ਦਿੱਲੀ ਦੀ ਸਿੱਖ ਸਿਆਸਤ ਵਿੱਚ ਆਇਆ ਉਬਾਲ

12

October

2018

ਨਵੀਂ ਦਿੱਲੀ, ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਸਿੱਖ ਸਿਆਸਤ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਸਿੱਖ ਰਾਜਨੀਤੀ ਗਰਮਾ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਧੇ ਤੌਰ ’ਤੇ ਕੀਤੇ ਗਏ ਖੁਲਾਸਿਆਂ ਦੇ ਜਵਾਬ ਕਮੇਟੀ ਪ੍ਰਧਾਨ ਖੁਦ ਨਾ ਦੇ ਕੇ ਆਪਣੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੋਂ ਦਿਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰੇਮੀ ਗੁਪਤ ਦਾਨ ਕਰਨਾ ਚਾਹੁੰਦਾ ਹੈ ਤਾਂ ‘ਦਾਨ ਪਰਚੀ’ ਉੱਤੇ ਗੁਪਤ ਦਾਨ ਲਿਖ ਕੇ ਰਸੀਦ ਜਾਰੀ ਕਰ ਦਿੱਤੀ ਜਾਂਦੀ ਹੈ ਪਰ ਕਮੇਟੀ ਨੇ 50 ਲੱਖ ਰੁਪਏ ਦੀ ਕੋਈ ਪਰਚੀ ਨਹੀਂ ਕੱਟੀ। ਉਨ੍ਹਾਂ ਕਿਹਾ ਕਿ ਹਰ ਛੋਟੀ-ਛੋਟੀ ਗੱਲ ਉੱਤੇ ਸੋਸ਼ਲ ਮੀਡੀਆ ਵਿੱਚ ਫੋਟੋਆਂ ਪਾਉਣ ਵਾਲਾ ਕਮੇਟੀ ਆਗੂ ਸੰਗਤ ਨੂੰ ਫੋਟੋ ਦਿਖਾਏ ਕਿ ਕਦੋਂ ਉਸ ਨੇ ਕਿਤਾਬ ਇਲਾਕੇ ਵਿੱਚ ਵੰਡੀ ਹੈ। ਸ੍ਰੀ ਸ਼ੰਟੀ ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਐਕਟ ਦੇ ਨਿਯਮਾਂ ਅਨੁਸਾਰ ਪ੍ਰਧਾਨ ਆਪਣੇ ਰਿਸ਼ਤੇਦਾਰ ਨਾਲ ਕਿਸੇ ਵੀ ਤਰੀਕੇ ਦਾ ਵਪਾਰਕ ਲੈਣ-ਦੇਣ ਨਹੀਂ ਕਰ ਸਕਦਾ, ਇਹ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਪ੍ਰਧਾਨ ਵੱਲੋਂ ਲੱਖਾਂ ਰੁਪਏ ਦਾ ਕੱਪੜਿਆਂ ਦਾ ਕੰਮ ਉਸ ਕੰਪਨੀ ਨੂੰ ਦਿੱਤਾ ਗਿਆ ਜੋ 2015 ਵਿੱਚ ਬੰਦ ਹੋ ਚੁੱਕੀ ਸੀ। ਉੱਧਰ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸੀਨੀਅਰ ਮੀਤ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਅਹੁਦੇਦਾਰ ਬੀਤੇ ਛੇ ਵਰ੍ਹਿਆਂ ਤੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ’ਤੇ ਪਰਦਾ ਪਾਉਣ ਲਈ ਆਪਣੇ ਹੀ ਦਸਤਾਵੇਜ਼ਾਂ ਨੂੰ ਤਥਾਂ ਤੋਂ ਪਰੇ ਦੱਸ ਰਹੇ ਹਨ ਅਤੇ ਸਾਬਕਾ ਅਹੁਦੇਦਾਰਾਂ ’ਤੇ ਉਂਗਲੀ ਚੁੱਕ ਰਹੇ ਹਨ। ਉਨ੍ਹਾਂ ਕਮੇਟੀ ਆਗੂਆਂ ਨੂੰ ਸਵਾਲ ਕੀਤਾ ਕਿ ਜੇਕਰ ਪਿਛਲੀ ਕਮੇਟੀ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਸੀ ਤਾਂ ਮੌਜੂਦਾ ਕਮੇਟੀ ਛੇ ਸਾਲਾਂ ਤੋਂ ਚੁੱਪ ਕਿਉਂ ਸੀ? ਉਨ੍ਹਾਂ ਕਿਹਾ ਕਿ ਅੱਜ ਸੰਗਤ ਕਮੇਟੀ ਦੇ ਮੌਜੂਦਾ ਆਗੂਆਂ ਪਾਸੋਂ ਪ੍ਰਬੰਧਕੀ ਸਵਾਲ ਅਤੇ ਸਕੂਲਾਂ ਤੇ ਸੰਸਥਾਨਾਂ ਦੇ ਮੁਲਾਜ਼ਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਾ ਦੇਣ ਦਾ ਹਿਸਾਬ ਮੰਗ ਰਹੀ ਹੈ।