤ ਅੱਛੀ ਪਿਰਤ ਸਾਬਿਤ ਹੋ ਸਕਦੀ ਹੈ ਜੇਕਰ ਇਹ ਅੱਗੇ ਵੀ ਜਾਰੀ ਰਹੇ। ਰਾਜਨਦੀਪ ਕੌਰ ਮਾਨ ਜਿਲ੍ਹਾ ਬਠਿੰਡਾ [email protected]