Arash Info Corporation

ਦੇਸ਼ ਨਿਕਾਲਾ ਦਿੱਤੀ ਜਾ ਰਹੀ 'ਮਾਂ ਬੋਲੀ ਪੰਜਾਬੀ

26

August

2020

ਹਰ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ। ਇੱਕ ਜੋ ਜਨਮ ਦਿੰਦੀ ਹੈ, ਦੂਜੀ ਮਾਂ ਸਾਡੀ ਮਾਂ ਬੋਲੀ ਜੋ ਸਾਡੇ ਲਈ ਹਾਵ ਭਾਵ ਦੱਸਣ ਦਾ ਜ਼ਰੀਆ ਹੈ ਅਤੇ ਤੀਜੀ ਜੋ ਸਾਨੂੰ ਰਿਜ਼ਕ ਦਿੰਦੀ ਹੈ। ਉਹ ਕਿਸਾਨ ਅਤੇ ਮਜ਼ਦੂਰ ਵਾਸਤੇ ਜ਼ਮੀਨ ਹੋ ਸਕਦੀ ਹੈ, ਇੱਕ ਦੁਕਾਨਦਾਰ ਲਈ ਦੁਕਾਨ ਹੋ ਸਕਦੀ ਹੈ। ਮਾਂ ਬੋਲੀ ਸਾਡੀ ਜ਼ਿੰਦਗੀ ਦਾ ਸਭ ਤੋਂ ਅਨਿੱਖੜਵਾਂ ਅੰਗ ਹੈ। ਪਰ ਅਫਸੋਸ ਹੈ ਇਸ ਗੱਲ ਦਾ ਕਿ ਦੁਨੀਆਂ ਦੇ ਇਤਹਾਸ ਵਿੱਚ ਸਾਡੇ ਪੰਜਾਬੀਆਂ ਵਰਗੇ ਨਾਸ਼ੁਕਰੇ, ਫੁਕਰੇ, ਅਹਿਸਾਨਫਰਾਮੋਸ਼, ਲਾਈਲੱਗ ਕੋਈ ਹੋਰ ਵੀ ਹੈ ਤਾਂ ਦੱਸੋ? ਕੀ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਕਿਸੇ ਨੇ ਸਾਡੇ ਪੰਜਾਬੀਆਂ ਵਾਂਗ ਆਪਣੀ ਮਾਂ ਬੋਲੀ ਨੂੰ ਗੁੱਤੋਂ ਫੜ ਕੇ ਘੜੀਸਿਆ? ਮਹਾਰਾਸ਼ਟਰ, ਗੁਜਰਾਤ , ਕਰਨਾਟਕਾ ਸਾਰੇ ਰਾਜਾਂ ਦੇ ਲੋਕ ਆਪਣੀ ਮਾਂ ਬੋਲੀ ਵਿੱਚ ਗੱਲ ਕਰਨ ਵਿੱਚ ਮਾਨ ਮਹਿਸੂਸ ਕਰਦੇ ਹਨ। ਪਰ ਸਾਡੇ ਵਾਲਾ ਲਾਣਾ ਮਾਂ ਬੋਲੀ ਤੋਂ ਸ਼ਰਮ ਮਹਿਸੂਸ ਕਰਦਾ ਹੈ। ਹਿੰਦੀ ਦੀ ਅੈਸੀ ਪੁੱਠ ਚਾੜ੍ਹੀ ਜਾ ਰਹੀ ਹੈ ਕਿ ਮਾਂ ਬੋਲੀ ਪੰਜਾਬੀ ਦੀ ਰੂਹ ਹੀ ਖਤਮ ਹੁੰਦੀ ਜਾ ਰਹੀ ਹੈ । ਇੱਕ ਪੂਰੀ ਸਕੀਮ ਤਹਿਤ ਮਾਂ ਬੋਲੀ ਪੰਜਾਬੀ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਹਰ ਸ਼ਬਦ ਨੂੰ ਹਿੰਦੀ ਅਨੁਸਾਰ ਢਾਲਿਆ ਜਾ ਰਿਹਾ ਹੈ। ਸਤਿ ਸ੍ਰੀ ਅਕਾਲ ਤੋ ਸ਼ਸੀਕਾਲ ਹੋ ਗਿਆ, ਵਿਆਹ ਤੋ ਸ਼ਾਦੀ ਹੋ ਗਿਆ, ਪਾਣੀ ਤੋ ਪਾਨੀ ਹੋ ਗਿਆ, ਡਾਂਗ ਸੋਟੇ ਤੋ ਲਾਠੀ ਹੋ ਗਿਆ। ਹੋਰ ਹਜਾਰਾਂ ਹੀ ਸ਼ਬਦਾ ਦਾ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ। ਸਿਆਣਿਆਂ ਦਾ ਕਹਿਣਾ ਹੈ ਕਿ ਚੰਗੀ ਗੱਲ ਦੁਸ਼ਮਣ ਦੀ ਵੀ ਸਿੱਖ ਲਵੋ ਤੇ ਮਾੜੀ ਕਿਸੇ ਸੱਜਣ ਦੀ ਵੀ ਨਾ ਸਿੱਖੋ। ਪਰ ਆ ਸਾਡੇ ਵਾਲਿਆਂ ਨੇ ਤਾਂ ਨਵੀ ਕਹਾਵਤ ਚਲਾ ਦਿੱਤੀ ਕਿ ਭਾਵੇ ਹੋਵੇ ਦੁਸ਼ਮਣ ਦੀ ਭਾਵੇ ਸੱਜਣ ਦੀ ਅਸੀ ਤਾਂ ਮਾੜੀ ਹੀ ਸਿੱਖਾਂਗੇ। ਮਹਾਰਾਸ਼ਟਰ ਵਿੱਚ ਲੋਕ ਮਰਾਠੀ ਨੂੰ ਇੰਨਾ ਸਤਿਕਾਰ ਦਿੰਦੇ ਨੇ ਕਿ ਮਜਾਲ ਹੈ ਹਿੰਦੀ ਜਾਂ ਅੰਗਰੇਜ਼ੀ ਮਰਾਠੀ ਨੂੰ ਥੱਲੇ ਲਾ ਸਕੇ। ਹੁਣ ਉਸ ਤੋ ਵੀ ਅਚੰਭੇ ਵਾਲੀ ਗੱਲ ਸੁਣੋ ਕਿ ਸਾਡੇ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਜ਼ੁਰਮਾਨਾ ਦੇਣਾ ਪੈਂਦਾ । ਇਸ ਤੋ ਵੱਡੀ ਤਰਾਸਦੀ ਕੀ ਹੋਵੇਗੀ। ਓ ਭਲੇਮਾਣਸੋ , ਬੁੱਢੀਆਂ ਮਾਂਵਾਂ ਸਾਡੀਆਂ ਰੁਲਣ ਬਿਰਧ ਘਰਾਂ ਵਿੱਚ, ਆਸ਼ਰਮਾਂ ਵਿੱਚ ਤੇ ਇਹੀ ਹਾਲ ਤੁਸੀ ਪੰਜਾਬੀ ਮਾਂ ਬੋਲੀ ਨਾਲ ਕਰ ਰਹੇ ਹੋ। ਮੈਂ ਹੈਰਾਨ ਹੁੰਦੀ ਹਾਂ ਜਦੋਂ ਅੱਜ ਦੀ ਨੋਜਵਾਨ ਪੀੜੀ ਪੰਜਾਬੀ ਬੋਲਣ ਨੂੰ ਪੱਛੜੇ ਹੋਣ ਦੀ ਨਿਸ਼ਾਨੀ ਦੱਸਦੀ ਹੈ। ਇੱਥੇ ਮੈ ਸਾਰਿਆਂ ਨੂੰ ਦੱਸ ਦੇਣਾ ਚਹੁੰਦੀ ਹਾਂ ਕਿ ਪੰਜਾਬੀ ਭਾਸ਼ਾ ਦੁਨੀਆਂ ਦੀ ਸਭ ਤੋ ਸੰਪੂਰਣ ਅਤੇ ਪੁਰਾਣੀ ਭਾਸ਼ਾ ਹੈ। ਅੱਦਹਮਾਣ ਤੋਂ ਹੀ ਨਹੀਂ ਤਾਂ ਬਾਬਾ ਫ਼ਰੀਦ ਤੋ ਲੈ ਕੇ, ਕਿੰਨੀਆਂ ਬੋਲੀਆਂ ਨੇ ਏਨੀਆਂ ਸਦੀਆਂ ਪੁਰਾਣੀਆਂ? ਅੰਗਰੇਜ਼ੀ ਦੇ ਕਵੀ ਚਾਸਰ 1340-1400 ਨੂੰ ਅੰਗਰੇਜ਼ੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ ਤਾਂ ਉਹ ਬਾਬਾ ਫ਼ਰੀਦ ਜੀ 1178-1271ਦੇ ਪੜਪੋਤਿਆਂ ਦੇ ਹਾਣ ਦਾ ਬਣਦਾ ਹੈ । ਬਤੋਰ ਅਧਿਆਪਕਾਂ ਬੱਚਿਆਂ ਦੇ ਮਾਪਿਆਂ ਨੂੰ ਮਿਲਣ ਦਾ ਮੌਕਾ ਬਣਦਾ ਤਾਂ ਮਾਪਿਆਂ ਦੀ ਪਹਿਲੀ ਮੰਗ ਹੁੰਦੀ ਮੈਡਮ ਜੀ ਬੱਚੇ ਨੂੰ ਅੰਗਰੇਜ਼ੀ ਸਿਖਾ ਦੇਣਾ ਚੰਗੀ ਤਰ੍ਹਾਂ।ਕਈ ਚੰਗੇ ਭਲੇ ਸਰਦਾਰ ਜਦੋ ਆਕੇ ਹਿੰਦੀ ਵਿੱਚ ਗੱਲ ਕਰਨਗੇ ਤਾਂ ਮਨ ਬੜਾ ਬੇਚੈਨ ਹੁੰਦਾ ਕਿ ਬਈ ਭਲੇਮਾਣਸੋ ਜੇ ਨਹੀ ਨਿਭਦੀ ਹਿੰਦੀ ਨਾਲ ਤਾਂ ਆਪਣੀ ਮਾਂ ਬੋਲੀ ਨੂੰ ਜਰੂਰ ਧੱਕਾ ਦੇਣਾ। ਮੈਨੂੰ ਮੇਰੇ ਪਿਤਾ ਜੀ ਹਮੇਸ਼ਾ ਡਾ. ਹਰਸ਼ਿੰਦਰ ਕੌਰ ਜੀ ਦੀ ਉਦਾਹਰਣ ਦਿੰਦੇ ਹੁੰਦੇ ਨੇ ਕਿ ਉਹਨਾਂ ਨੇ ਯੂ. ਅੈੱਨ.ਓ ਵਿੱਚ ਹੋਈ ਇੱਕ ਬੈਠਕ ਵਿੱਚ ਡਾ. ਸਾਹਿਬ ਨੇ ਪੰਜਾਬੀ ਵਿੱਚ ਭਾਸ਼ਣ ਦਿੱਤਾ ਸੀ ਕਿੰਨੇ ਮਾਣ ਵਾਲੀ ਗੱਲ ਸੀ ਸਾਡੀ ਪੰਜਾਬੀ ਮਾਂ ਬੋਲੀ ਲਈ ਜਦੋਂ ਉਸਦੇ ਧੀ ਨੇ ਬੇਗਾਨੀਆਂ ਭਸ਼ਾਵਾਂ ਵਿੱਚ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੋਵੇਗਾ। ਬੋਲੀ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਇਹ ਮਨੁੱਖ ਦੀ ਹੋਣੀ ਤੇ ਹੋਂਦ ਨਾਲ ਜੁੜੀ ਹੁੰਦੀ ਹੈ। ਮੈਂ ਕਈ ਵਾਰ ਲੋਕਾਂ ਵਿੱਚ ਵਿਚਰਦਿਆਂ ਸੁਣਦੀ ਹਾਂ ਕਿ ਉਹ ਇਸ ਗੱਲ ਨੂੰ ਦੱਸਣ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਪੰਜਾਬੀ ਪੜਨੀ ਨਹੀ ਆਉਦੀਂ ਜਾਂ ਲਿਖਣੀ ਨਹੀ ਆਉਦੀਂ। ਪਰ ਇਸਦੇ ਉੱਲਟ ਕੁਝ ਅਜਿਹੇ ਲੋਕਾਂ ਨੂੰ ਵੀ ਮਿਲੀ ਜੋ ਪੰਜਾਬ ਦੇ ਨਾ ਹੋ ਕੇ ਵੀ ਪੰਜਾਬੀ ਸਿੱਖ ਵੀ ਰਹੇ ਨੇ ਤੇ ਆਪਣੇ ਬੱਚਿਆਂ ਨੂੰ ਸਿਖਾਂ ਵੀ ਰਹੇ ਨੇ। ਅੰਤ ਵਿੱਚ ਇਹੀ ਕਹਿਣਾ ਉੱਚਿਤ ਸਮਝਾਂਗੀ ਕਿ ਮਾਂ ਭਾਵੇਂ ਜਨਮ ਦੇਣ ਵਾਲੀ ਹੋਵੇ ਜਾਂ ਹੋਵੇ ਬੋਲੀ ਮਾਂ ਤਾਂ ਮਾਂ ਹੀ ਹੁੰਦੀ ਹੈ। ਪੰਜਾਬੀਓ ਸਾਂਭ ਲਈਏ ਮਾਵਾਂ ਨੂੰ ਏਨਾਂ ਠੰਡੀਆਂ ਛਾਵਾਂ ਨੂੰ। ਜੇ ਮਾਂ ਬੋਲੀ ਅੱਜ ਭੁੱਲ ਗਏ ਤਾਂ ਭੁੱਲ ਇਤਹਾਸ ਵੀ ਜਾਣਾ । ਅਬਾਦ ਆਪਾਂ ਵੀ ਰਹਿਣਾ ਨਹੀ ਕੱਖਾਂ ਵਾਂਗੂ ਰੁਲਦੇ ਜਾਣਾ। ਸੋ ਜਰੂਰਤ ਹੈ ਪੰਜਾਬੀ ਮਾਂ ਬੋਲੀ ਨੂੰ ਮੁੜ ਵਸਾਉਣ ਦੀ। ਉਸਨੂੰ ਰਾਣੀਆਂ ਵਾਂਗ ਰੱਖਣ ਦੀ ਤਾਂ ਜੋ ਸਾਡੇ ਬੋਲਾਂ ਦਾ ਸ਼ਿੰਗਾਰ ਬਣ ਕੇ ਮਾਂ ਬੋਲੀ ਪੰਜਾਬੀ ਦੂਸਰੇ ਭਾਸ਼ਾ ਦੇ ਸ਼ਰੀਕੇ ਵਿੱਚ ਹਿੱਕ ਤਾਣ ਕੇ ਤੇ ਸਿਰ ਚੁੱਕ ਕੇ ਚਲ ਸਕੇ। ਹਰਕੀਰਤ ਕੌਰ ਸਭਰਾ ਪਿੰਡ ਸਭਰਾ ਤਹਿ ਪੱਟੀ ਜ਼ਿਲਾ ਤਰਨਤਾਰਨ 9779118066