ਅਮਰਗੜ੍ਹ ਵਾਸੀ ਬੈਂਕ ਮੁਲਾਜ਼ਮ ਦੀ ਭੇਦਭਰੇ ਹਾਲਾਤਾਂ 'ਚ ਮੌਤ

04

August

2020

ਅਮਰਗੜ੍ਹ-04 ਅਗਸਤ (ਹਰੀਸ਼ ਅਬਰੋਲ)ਪਿੰਡ ਰੁੜਕੀ ਕਲਾਂ ਵਿਖੇ ਐਕਸਿਸ ਬੈਂਕ ਵਿਚ ਬਤੌਰ ਸਹਾਇਕ ਮੈਨੇਜ਼ਰ ਨੌਕਰੀ ਕਰਦੇ ਅਮਰਗੜ੍ਹ ਵਾਸੀ ਹਬੀਬ ਉੱਲਾ(34) ਦੀ ਭੇਦਭਰੀ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਵਾਲੇ ਦਿਨ 27 ਜੁਲਾਈ ਨੂੰ ਉਹ ਹਮੇਸ਼ਾਂ ਦੀ ਤਰ੍ਹਾਂ ਸਵੇਰੇ ਸਵਾ ਨੌ ਵਜੇ ਦੇ ਕਰੀਬ ਘਰੋਂ ਆਪਣੀ ਡਿਊਟੀ ਤੇ ਗਿਆ ਸੀ। ਬੈਂਕ ਪਹੁੰਚਣ ਉਪਰੰਤ ਕਰੀਬ ਇੱਕ ਘੰਟੇ ਬਾਅਦ ਉਸਨੇ ਘਰ ਫ਼ੋਨ ਕਰਕੇ ਦੱਸਿਆ ਕਿ ਹੁਣ ਉਹ ਆਪਣੇ ਫੀਲਡ ਦੇ ਕੰਮ ਲਈ ਮਾਲੇਰਕੋਟਲਾ ਜਾ ਰਿਹਾ ਹੈ। ਜਦ ਕਰੀਬ ਸਾਢੇ ਗਿਆਰਾਂ ਵਜੇ ਉਸ ਦੀ ਪਤਨੀ ਨੇ ਕਿਸੇ ਕੰਮ ਲਈ ਉਸ ਨੂੰ ਫੇਰ ਦੁਬਾਰਾ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਘਰਦਿਆਂ ਵੱਲੋਂ ਉਸ ਦੇ ਨਾਲ ਦੇ ਬੈਂਕ ਮੁਲਾਜ਼ਮ ਸਾਥੀ ਤੋਂ ਪਤਾ ਕੀਤਾ ਤਾਂ ਉਸ ਨੇ ਵੀ ਕਿਹਾ ਕਿ ਉਹ ਵੀ ਫੋਨ ਲਗਾ ਰਹੇ ਹਨ ਪਰ ਨੰਬਰ ਬੰਦ ਆ ਰਿਹਾ ਹੈ। ਸ਼ਾਮ ਨੂੰ ਬੈਂਕ ਨੂੰ ਕਿਸੇ ਗ੍ਰਾਹਕ ਦੇ ਆਏ ਫੋਨ ਤੋਂ ਪਤਾ ਲੱਗਿਆ ਕਿ ਹਬੀਬ ਉੱਲਾ ਦੀ ਲਾਸ਼ ਸਰਹਿੰਦ-ਪਟਿਆਲਾ ਭਾਖੜਾ ਨਹਿਰ 'ਚੋਂ ਪਿੰਡ ਰੋੜੇਵਾਲ ਕੋਲੋਂ ਮਿਲੀ ਹੈ। ਮ੍ਰਿਤਕ ਦੀ ਜੇਬ ਵਿੱਚੋਂ ਬਖਸ਼ੀਵਾਲਾ ਦੀ ਪੁਲਿਸ ਨੂੰ ਉਸ ਦੇ ਮੋਟਰਸਾਈਕਲ ਸੀ.ਡੀ-110 ਹੌਂਡਾ ਸਿਟੀ, ਨੰਬਰ PB-13-AU 3302 ਦੀ ਚਾਬੀ ਤਾਂ ਮਿਲੀ ਪਰ ਮੋਟਰਸਾਈਕਲ ਅਜੇ ਤੱਕ ਨਹੀਂ ਮਿਲਿਆ। ਪਰਿਵਾਰ ਨੇਂ ਹਬੀਬ ਉੱਲਾ ਦੀ ਭੇਦਭਰੇ ਹਾਲਾਤਾਂ 'ਚ ਹੋਈ ਅਚਾਨਕ ਮੌਤ ਤੇ ਹੱਤਿਆ ਦਾ ਸ਼ੱਕ ਜ਼ਾਹਿਰ ਕਰਦਿਆਂ ਪੁਲਿਸ ਪ੍ਰਸ਼ਾਸਨ ਅੱਗੇ ਕਾਤਲਾਂ ਨੂੰ ਜਲਦ ਬੇ-ਨਕਾਬ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉੱਧਰ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਵਿਚ ਜੁਟੀ ਹੋਈ ਹੈ ਤਾਂ ਜੋ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾ ਕੇ ਕਾਤਲਾਂ ਤੱਕ ਜਲਦ ਪਹੁੰਚਿਆ ਜਾਵੇ।