ਯੂਨੀਵਰਸਿਟੀ ਪ੍ਰਸ਼ਾਸਨ ਤੇ ਡੀਐੱਸਓ ਵਿਚਾਲੇ ਗੱਲਬਾਤ ਬੇਸਿੱਟਾ

12

October

2018

ਪਟਿਆਲਾ, ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਲਈ ਸੰਘਰਸ਼ ਕਰ ਰਹੀ ਡੀਐੱਸਓ ਤੇ ਸਹਿਯੋਗੀ ਧਿਰਾਂ ਅਤੇ ਪੰਜਾਬੀ ਯੂਨੀਵਰਸਿਟੀ ਅਥਾਰਟੀ ਦਰਮਿਆਨ ਦੁਵੱਲੀ ਗੱਲਬਾਤ ਅੱਜ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕੀ| ਉਧਰ, ਮਾਮਲੇ ਦੇ ਹੱਲ ਲਈ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਕੋਸ਼ਿਸ਼ਾਂ ਵਿੱਢੀਆਂ ਹਨ। ਦੂਜੇ ਪਾਸੇ, ਕੁਝ ਕਿਸਾਨ ਆਗੂਆਂ ਡੀਐੱਸਓ ਦੀ ਹਮਾਇਤ ਤੇ ਆਏ ਹਨ। ਇਸ ਦੌਰਾਨ ਅੱਜ ‘ਸੈਪ’ ਗੁੱਟ ਨਾਲ ਸਬੰਧਤ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ| ਵਿਦਿਆਰਥੀਆਂ ਦਾ ਕਹਿਣਾ ਸੀ ਕਿ 9 ਅਕਤੂਬਰ ਨੂੰ ਕੈਂਪਸ ਵਿਚ ਹੋਏ ਹੰਗਾਮੇ ਵਿਚ ਉਨ੍ਹਾਂ ਨੂੰ ਬੇਵਜ੍ਹਾ ਘੜੀਸਿਆ ਹੈ| ਯੂਨੀਵਰਸਿਟੀ ਵਿਚ ਛੁੱਟੀ ਦੇ ਬਾਵਜੂਦ ਡੀਐੱਸਓ ਤੇ ਸਹਿਯੋਗੀ ਧਿਰਾਂ ਨੇ ਵੀ ਸੀ ਦਫ਼ਤਰ ਅੱਗੇ ਧਰਨਾ ਜਾਰੀ ਰੱਖਿਆ। ਇਸ ਦੌਰਾਨ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਧਰਨਾਕਾਰੀਆਂ ਨੂੰ ਮਿਲੇ। ਉਨ੍ਹਾਂ ਭਾਵੇਂ ਲਿੰਗ ਆਧਾਰ ’ਤੇ ਬਰਾਬਰ ਅਧਿਕਾਰਾਂ ਦੀ ਵਕਾਲਤ ਕੀਤੀ, ਪਰ ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਦੇ ਮੁੱਦੇ ’ਤੇ ਤਰਕ ਦਿੱਤਾ ਕਿ ਫਿਲਹਾਲ ਅਜਿਹਾ ਹੋਣਾ ਸੰਭਵ ਨਹੀਂ ਹੈ| ਉਨ੍ਹਾਂ ਆਖਿਆ ਕਿ ਅਜਿਹੇ ਮਾਮਲੇ ਵਿਚ ਪਹਿਲਾਂ ਸੁਰੱਖਿਆ ਪੱਖ ਨੂੰ ਗੰਭੀਰਤਾ ਨਾਲ ਵਿਚਾਰਨਾ ਪੈਣਾ ਹੈ। ਉਨ੍ਹਾਂ ਆਖਿਆ ਕਿ ਉਹ ਰਾਜਸੀ ਧਿਰਾਂ ਨੂੰ ਨਾਲ ਲੈ ਕੇ ਮਸਲੇ ਦੇ ਹੱਲ ਲਈ ਪਹੁੰਚ ਕਰਨਗੇ। ਇਸ ਦੌਰਾਨ ਡੀਐੱਸਓ ਦੇ ਧਰਨੇ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ‘ਡਕੌਂਦਾ’ ਦੇ ਆਗੂ ਡਾ. ਦਰਸ਼ਨ ਪਾਲ ਤੇ ਇਨਕਲਾਬੀ ਲੋਕ ਮੋਰਚਾ ਦੇ ਆਗੂ ਸਤਵੰਤ ਵਜੀਦਪੁਰ ਦੀ ਅਗਵਾਈ ਹੇਠ ਦਰਜਨ ਤੋਂ ਵੱਧ ਕਿਸਾਨ ਹਮਾਇਤ ਵਜੋਂ ਬੈਠ ਗਏ| ਉਧਰ, ਵਿਦਿਆਰਥੀ ਜਥੇਬੰਦੀ ‘ਸੈਪ’ ਨੇ ਕੈਂਪਸ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਸੈਪ ਕਾਰਕੁਨਾਂ ’ਤੇ ਕੇਸ ਦਰਜ ਕਰਨ ਦੇ ਮਾਮਲੇ ਦੀ ਜਾਂਚ ਮੰਗੀ| ਉਧਰ, ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬਦੀ ‘ਸਾਂਝਾ ਜਬਰ ਵਿਰੋਧੀ ਫਰੰਟ’ ਦਾ ਹਿੱਸਾ ਹੋਣ ਕਰਕੇ ਧਰਨੇ ’ਚ ਪੁੱਜੀ ਸੀ| ਇਸ ਦੌਰਾਨ ਅਧਿਆਪਕ ਜਥੇਬੰਦੀ ਡੀਟੀਐਫ਼ ਨੇ ਕੈਂਪਸ ਵਿਚ ਹਿੰਸਾ ਦੀ ਨਿਖੇਧੀ ਕਰਦਿਆਂ ਦੋਸ਼ ਮੜਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਮਸਲੇ ਨਾਲ ਨਜਿੱਠਣ ਵਿਚ ਫੇਲ੍ਹ ਸਾਬਿਤ ਹੋਇਆ ਹੈ| ਫਰੰਟ ਦੇ ਕਨਵੀਨਰ ਜਸਵਿੰਦਰ ਸਿੰਘ ਬਰਾੜ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮਾਮਲੇ ’ਚ ਫੌਰੀ ਦਖ਼ਲ ਦੇਵੇ। ਉਧਰ, ਰਜਿਸਟਰਾਰ ਡਾ. ਐੱਮ.ਐੱਸ. ਨਿੱਜਰ ਨੇ ਕਿਹਾ ਕਿ ਵਿਦਿਆਰਥੀ ਗੱਲਬਾਤ ਲਈ ਸੰਜੀਦਾ ਨਹੀਂ ਹਨ। ਡਾ. ਨਿਸ਼ਾਨ ਸਿੰਘ ਨੇ ਦੋਸ਼ ਨਕਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਵੋਸਟ ਅਧਿਕਾਰੀ ਡਾ. ਨਿਸ਼ਾਨ ਸਿੰਘ ਦਿਓਲ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ 9 ਅਕਤੂਬਰ ਨੂੰ ਹੋਏ ਝਗੜੇ ਵਿਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ| ਉਨ੍ਹਾਂ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਮਾਮਲੇ ’ਚ ਘੜੀਸਿਆ ਜਾ ਰਿਹਾ ਹੈ| ਉਹ 9 ਅਕਤੂਬਰ ਨੂੰ ਆਪਣੇ ਅਕਾਦਮਿਕ ਕੰਮ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹਾਜ਼ਰ ਸਨ|