25
April
2020

ਬਾਪੂ ਮੇਰਾ ਫਰਜ਼ਾਂ ਦੀ ਚੱਕੀ ਵਿੱਚ ਫਸਿਆ
ਬੁੱਢੇ ਵਾਰੇ ਉਹਨੂੰ ਜਿੰਮੇਵਾਰੀਆਂ ਨੇ ਡੱਸਿਆ
ਕਬੀਲਦਾਰੀ ਦਾ ਬੋਝ ਉਹਦੇ ਸਿਰ ਬੇਸ਼ੁਮਾਰ ਏ
ਸੋਚ ਸੋਚ ਬਾਪੂ ਬਾਰੇ ਦਿਲ ਜਾਵੇ ਬੈਠਦਾ
ਦਿਲ ਹੈ ਉਦਾਸ ਤਾਹੀਉਂ ਰੂਹ ਵੀ ਉਦਾਸ ਏ...
ਬਾਪੂ ਲਈ ਸੱਭ ਕੁਝ ਹੱਸ ਕੇ ਮੈਂ ਜਰ ਗਈ
ਮੇਰੇ ਹਾਸੇ ਵੇਖ ਕਹਿਣ ਕੁੜੀ ਸੌਖੀ ਲੱਗਦੀ
ਬਾਪੂ ਦਾ ਮੈਂ ਸ਼ੇਰ ਬਣ ਸੱਭ ਕੁਝ ਸਹਿ ਲਿਆ
ਦੁੱਖਾਂ ਦਾ ਹੋਣ ਦਿੱਤਾ ਉਹਨੂੰ ਅਹਿਸਾਸ ਏ
ਦਿਲ ਵੀ ਉਦਾਸ ਉਂਜ ਰੂਹ ਵੀ ਉਦਾਸ ਏ...
ਸਹੁਰੇ ਘਰ ਬਾਪੂ ਮੈਨੂੰ ਯਾਦ ਬੜਾ ਆਉਂਦਾ ਏ
ਕਦੀ ਕਦੀ ਜਦੋਂ ਮੈਨੂੰ ਮਿਲਣੇ ਨੂੰ ਆਉਂਦਾ ਏ
ਯਾਦਾਂ ਬਾਲਪਨ ਦੀਆਂ ਤੋੜ ਤੋੜ ਖਾਣ ਉਦੋਂ
ਉਦੋਂ ਫੇਰ ਮੁੱਕਦੀ ਨਾ ਯਾਦਾਂ ਵਾਲੀ ਡਾਰ ਏ
ਦਿਲ ਵੀ ਉਦਾਸ ਹੁੰਦਾ ਰੂਹ ਵੀ ਉਦਾਸ ਏ...
ਬੱਚਿਆਂ ਦੇ ਲਈ ਬਾਪੂ ਸੁਪਨੇ ਬੁਣੇ ਸੀ ਕਈ
ਸੋਚਿਆ ਹੋਣਾ ਕਿ ਸੁੱਖਾਂ ਨਾਲ ਲੰਘੂ ਜ਼ਿੰਦਗੀ
ਉਹਦੇ ਦਿਲ ਵਿਚੋਂ "ਧੀਰਜ" ਵਾਲੀ ਮੁੱਕਦੀ ਨਾ ਬਾਤ ਏ
ਰਹਿੰਦਾ ਖ਼ੌਰੇ ਬਾਪੂ ਮੇਰਾ ਤਾਂਹੀਉਂ ਹੀ ਉਦਾਸ ਏ
ਬਾਪੂ ਦਿਆਂ ਦੁੱਖਾਂ ਦਾ ਨਾ ਕਿਸੇ ਨੂੰ ਆਭਾਸ ਏ
ਦਿਲ ਵੀ ਉਦਾਸ ਮੇਰਾ ਰੂਹ ਵੀ ਉਦਾਸ ਏ...
ਮਧੂ ਵਰਮਾ