ਸਮੁੱਚੀ ਮਾਨਵਤਾ ਨੂੰ ਸਮਰਪਿਤ ਸਨ: ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ

04

August

2020

ਨਿਰੰਕਾਰੀ ਮਿਸ਼ਨ ਦੇ ਚੌਥੇ ਮੁੱਖੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 13 ਮਈ , 2016 ਨੂੰ ਬ੍ਰਹਮਲੀਨ ਹੋਣ ਤੋਂ ਬਾਅਦ ਨਿਰੰਕਾਰੀ ਮਿਸ਼ਨ ਦੇ ਪੰਜਵੇਂ ਸਤਿਗੁਰੂ ਰੂਪ ਵਿੱਚ ਪ੍ਰਗਟ ਹੋਏ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਮਾਨਵਤਾ ਦੇ ਮਿਸ਼ਨ ਦੀ ਸਥਾਪਨਾ ਲਈ ਪੁਰਜ਼ੋਰ ਯਤਨਸ਼ੀਲ ਰਹੇ । ਮਾਤਾ ਸਵਿੰਦਰ ਹਰਦੇਵ ਜੀ ਸਮਾਜਿਕ ਕਾਰਜ ਅਤੇ ਮਾਨਵ ਕਲਿਆਣ ਦੇ ਹਿੱਤ ਲਈ ਲਗਾਤਾਰ ਭਗਤਾਂ ਦੇ ਨਾਲ ਪ੍ਰੇਮ-ਭਾਵ , ਆਦਰ-ਮਾਣ ਅਤੇ ਸੰਸਾਰਿਕ ਭਾਈਚਾਰੇ ਲਈ ਲਗਾਤਾਰ ਕਾਰਜਸ਼ੀਲ ਸਨ ਅਤੇ ਸਭ ਨੂੰ ਜਾਤ-ਪਾਤ, ਊੱਚ-ਨੀਚ, ਵਰਣ, ਮਜ੍ਹਬ, ਆਸ਼ਰਮ ਦੇ ਭੇਦਭਾਵ ਤੋਂ ਮੁਕਤ ਕਰ ਰਹੇ ਸਨ। ਮਾਤਾ ਸਵਿੰਦਰ ਹਰਦੇਵ ਜੀ ਦਾ ਜਨਮ 12 ਜਨਵਰੀ 1957 ਨੂੰ ਪਿਤਾ ਮਨਮੋਹਨ ਸਿੰਘ ਜੀ ਅਤੇ ਮਾਤਾ ਅੰਮ੍ਰਿਤ ਕੌਰ ਜੀ ਦੇ ਘਰ ਵਿੱਚ ਹੋਇਆ ਸੀ । ਇਹਨਾਂ ਦਾ ਪਾਲਣ-ਪੋਸ਼ਣ ਸ਼੍ਰੀ ਗੁਰਮੁਖ ਸਿੰਘ ਆਨੰਦ ਜੀ ਅਤੇ ਮਾਤਾ ਮਦਨ ਕੌਰ ਜੀ ਨੇ ਇਹਨਾਂ ਨੂੰ ਗੋਦ ਲੈ ਕੇ ਫਰੁੱਖਾਬਾਦ (ਉੱਤਰ ਪ੍ਰਦੇਸ਼) ਵਿੱਚ ਰਹਿ ਕੇ ਕੀਤਾ ਪਰ ਜਿੰਨ੍ਹਾਂ ਨੇ ਇਨ੍ਹਾਂ ਨੂੰ ਗੋਦ ਲਿਆ ਸੀ ਉਸ ਵੇਲੇ ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ ਹੋਣਾ ਕਿ ਉਹ ਕਿਸ ਮਹਾਨ ਹਸਤੀ ਨੂੰ ਆਪਣੇ ਘਰ ਲੈਕੇ ਜਾ ਰਹੇ ਸਨ । ਇਹ ਗੋਦ ਲੈਣ ਵਾਲਾ ਕੰਮ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਦੇ ਸ਼ੁਭ ਅਸ਼ੀਰਵਾਦ ਨਾਲ ਹੋਇਆ ਸੀ । ਇਹਨਾਂ ਦਾ ਬਚਪਨ ਬਹੁਤ ਹੀ ਸਾਦਾ ਅਤੇ ਸੱਚਾ ਸੀ । ਮਾਤਾ ਸਵਿੰਦਰ ਹਰਦੇਵ ਜੀ ਦੀ ਮੁੱਢਲੀ ਸਿੱਖਿਆ ਫਰੁੱਖਾਬਾਦ (ਉੱਤਰ ਪ੍ਰਦੇਸ਼) ਵਿੱਚ ਹੋਈ , ਉਸਦੇ ਬਾਅਦ 1966 ਵਿੱਚ ਆਪ ਜੀ ਨੇ ਮੰਸੂਰੀ ਦੇ ਇੱਕ ਲੈਰਿਸ਼ ਇੰਸਟੀਟਿਊਟ, ਕਨਵੈਂਟ ਆਫ ਜੀਸੁਸ ਐਂਡ ਮੈਰੀ ਵਿੱਚ ਦਾਖਲਾ ਕੇ ਉਥੋਂ 1973 ਵਿੱਚ ਸੀਨੀਅਰ ਸੈਕੰਡਰੀ ਦੀ ਸਿੱਖਿਆ ਹਾਸਲ ਕੀਤੀ ਸੀ। ਇਹ ਬਚਪਨ ਤੋਂ ਹੀ ਇੱਕ ਪ੍ਰਤਿਭਾਸ਼ਾਲੀ ਵਿਦਿਆਰਥੀ ਰਹੇ, ਇਹੋ ਕਾਰਨ ਸੀ ਕਿ ਹਰ ਵਿਸ਼ੇ ਵਿੱਚ ਇਹਨਾਂ ਦੇ ਸ਼ਤ ਪ੍ਰਤੀਸ਼ਤ ਅੰਕ ਆਉਂਦੇ ਸਨ । ਸੀਨੀਅਰ ਸੈਕੰਡਰੀ ਪੱਧਰ ਤੱਕ ਇਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਇਲਾਵਾ , ਇਤਿਹਾਸ, ਭੂਗੋਲ, ਹਿੰਦੀ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਦਾ ਅਧਿਐਨ ਕੀਤਾ। ਸ਼੍ਰੀਮਤੀ ਪੀ. ਦਾਸ ਅਤੇ ਸ਼੍ਰੀਮਤੀ ਵੀਨਾ ਭਾਰਦਵਾਜ ਜੋ ਕਿ ਇਹਨਾਂ ਦੇ ਸਕੂਲ ਸਮੇਂ ਅਧਿਆਪਕ ਰਹੇ ਸਨ ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਵਿਦਿਆਰਥਣ ਰਹੇ ਸਨ । ਆਪਣੀ ਦਿਲ ਖਿੱਚਵੀਂ ਸ਼ਖਸੀਅਤ ਸਦਕਾ ਹੀ ਇਹਨਾਂ ਨੇ ਆਪਣੇ ਹਰ ਅਧਿਆਪਕ ਦਾ ਦਿਲ ਜਿੱਤਿਆ। ਬਾਅਦ ਵਿੱਚ ਉੱਚ ਸਿੱਖਿਆ ਲਈ ਆਪ ਦਿੱਲੀ ਆ ਗਏ ਅਤੇ ਪ੍ਰਸਿੱਧ ਦੌਲਤ ਰਾਮ ਕਾਲਜ ਤੋਂ ਸਿੱਖਿਆ ਹਾਸਲ ਕੀਤੀ । 14 ਨਵੰਬਰ , 1975 ਨੂੰ ਦਿੱਲੀ ਵਿਖੇ ਇਨ੍ਹਾਂ ਦਾ ਵਿਆਹ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨਾਲ ਹੋਇਆ ਅਤੇ ਇਸ ਤਰ੍ਹਾਂ ਇਹ ਵਿਸ਼ਵ ਪ੍ਰਸਿੱਧ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਦੇ ਪਰਿਵਾਰ ਦਾ ਹਿੱਸਾ ਬਣ ਗਏ ਸਨ। ਇਸ ਤੋਂ ਬਾਅਦ ਇਨ੍ਹਾਂ ਨੇ ਵਿਸ਼ਵ ਮੁਕਤੀ ਦੌਰੇ 'ਤੇ ਇਟਲੀ, ਸਵਿਜਰਲੈਂਡ, ਫ਼ਰਾਂਸ, ਬੇਲਜੀਅਮ ਅਤੇ ਅਸਟ੍ਰੇਲੀਆ ਆਦਿ ਦੇਸ਼ਾਂ ਦੀ ਯਾਤਰਾ ਕੀਤੀ ਤੇ ਨਿਰੰਕਾਰੀ ਮਿਸ਼ਨ ਦਾ ਪ੍ਰਚਾਰ ਕੀਤਾ। ਅਗਲੇ ਸਾਲ 1976 ਵਿੱਚ ਫਿਰ ਇਨ੍ਹਾਂ ਨੇ ਕੁਵੈਤ, ਇਰਾਕ, ਥਾਈਲੈਂਡ, ਹਾਂਗਕਾਂਗ, ਕੈਨੇਡਾ, ਅਮਰੀਕਾ, ਆਸਟਰੀਆ ਅਤੇ ਇੰਗਲੈਂਡ ਆਦਿ ਦੇਸ਼ਾਂ ਦਾ ਦੌਰਾ ਕੀਤਾ ਸੀ ਜਿੱਥੇ ਕਿ ਬਾਬਾ ਹਰਦੇਵ ਸਿੰਘ ਜੀ ਅਤੇ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਦੇ ਨਾਲ ਪ੍ਰਚਾਰ ਵੀ ਕੀਤਾ ਅਤੇ ਅਧਿਆਤਮਕਤਾ ਦੀਆਂ ਬਰੀਕੀਆਂ ਨੂੰ ਜਾਣਿਆ, ਸਮਝਿਆ 'ਤੇ ਆਪਣੇ ਜੀਵਨ ਵਿੱਚ ਉਤਾਰਿਆ। ਫਿਰ 24 ਅਪ੍ਰੈਲ 1980 ਵਿੱਚ ਇੱਕ ਦੁੱਖਦਾਈ ਘੜੀ ਆਈ ਜਦੋਂ ਦੁਨੀਆ ਵਿੱਚ ਸ਼ਾਂਤੀ ਅਤੇ ਸਦਭਾਵਨਾ ਫ਼ੈਲਾਉਣ ਵਾਲੇ ਸ਼ਾਂਤੀਦੂਤ ਬਾਬਾ ਗੁਰੁਬਚਨ ਸਿੰਘ ਜੀ ਭਰਮਿਤ ਮਾਨਸਿਕਤਾ ਦੀ ਹਿੰਸਾ ਦੇ ਸ਼ਿਕਾਰ ਹੋ ਗਏ। ਇਸ ਘਟਨਾ ਨਾਲ ਪੂਰੇ ਨਿਰੰਕਾਰੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਹਰ ਪਾਸੇ ਘੋਰ ਹਨੇਰਾ ਛਾ ਗਿਆ, ਇਸ ਸਮੇਂ ਬਾਬਾ ਹਰਦੇਵ ਸਿੰਘ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਗਈ ਤਾਂ ਸਾਧ ਸੰਗਤ ਨੇ ਇਹਨਾਂ ਨੂੰ ਪੂਜਯ ਮਾਤਾ ਜੀ ਦਾ ਦਰਜਾ ਦੇ ਦਿੱਤਾ ਸੀ । ਉਸ ਤੋਂ ਬਾਅਦ ਇਹ ਹਮੇਸ਼ਾ ਹੀ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਿਰੰਕਾਰੀ ਮਿਸ਼ਨ ਅਤੇ ਨਿਰੰਕਾਰ ਪ੍ਰਭੂ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗ ਗਏ। ਹਰ ਆਉਣ ਵਾਲੇ ਗੁਰਸਿੱਖ ਮਹਾਂਪੁਰਸ਼ ਦਾ ਇਹ ਪੂਰਾ ਖਿਆਲ ਰਖਦੇ ਸਨ ਅਤੇ ਹਰੇਕ ਨਾਲ ਪਿਆਰ ਨਾਲ ਪੇਸ਼ ਆਉਂਦੇ ਸਨ। ਇਹ ਹਮੇਸ਼ਾ ਆਪਣੇ ਆਪ ਨੂੰ ਬਾਬਾ ਜੀ ਦੀ ਗੁਰਸਿਖ ਸਮਝ ਕੇ ਹੀ ਜਿੰਦਗੀ ਜਿਉਂਦੇ ਰਹੇ ਅਤੇ ਸੰਸਾਰਿਕ ਰਿਸ਼ਤਿਆਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਸਨ। ਇਨ੍ਹਾਂ ਦੇ ਘਰ ਵਿੱਚ ਤਿੰਨ ਪੁੱਤਰੀਆਂ ਸਮਤਾ ਜੀ , ਰੇਣੁਕਾ ਜੀ ਅਤੇ ਸੁਦੀਕਸ਼ਾ ਜੀ ਨੇ ਜਨਮ ਲਿਆ ਜੋ ਕਿ ਪੂਰੀ ਤਰ੍ਹਾਂ ਗੁਰੂ ਭਗਤੀ ਨੂੰ ਪ੍ਰਣਾਈਆਂ ਹੋਈਆਂ ਹਨ। ਮਾਤਾ ਸਵਿੰਦਰ ਜੀ ਨੇ ਬਾਬਾ ਹਰਦੇਵ ਸਿੰਘ ਜੀ ਦੇ ਨਾਲ ਕੇਵਲ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਫੈਲੇ ਹੋਏ ਨਿਰੰਕਾਰੀ ਭਗਤਾਂ ਨਾਲ ਨੇੜੇ ਤੋਂ ਸੰਵਾਦ ਰਚਾਇਆ ਅਤੇ ਭਗਤਾਂ ਦੇ ਘਰਾਂ ਵਿੱਚ ਜਾ ਕੇ ਵੀ ਆਪਣਾ ਆਸ਼ੀਰਵਾਦ ਪ੍ਰਦਾਨ ਕੀਤਾ। ਇਨ੍ਹਾਂ ਨੇ 36 ਸਾਲ ਤੱਕ ਬਾਬਾ ਹਰਦੇਵ ਸਿੰਘ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਮਾਨਵ ਮਾਤਰ ਨੂੰ ਅਗਿਆਨਤਾ ਦੇ ਹਨ੍ਹੇਰੇ ਵਿਚੋਂ ਕੱਢ ਕੇ ਭਲਾਈ ਵੱਲ ਅੱਗੇ ਵਧਾਉਂਦੇ ਹੋਏ ਨਾਰੀ ਨੂੰ ਮਰਦ ਦੇ ਬਰਾਬਰ ਹੋਣ ਦਾ ਸਬੂਤ ਦਿੱਤਾ। ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਬ੍ਰਹਮਲੀਨ ਹੋਣ ਤੋਂ ਬਾਅਦ, ਜਦੋਂ ਮਾਹੌਲ ਬੇਹੱਦ ਭਾਵੁਕ ਸੀ, ਸ਼ਰਧਾਲੂ ਅਤੇ ਭਗਤ ਘੋਰ ਸੋਗੀ ਮਾਹੌਲ ਵਿੱਚ ਵਿਚਰ ਰਹੇ ਸਨ ਤਾਂ ਸਤਿਗੁਰੂ ਰੂਪ ਵਿੱਚ ਆਪਣੇ ਪਹਿਲੇ ਸੰਬੋਧਨ ਦੌਰਾਨ ਹੀ ਇਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਪ੍ਰਮਾਤਮਾ ਦਾ ਭਾਣਾ ਅਟੱਲ ਹੈ, ਅਸੀਂ ਸਭ ਨੇ ਇਸ ਭਾਣੇ ਅੰਦਰ ਰਹਿ ਕੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਮਨੁੱਖਤਾ ਦੇ ਉਥਾਨ ਲਈ ਚਲਾਏ ਜਾ ਰਹੇ ਕਾਰਜਾਂ ਨੂੰ ਅੱਗੇ ਵਧਾਉਣਾ ਹੈ। ਉਹ ਕਹਿੰਦੇ ਸਨ ਕਿ ਅੱਜ ਅਸੀਂ ਸੰਸਾਰ ਵਿੱਚ ਪਿਆਰ, ਮੁਹੱਬਤ, ਸ਼ਾਂਤੀ, ਸਰਬੱਤ ਦਾ ਭਲਾ, ਸ਼ਾਂਤੀਪੂਰਨ ਆਪਸੀ ਸਹਿਹੋਂਦ ਸੰਵੇਦਨਸ਼ੀਲ ਮੁੱਦਿਆਂ ਤੇ ਸਾਕਾਰਾਤਮਿਕਤਾ ਨਾਲ ਅੱਗੇ ਵਧਣਾ ਹੈ। ਉਹ ਆਪਣੇ ਪ੍ਰਵਚਨਾਂ ਵਿੱਚ ਇਹ ਵੀ ਕਹਿੰਦੇ ਸਨ ਕਿ ਨਾਕਾਰਾਤਮਿਕਤਾ ਇਨਸਾਨ ਦੇ ਜੀਵਨ ਨੂੰ ਬੰਜਰ ਬਣਾ ਦਿੰਦੀ ਹੈ, ਜਦੋਂਕਿ ਪ੍ਰਮਾਤਮਾ ਦੀ ਯਾਦ ਹੀ ਜੀਵਨ ਨੂੰ ਖੁਸ਼ਹਾਲ ਬਣਾਉਂਦੀ ਹੈ। ਉਹ ਪੂਰੇ ਵਿਸ਼ਵ ਵਿੱਚ ਅੰਤਰ-ਰਾਸ਼ਟਰੀ ਭਾਈਚਾਰੇ ਦੀ ਸਥਾਪਨਾ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਇਸਨੂੰ ਲੋਕ ਲਹਿਰ ਬਣਾਉਣ ਲਈ ਯਤਨਸ਼ੀਲ ਰਹੇ ਸਨ। ਜਨਵਰੀ 2018 ਵਿੱਚ ਭਗਤੀ ਪੁਰਵ ਸਮਾਗਮ ਮੌਕੇ ਇਨ੍ਹਾਂ ਨੇ ਸਮਾਲਖਾ (ਹਰਿਆਣਾ) ਵਿਖੇ ਨਿਰੰਕਾਰੀ ਅਧਿਆਤਮਿਕ ਸਥਲ ਦਾ ਉਦਘਾਟਨ ਕੀਤਾ ਸੀ। ਜਿੱਥੇ ਨਵੰਬਰ 2018 ਵਿੱਚ ਇੰਟਰਨੈਸ਼ਨਲ ਸਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ੁਰੂਆਤ ਹੋਈ। ਆਪ ਜੀ ਨੇ ਵੀ ਬਾਬਾ ਹਰਦੇਵ ਸਿੰਘ ਜੀ ਵਾਂਗ ਨਿਰੰਕਾਰੀ ਮਿਸ਼ਨ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਇਸੇ ਲੜੀ ਤਹਿਤ ਹੀ ਪਿਛਲੇ ਸਮੇਂ ਦੌਰਾਨ ਅਮਰੀਕਾ, ਕੈਨੇਡਾ, ਇੰਗਲੈਂਡ, ਦੁਬਈ ਆਦਿ ਦੇਸ਼ਾਂ ਅਤੇ ਭਾਰਤ ਦੇ ਬਹੁਤ ਸਾਰੇ ਪ੍ਰਾਂਤਾਂ ਵਿੱਚ ਜਾ ਕੇ ਨਿਰੰਕਾਰੀ ਮਿਸ਼ਨ ਦਾ ਸੰਦੇਸ਼ ਦਿੱਤਾ। ਸਤਿਗੁਰੂ ਮਾਤਾ ਜੀ ਸਮਾਜ ਦਾ ਹਰ ਤਰ੍ਹਾਂ ਵਿਕਾਸ ਚਾਹੁੰਦੇ ਸਨ, ਨਾਲ ਹੀ ਬੱਚਿਆਂ 'ਤੇ ਔਰਤਾਂ ਨੂੰ ਵੀ ਅੱਗੇ ਵੱਧਦੇ ਹੋਏ ਵੇਖਣਾ ਚਾਹੁੰਦੇ ਸਨ। ਉਹ ਕਹਿੰਦੇ ਸਨ ਕਿ ਦੁਨੀਆਂ ਦੇ ਵਿਭਿੰਨ ਖੇਤਰਾਂ ਵਿੱਚ ਅੱਜ ਔਰਤਾਂ ਨਵੀਆਂ ਉੱਚਾਈਆਂ ਹਾਸਿਲ ਕਰ ਰਹੀਆਂ ਸਨ। ਉਹਨਾਂ ਦੀ ਤਰੱਕੀ ਵੇਖ ਕੇ ਖੁਸ਼ੀ ਹੁੰਦੀ ਸੀ। ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਨੇ ਔਰਤਾਂ ਨੂੰ ਜਿਥੇ ਸੰਸਾਰਿਕ ਉਪਲੱਭਦੀਆਂ ਲਈ ਕਠਿਨ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਨੇ ਔਰਤਾਂ ਨੂੰ ਆਪਣਾ ਸਮਾਂ ਅਤੇ ਊਰਜਾ ਅਧਿਆਤਮਿਕ ਮਾਰਗ ਤੇ ਚਲਦੇ ਹੋਏ ਸੇਵਾ ਅਤੇ ਸਤਿਸੰਗ ਵਿੱਚ ਵੀ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਉਹ ਬੱਚਿਆਂ ਨੂੰ ਸਮਝਾ ਕੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਸਨ। ਉੱਨਾਂ ਦੱਸਿਆ ਕਿ ਬੱਚਿਆਂ ਨੂੰ ਦਿੱਤੀ ਗਈ ਸਿਖਲਾਈ ਵਿੱਚ ਬੱਚਿਆਂ ਦੇ ਭਵਿੱਖ ਦਾ ਦਿਸ਼ਾ-ਨਿਰਦੇਸ਼ ਤਾਂ ਹੋਣਾ ਹੀ ਚਾਹੀਦਾ ਹੈ, ਨਾਲ ਹੀ ਮਾਤਾ-ਪਿਤਾ ਦੇ ਮਨ ਵਿੱਚ ਕੋਮਲਤਾ ਵੀ ਹੋਣੀ ਚਾਹੀਦੀ ਹੈ ਤਾਂਕਿ ਭਵਿੱਖ ਦੀ ਚਿੰਤਾ ਵਿੱਚ ਬੱਚਾ ਕਿਤੇ ਵਰਤਮਾਨ ਨੂੰ ਸੁੰਦਰ ਬਣਾਉਣਾ ਹੀ ਨਾ ਭੁੱਲ ਜਾਏ ਅਤੇ ਪੂਰੀ ਤਰ੍ਹਾਂ ਤਣਾਓ ਵਿੱਚ ਹੀ ਨਾਂ ਡੁੱਬ ਜਾਏ। ਇਸ ਕਰਕੇ ਬੱਚਿਆਂ ਨੂੰ ਵੀ ਸ਼ੁਰੂ ਤੋਂ ਹੀ ਸੇਵਾ, ਸਿਮਰਨ 'ਤੇ ਸਤਿਸੰਗ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਦੁਆਰਾ ਬਹੁਤ ਹੀ ਸਮਾਜ ਭਲਾਈ ਦੇ ਕੰਮਾਂ, ਸਵੱਛ ਭਾਰਤ ਅਭਿਆਨ, ਖੂਨਦਾਨ ਕੈਂਪ ਲਗਾਉਣ, ਅੱਖਾਂ ਦਾਨ ਕਰਨ, ਮੈਡੀਕਲ ਕੈਂਪ, ਕੁਦਰਤੀ ਆਫਤਾਂ ਦੇ ਸ਼ਿਕਾਰ ਲੋਕਾਂ ਦੀ ਸਹਾਇਤਾ ਆਦਿ ਵਧ ਚੜ੍ਹ ਕੇ ਯੋਗਦਾਨ ਪਾਇਆ ਗਿਆ। ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦਾ ਜੀਵਨ ਸਾਰਿਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ । ਉਹਨਾਂ ਨੇ 16 ਜੁਲਾਈ 2018 ਨੂੰ ਨਿਰੰਕਾਰੀ ਮਿਸ਼ਨ ਦੀ ਗੁਰਗੱਦੀ ਆਪਣੀ ਛੋਟੀ ਬੇਟੀ ਸੁਦੀਕਸ਼ਾ ਜੀ ਨੂੰ ਦੇਣ ਦਾ ਐਲਾਨ ਕੀਤਾ ਅਤੇ 17 ਜੁਲਾਈ 2018 ਨੂੰ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਹੋਏ ਵਿਸ਼ਾਲ ਸੰਤ ਸਮਾਗਮ ਦੌਰਾਨ ਆਪਣੀ ਗੁਰਗੱਦੀ ਭੈਣ ਸੁਦੀਕਸਾ ਜੀ ਨੂੰ ਗੁਰੂ ਮਰਿਆਦਾ ਅਨੁਸਾਰ ਸੌਂਪ ਦਿੱਤੀ ਅਤੇ ਹੁਣ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਕਾਰੀ ਮਿਸ਼ਨ ਦੇ ਛੇਵੇਂ ਸਤਿਗੁਰੂ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਕੁਝ ਬੀਮਾਰ ਰਹਿਣ ਕਾਰਨ 5 ਅਗਸਤ 2018 ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸਨ। ਨਿਰੰਕਾਰੀ ਮਿਸ਼ਨ ਵੱਲੋਂ 5 ਅਗਸਤ 2020 ਦਾ ਦਿਨ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੇ ਮਹਾਨ ਪਰਉਪਕਾਰੀ ਅਤੇ ਕਲਿਆਣਕਾਰੀ ਜੀਵਨ ਤੇ ਚਰਚਾ ਕਰਕੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਜੀਵਨ ਤੋਂ ਪੇਰਣਾ ਲੈਣ ਲਈ ਮਨਾਇਆ ਜਾਂਦਾ ਹੈ। Ñਲੇਖਕ: ਪ੍ਰਮੋਦ ਧੀਰ ਜੈਤੋ (98550-31081)