ਪੀਯੂ ਵਿੱਚ ਕਾਨੂੰਨੀ ਸਹਾਇਤਾ ਕੇਂਦਰ ਸ਼ੁਰੂ

13

October

2018

ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਸਰਕਾਰ ਵੱਲਭ ਭਾਈ ਪਟੇਲ ਲੜਕਿਆਂ ਦੇ ਹੌਸਟਲ ਨੰਬਰ ਚਾਰ ਵਿੱਚ ਇੱਕ ਲੀਗਲ ਏਡ ਕਲੀਨਿਕ ਖੋਲ੍ਹਿਆ ਗਿਆ ਹੈ। ਇਸ ਕਲੀਨਿਕ ਦਾ ਉਦਘਾਟਨ ਡੀਐੱਸਡਬਲਿਊ ਪ੍ਰੋ. ਇਮਾਨੁਅਲ ਨਾਹਰ ਨੇ ਕੀਤਾ। ਉਨ੍ਹਾਂ ਇਸ ਅਨੋਖੇ ਵਿਚਾਰ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਇਸ ਵਿੱਚ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੋ ਲੋਕ ਕਿਸੇ ਕਾਰਨ ਕਾਨੂੰਨੀ ਮਦਦ ਲੈਣ ਤੋਂ ਅਸਮਰੱਥ ਹੁੰਦੇ ਹਨ, ਉਨ੍ਹਾਂ ਲਈ ਇਹ ਕਲੀਨਿਕ ਬਹੁਤ ਮਦਦਗਾਰ ਸਾਬਤ ਹੋਵੇਗਾ ਤੇ ਲੋੜਵੰਦਾਂ ਨੂੰ ਅਦਾਲਤੀ ਕਾਰਵਾਈਆਂ ਸਬੰਧੀ ਵੀ ਜਾਣਕਾਰੀ ਹਾਸਲ ਹੋ ਸਕੇਗੀ। ਪ੍ਰੋ. ਨਾਹਰ ਨੇ ਕਿਹਾ ਕਿ ਪੀਯੂ ਦੇ ਯੂਆਈਐੱਲਐੱਸ (ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟਡੀਜ਼) ਦੀ ਲੀਗਲ ਏਡ ਸੁਸਾਇਟੀ ਨੇ ਆਪਣੇ ਕਹੇ ’ਤੇ ਖਰਾ ਉਤਰਦੇ ਹੋਏ ਕਾਨੂੰਨੀ ਮਾਹਿਰਾਂ ਅਤੇ ਲਾਅ ਪ੍ਰੋਫੈਸਰਾਂ ਦੀ ਮਦਦ ਨਾਲ ਮੋਬਾਈਲ ਲੀਗਲ ਏਡ ਕਲੀਨਿਕ ਲਾਂਚ ਕੀਤਾ ਹੈ। ਹੌਸਟਲ ਵਾਰਡਨ ਪ੍ਰੋ. ਭਾਰਤ ਨੇ ਯੂਆਈਐੱਲਐੱਸ ਦੀ ਲੀਗਲ ਏਡ ਸੁਸਾਇਟੀ ਦੀ ਇਸ ਪਹਿਲ ਨੂੰ ਆਮ ਲੋਕਾਂ ਦੀਆਂ ਕਾਨੂੰਨ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਇੱਕ ਵਧੀਆ ਜ਼ਰੀਆ ਦੱਸਿਆ। ਅੱਜ ਮੈੱਸ ਮੁਲਾਜ਼ਮਾਂ, ਹੌਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਕਈ ਕਾਨੂੰਨੀ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਮਾਜ ਵਿਚਲੇ ਹਾਸ਼ੀਆਗਤ ਵਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਹਿਤ ਹੀ ਇਸ ਸੁਸਾਇਟੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਹੱਕਾਂ ਬਾਰੇ ਸਾਰਿਆਂ ਦਾ ਜਾਗਰੂਕ ਹੋਣਾ ਸਮੇਂ ਦੀ ਮੰਗ ਹੈ। ਲੀਗਲ ਸੁਸਾਇਟੀ 2018-19 ਨੂੰ ਚਾਈਲਡ ਰਾਈਟਸ ਵਰ੍ਹੇ ਵਜੋਂ ਮਨਾ ਰਹੀ ਹੈ। ਇਸ ਕਲੀਨਿਕ ਨੂੰ ਸੁਸਾਇਟੀ ਦੇ ਮੈਂਬਰ ਆਦਰਸ਼ ਮੌਰਿਆ, ਕੁਣਾਲ ਸੋਨੀ ਤੇ ਕਿਰਨ ਕੁਮਾਰ ਚਲਾਉਣਗੇ।