Arash Info Corporation

ਖੁੱਲ੍ਹੀਆਂ ਅੱਖਾਂ ਦਾ ਸੱਚ

24

August

2020

ਕਾਲਜ ਤੋਂ ਆਈ ਤਾਂ ਪ੍ਰਭਜੋਤ ਕੌਰ ਸਿੱਧੀ ਆਪਣੇ ਕਮਰੇ ਵਿੱਚ ਚੱਲੀ ਗਈ। ਅੱਜ ਨਾ ਹੀ ਉਸਨੇ ਮਾਂ ਨੂੰ ਫਤਹਿ ਬੁਲਾਈ ਤੇ ਨਾ ਹੀ ਮਾਂ ਨੇ। ਅੱਗੇ ਜਦ ਵੀ ਉਹ ਕਾਲਜ ਤੋਂ ਆਉਂਦੀ ਤਾਂ ਮਾਂ ਨੂੰ ਫਤਹਿ ਜਰੂਰ ਬੁਲਾਉਂਦੀ। ਮਾਂ ਵੀ ਉਸਨੂੰ ਆਉਂਦਿਆਂ ਹੀ ਪਾਣੀ ਫੜਾ,ਰੋਟੀ ਖਾਣ ਲਈ ਦਿੰਦੀ ਪਰ ਅੱਜ ਮਾਂ ਵੀ ਖਾਮੋਸ਼ ਸੀ। ਕਮਰੇ ਵਿੱਚ ਜਾ ਪ੍ਰਭਜੋਤ ਅਲਮਾਰੀ ਵਿੱਚੋਂ ਕੱਢ ਇੱਕ ਫੋਟੋ ਦੇਖਣ ਲੱਗੀ ਤਾਂ ਫੋਟੋ ਦੇਖਦਿਆਂ ਉਹ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗੀ ਜਦ ਨੇੜਲੇ ਪਿੰਡ ਗੁਰਦੁਆਰੇ ਵਿੱਚ ਮੱਥਾ ਟੇਕਣ ਗਈ ਨੂੰ ਮਨਿੰਦਰ ਸਿੰਘ ਮਿਲਿਆ ਸੀ। ਗੁਰੂ ਬਾਣੇ ਵਿੱਚ ਉੱਚਾ ਲੰਮਾ ਸੋਹਣਾ ਸੁਨੱਖਾ ਮਨਿੰਦਰ ਸਿੰਘ ਉਸਨੂੰ ਪਹਿਲੀ ਨਜ਼ਰੇ ਹੀ ਪ੍ਰਸੰਦ ਆ ਗਿਆ ਸੀ। ਮਨਿੰਦਰ ਜਿਸ ਤਰ੍ਹਾਂ ਦਾ ਬਾਹਰੋਂ ਦਿਖਾਈ ਦਿੰਦਾ ਸੀ ਉਸ ਤਰ੍ਹਾਂ ਦਾ ਹੀ ਅੰਦਰੋਂ ਸੀ,ਪ੍ਰਭਜੋਤ ਨੂੰ ਉਹ ਗੁਰੂ ਦਾ ਸੱਚਾ ਸਿੱਖ ਪਹਿਰੇਦਾਰ ਲੱਗਦਾ। ਹੌਲੀ-ਹੌਲੀ ਦੋਨਾਂ ਵਿੱਚ ਗੱਲ ਬਾਤ ਹੋਣ ਲੱਗੀ ਤਾਂ ਪ੍ਰਭ ਨੇ ਆਪਣੇ ਦਿਲ ਦੀ ਗੱਲ ਮਨਿੰਦਰ ਨੂੰ ਦੱਸ ਦਿੱਤੀ ,ਇਹ ਸੁਣ ਮਨਿੰਦਰ ਵੀ ਬੇਹੱਦ ਖੁਸ਼ ਸੀ। ਕੁੱਝ ਮਹੀਨਿਆਂ ਵਿੱਚ ਹੀ ਦੋਵੇਂ ਇੱਕ ਦੂਜੇ ਦੇ ਸਾਹ ਵਿੱਚ ਸਾਹ ਲੈਣ ਲੱਗੇ। ਉਹ ਕਈ ਵਾਰ ਮਿਲੇ ਪਰ ਕਦੇ ਵੀ ਮਨਿੰਦਰ ਨੇ ਪ੍ਰਭ ਦੇ ਹੱਥ ਤੋਂ ਬਿਨਾਂ ਉਸਨੂੰ ਛੂਹਿਆਂ ਨਹੀਂ ਸੀ। ਮਨਿੰਦਰ ਕਦੇ ਕਦੇ ਉਸਦੇ ਕਾਲਜ ਰੋਡੇ ਵੀ ਆ ਜਾਂਦਾ,ਜਿੱਥੇ ਪ੍ਰਭ ਬੀ.ਏ ਕਰ ਰਹੀ ਸੀ। ਦੋਨੋਂ ਕਾਲਜ ਦੇ ਬਾਹਰ ਲੱਗੇ ਫੱਟਿਆਂ ਉਪਰ ਬੈਠ ਕੇ ਕਈ-ਕਈ ਘੰਟੇ ਗੱਲਾਂ ਕਰਦੇ। ਪ੍ਰਭ ਹੁਣ ਉਸਨੂੰ ਵਿਆਹ ਕਰਵਾਉਣ ਲਈ ਜੋਰ ਪਾ ਰਹੀ ਸੀ ਪਰ ਮਨਿੰਦਰ ਹਰ ਵਾਰ ਉਸਨੂੰ.... । ਏਨੇ ਨੂੰ ਬਾਹਰੋਂ ਮਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਯਾਦਾਂ ਦੇ ਸਮੁੰਦਰ ਵਿਚੋਂ ਬਾਹਰ ਨਿਕਲ ਫੋਟੋ ਅਲਮਾਰੀ ਵਿੱਚ ਰੱਖ ਮਾਂ ਕੋਲ ਚੱਲੀ ਗਈ।ਪ੍ਰਭਜੋਤ ਪੁੱਤ ਰੋਟੀ ਖਾ ਕੇ ਮੇਰੇ ਨਾਲ ਥੋੜਾ ਕੰਮ ਕਰਵਾ ਦੇ, ਮਾਂ ਨੇ ਕਿਹਾ। ਮਾਂ ਮੈਨੂੰ ਭੁੱਖ ਨਹੀਂ ਹੈ ਆਖ ਪ੍ਰਭ ਮਾਂ ਤੋਂ ਕੱਪੜੇ ਫੜ੍ਹ ਤਾਰ 'ਤੇ ਪਾਉਣ ਲੱਗ ਗਈ । ਕੱਪੜਿਆਂ ਦਾ ਕੰਮ ਹੁੰਦੇ ਹੀ ਮਾਂ ਨੇ ਕਿਹਾ, " ਪੁੱਤ ਤੂੰ ਸਵੇਰੇ ਵੀ ਰੋਟੀ ਨਹੀਂ ਖਾਂਦੀ ਸੀ, ਇੰਝ ਕਰ ਚਾਹ ਬਣਾ ਲੈ ਫੇਰ ਆਪਾ ਦੋਨੋਂ ਰੋਟੀ ਖਾਂਦੇ ਹਾਂ। " ਮਾਂ ਦੀ ਗੱਲ ਸੁਣ ਪ੍ਰਭ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੀ ਤਾਂ ਯਾਦ ਆਇਆ ਕਿ ਮਨਿੰਦਰ ਦੇ ਪਿਆਰ ਬਾਰੇ ਉਸਨੇ ਆਪਣੇ ਪ੍ਰੋਫੈਸਰ ਨਾਲ ਵੀ ਗੱਲ ਕੀਤੀ ਸੀ। ਪ੍ਰੋਫੈਸਰ ਨੇ ਵੀ ਉਸਨੂੰ ਘਰਦਿਆਂ ਨਾਲ ਗੱਲ ਕਰਨ ਬਾਰੇ ਕਿਹਾ ਸੀ ਪਰ ਪ੍ਰਭ ਨੇ ਹੀ ਸਰ ਨੂੰ ਘਰੇ ਆਉਣ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਉਸਨੂੰ ਪਤਾ ਸੀ ਜਾਤ ਦੇ ਹੰਕਾਰੀ ਤੇ ਕੱਟੜ ਵਿਅਕਤੀ ਨੂੰ ਸਮਝਾਉਣਾ ਮਿੱਟੀ ਦੇ ਮੋਰ ਨੂੰ ਪਾਣੀ ਪਿਆਉਣ ਬਰਾਬਰ ਹੈ। ਇਸੇ ਲਈ ਉਹ ਨਹੀਂ ਚਾਹੁੰਦੀ ਸੀ ਕਿ ਸਰ ਘਰ ਆਉਣ ਤੇ ਉਹਦੇ ਪਾਪਾ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਬਦਸਲੂਕੀ ਕਰਨ। ਚਾਹ ਉਬਲ ਕੇ ਗੈਸ ਵਿੱਚ ਪਈ ਤਾਂ ਉਸਨੇ ਝੱਟ ਗੈਸ ਬੰਦ ਕਰ ਦਿੱਤਾ ।ਮਾਂ ਨੂੰ ਚਾਹ ਤੇ ਰੋਟੀ ਦੇ ਉਹ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ । ਕਾਲਜ ਪਿੰਡ ਤੋਂ ਨੇੜੇ ਹੋਣ ਕਰਕੇ ਉਸਨੂੰ ਕਦੇ ਵੀ ਏਨੀ ਥਕਾਵਟ ਨਹੀਂ ਹੋਈ ਸੀ ਜਿੰਨੀ ਅੱਜ ਉਹ ਮਹਿਸੂਸ ਕਰ ਰਹੀ ਸੀ। ਏਸੇ ਲਈ ਪਤਾ ਹੀ ਨਾ ਲੱਗਿਆ ਕਦ ਉਸਨੂੰ ਨੀਂਦ ਆ ਗਈ।ਨੀਂਦ ਵਿੱਚ ਵੀ ਪ੍ਰਭ ਮਨਿੰਦਰ ਦੇ ਸੁਪਨੇ ਹੀ ਲੈ ਰਹੀ ਸੀ। ਉਸ ਨੇ ਤਾਂ ਮਨਿੰਦਰ ਨੂੰ ਕਈ ਵਾਰ ਭੱਜ ਕੇ ਕੋਟ ਮੈਰਿਜ਼ ਕਰਵਾਉਣ ਲਈ ਕਿਹਾ ਸੀ ਪਰ ਮਨਿੰਦਰ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉਣ ਦੇ ਹੱਕ ਵਿੱਚ ਸੀ।ਉਹ ਪ੍ਰਭ ਨੂੰ ਸਮਝਾਉਂਦੇ ਹੋਏ ਕਹਿੰਦਾ, "ਦੇਖ ਆਪਣੇ ਦੋਨਾਂ ਦੇ ਪਰਿਵਾਰ ਅੰਮ੍ਰਿਤਧਾਰੀ ਹਨ, ਮੈਨੂੰ ਉਮੀਦ ਹੈ ਤੇਰੇ ਪਾਪਾ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੋਣਗੇ ,ਸਾਨੂੰ ਗੁਰਬਾਣੀ ਸਭ ਤੋਂ ਪਹਿਲਾਂ ਊਚ ਨੀਚ, ਜਾਤ ਪਾਤ ਖਤਮ ਕਰਨ ਦੀ ਹੀ ਸਿਖਿਆ ਦਿੰਦੀ ਹੈ। ਏਸੇ ਲਈ ਆਪਾ ਭੱਜ ਕੇ ਤੇਰੇ ਪਰਿਵਾਰ ਦੀ ਇਜ਼ਤ ਨਹੀਂ ਰੋਲਣੀ ।" ਪ੍ਰਭ ਨੂੰ ਯਾਦ ਆਇਆ ਜਦ ਉਸਨੇ ਪਹਿਲੀ ਵਾਰ ਆਪਣੇ ਪਿਤਾ ਕੇਵਲ ਸਿੰਘ ਨੂੰ ਮਨਿੰਦਰ ਬਾਰੇ ਦੱਸਿਆ ਸੀ ਤਾਂ ਸਭ ਤੋਂ ਪਹਿਲਾ ਪਿਤਾ ਨੇ ਮਨਿੰਦਰ ਦੀ ਜਾਤ ਪੁੱਛੀ,ਜਦ ਪ੍ਰਭ ਨੇ ਦੱਸਿਆ ਕਿ ਮਨਿੰਦਰ ਮਜ਼੍ਹਬੀ ਸਿੱਖਾਂ ਦਾ ਮੁੰਡਾ ਹੈ ਤਾਂ ਪਿਤਾ ਨੇ ਸਾਫ ਸਾਫ ਇਨਕਾਰ ਕਰਦਿਆ ਕਿਹਾ ਸੀ, "ਉਹ ਜੱਟ ਹੋ ਕੇ ਤੈਨੂੰ ਗਰੀਬਾਂ ਦੇ ਨਹੀਂ ਵਿਆਹ ਸਕਦਾ ਉਹ ਵੀ ਮਜ਼੍ਹਬੀਆਂ ਦੇ।" ਪ੍ਰਭਜੋਤ ਨੇ ਗੁਰੂਆਂ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਈ ਵਾਰ ਪਿਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਨਾ ਹੋਇਆ। ਪ੍ਰਭ ਇਹ ਗੱਲ ਮਨਿੰਦਰ ਨੂੰ ਨਹੀਂ ਦੱਸਣਾ ਚਾਹੁੰਦੀ ਸੀ ਏਸੇ ਕਰਕੇ ਉਹ ਮਨਿੰਦਰ ਦੀ ਜਿੱਦ ਅੱਗੇ ਵੀ ਹਾਰ ਜਾਂਦੀ। ਪਰ ਘਰ ਵਿੱਚ ਹੁਣ ਹਰ ਰੋਜ਼ ਹੁੰਦੇ ਦੰਗਲ ਕਾਰਨ ਕੇਵਲ ਸਿੰਘ ਨੇ ਆਪਣੇ ਮੁੰਡੇ ਮਨਦੀਪ ਨੂੰ ਪ੍ਰਭਜੋਤ 'ਤੇ ਨਜ਼ਰ ਰੱਖਣ ਲਈ ਕਿਹਾ ਹੋਇਆ ਸੀ।ਪਿਤਾ ਦੇ ਹੁਕਮ ਨੂੰ ਮੰਨਦੇ ਹੋਏ ਮਨਦੀਪ ਕਾਲਜ ਜਾ ਕੇ ਦੇਖਦਾ ਕਿਤੇ ਮਨਿੰਦਰ ਪ੍ਰਭ ਨੂੰ ਮਿਲਣ ਤਾਂ ਨਹੀਂ ਆਉਂਦਾ। ਜਦ ਉਸਨੇ ਦੋ ਤਿੰਨ ਵਾਰ ਦੋਨਾਂ ਨੂੰ ਇਕੱਠਿਆਂ ਦੇਖਿਆ ਤਾਂ ਆਪਣੇ ਪਿਤਾ ਨੂੰ ਦੱਸ ਦਿੱਤਾ।ਇਹ ਜਾਣ ਕੇ ਕੇਵਲ ਸਿੰਘ ਨੂੰ ਡਰ ਪੈ ਗਿਆ ਕਿ ਜੇ ਕੁੜੀ ਘਰ ਤੋਂ ਭੱਜ ਗਈ ਤਾਂ ਉਸ ਦੇ ਖਾਨਦਾਨ ਦੀ ਇਜ਼ਤ ਮਿੱਟੀ ਵਿੱਚ ਰੁਲ ਜਾਵੇਗੀ, ਇਲਾਕੇ ਵਿੱਚ ਬਣਿਆ ਉਸਦਾ ਨਾਂ ਖਤਮ ਹੋ ਜਾਵੇਗਾ। ਸ਼ਾਮ ਨੂੰ ਘਰ ਆਉਂਦਿਆ ਹੀ ਮਨਦੀਪ ਮਾਂ ਨੂੰ ਕੋਠੀ ਦੇ ਉਪਰਲੇ ਕਮਰੇ ਵਿੱਚ ਲੈ ਗਿਆ ਜਿੱਥੇ ਉਸਨੇ ਟੀਵੀ 'ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਲਾ ਆਵਾਜ਼ ਉੱਚੀ ਕਰ ਦਿੱਤੀ। ਮਾਂ ਨੂੰ ਕਮਰੇ ਵਿੱਚ ਛੱਡ ਉਹ ਆਪ ਵੱਡੇ ਦਰਵਾਜ਼ੇ ਕੋਲ ਕੁਰਸੀ 'ਤੇ ਬੈਠ ਗਿਆ। ਉਧਰ ਪ੍ਰਭਜੋਤ ਦੀ ਜਦੋਂ ਅੱਖ ਖੁੱਲ੍ਹੀ ਤਾਂ ਉਸਨੂੰ ਇੰਝ ਲੱਗਿਆ ਜਿਵੇਂ ਕਿਸੇ ਨੇ ਉਸ ਉਪਰ ਪਹਾੜ ਸਿੱਟ ਦਿੱਤਾ ਹੋਵੇ।ਹੱਥ ਪੈਰ ਮਾਰਦਿਆਂ ਜਦ ਮੂੰਹ 'ਤੇ ਰੱਖਿਆ ਸਰਾਣਾ ਅੱਖਾਂ ਤੋਂ ਥੋੜ੍ਹਾ ਪਾਸੇ ਹੋਇਆ ਤਾਂ ਉਸ ਦੇ ਸਾਹਮਣੇ ਸੋਹਣੀ ਪੱਗ ਬੰਨੀ, ਲੰਮੇ ਦਾੜ੍ਹੇ ਤੇ ਚਿੱਟੇ ਕੁੜਤੇ ਵਿੱਚ ਕੋਈ ਦੈਂਤ ਖੜ੍ਹਾ ਸੀ ਜਿਸ ਨੇ ਕਦੇ ਉਸਨੂੰ ਨਾਲ ਲਿਜਾ ਅੰਮ੍ਰਿਤ ਛਕਾਇਆ ਸੀ ਤੇ ਗੁਰੂਆਂ ਦੇ ਦੱਸੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਸੀ ।ਇਹ ਦੈਂਤ ਕੋਈ ਹੋਰ ਨਹੀਂ ਸੀ ਸਗੋਂ ਉਸਦਾ ਪਿਤਾ ਸੀ ਜਿਸ ਨੂੰ ਇਲਾਕੇ ਵਿੱਚ ਸਭ ਜਥੇਦਾਰ,ਖਾਲਸਾ ਜੀ ਆਖ ਬੁਲਾਉਂਦੇ ਸਨ।ਪਰ ਪ੍ਰਭਜੋਤ ਨੂੰ ਤਾਂ ਬਹੁਤ ਸਮਾਂ ਪਹਿਲਾ ਹੀ ਪਤਾ ਲੱਗ ਗਿਆ ਸੀ ਕਿ ਉਸਦੇ ਪਿਤਾ ਨੇ ਗੁਰੂ ਵਾਲਾ ਬਾਣਾ ਸਿਰਫ ਲੋਕ ਦਿਖਾਵੇ ਲਈ ਪਾਇਆ ਹੈ।ਉਹ ਅੱਜ ਤੱਕ ਗੁਰੂ ਦੇ ਦਿਖਾਏ ਰਸਤੇ 'ਤੇ ਚੱਲ ਹੀ ਨਹੀਂ ਸਕਿਆ । ਜਿਨ੍ਹਾਂ ਮੌਤ ਪ੍ਰਭ ਦੇ ਨੇੜੇ ਆ ਰਹੀ ਸੀ ਉਨ੍ਹਾਂ ਹੀ ਉਹ ਮਨਿੰਦਰ ਦੇ ਖਿਆਲਾਂ ਵਿੱਚ ਗੁਆਚ ਦੀ ਜਾ ਰਹੀ ਸੀ। ਉਸਨੂੰ ਲੱਗਿਆ ਜੇ ਮਨਿੰਦਰ ਉਸਦੀ ਗੱਲ ਮੰਨ ਲੈਂਦਾ ਤਾਂ ਅੱਜ ਉਹ ਦੋਨੋਂ ਕਿਤੇ ਨਾ ਕਿਤੇ ਆਪਣੀ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹੁੰਦੇ ਪਰ ਮਨਿੰਦਰ ਤਾਂ .....।ਉਸਨੂੰ ਨਹੀਂ ਪਤਾ ਸੀ ਕਿ ਜੋ ਸੱਚ ਉਹ ਖੁੱਲ੍ਹੀ ਅੱਖ ਨਾਲ ਦੇਖ ਰਿਹਾ ਹੈ ਉਹ ਸੱਚ ਨਹੀਂ ਹੈ।ਧਰਮ ਦੇ ਪਰਦੇ ਪਿੱਛੇ ਮਨੁੱਖ ਦੀ ਸੋਚ ਦਾ ਪਤਾ ਨਹੀਂ ਲੱਗਦਾ। ਥੋੜੇ ਸਮੇਂ ਬਾਅਦ ਜਦ ਪ੍ਰਭ ਨੇ ਤੜਫਣਾ ਬੰਦ ਕਰ ਦਿੱਤਾ ਤਾਂ ਪਿਤਾ ਨੇ ਮੂੰਹ ਤੋਂ ਸਰਾਣਾ ਚੁੱਕ ਦੇਖਿਆ।ਪ੍ਰਭ ਨੇ ਇੱਕ ਲੰਬਾ ਸਾਹ ਛੱਡਿਆ ਤੇ ਉਸ ਮੂੰਹੋਂ ਆਖਰੀ ਵਾਰ ਨਿਕਲਿਆ ਪਾਪਾ ਸ਼ਬਦ ਪੂਰੇ ਕਮਰੇ ਵਿੱਚ ਗੂੰਜ ਗਿਆ। ਜਸਵੰਤ ਗਿੱਲ ਸਮਾਲਸਰ 97804-51878