ਮੀਂਹ ਅਤੇ ਝੱਖੜ ਨੇ ਝੋਨੇ ਦੀਆਂ ਬਾਸਮਤੀ ਅਤੇ ਹਾਈਬ੍ਰਿਡ ਕਿਸਮਾਂ ਧਰਤੀ ’ਤੇ ਵਿਛਾਈਆਂ

12

October

2018

ਬਨੂੜ, ਅੱਜ ਤੜਕਸਾਰ ਪਈ ਭਰਵੀਂ ਬਾਰਿਸ਼ ਨੇ ਇਸ ਖੇਤਰ ਵਿੱਚ ਝੋਨੇ ਦੇ ਤੇਜ਼ੀ ਨਾਲ ਚੱਲ ਰਹੇ ਕਟਾਈ ਦੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਹਨ। ਮੀਂਹ ਨਾਲ ਕਿਸਾਨਾਂ ਦੇ ਪੱਕੇ ਖੜ੍ਹੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਤੇ ਝੋਨੇ ਦੀ ਕਟਾਈ ਤੇ ਝੜਾਈ ਦਾ ਕੰਮ ਬੰਦ ਹੋ ਗਿਆ ਹੈ। ਬਨੂੜ ਦੀ ਮੰਡੀ ਵਿੱਚ ਅੱਜ ਸਿਰਫ਼ ਪੰਦਰਾਂ ਸੌ ਕੁਇੰਟਲ ਝੋਨਾ ਹੀ ਵਿਕਣ ਲਈ ਆਇਆ। ਮੰਡੀ ਵਿੱਚ ਝੋਨੇ ਦੀਆਂ ਖ੍ਰੀਦੀਆਂ ਹੋਈਆਂ ਸੈਂਕੜੇ ਬੋਰੀਆਂ ਮੀਂਹ ਨਾਲ ਬੁਰੀ ਤਰ੍ਹਾਂ ਭਿੱਜਣ ਨਾਲ ਆੜਤੀਆਂ ਅਤੇ ਖ੍ਰੀਦ ਏਜੰਸੀਆਂ ਦੀ ਵੱਡੀ ਅਣਗਹਿਲੀ ਵੀ ਸਾਹਮਣੇ ਆਈ ਹੈ। ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਪੱਕੇ ਹੋਏ ਅਤੇ ਪੱਕਣ ਕਿਨਾਰੇ ਪੁੱਜੇ ਝੋਨੇ ਨੂੰ ਧਰਤੀ ਉੱਤੇ ਵਿਛਾ ਦਿੱਤਾ ਹੈ। ਝੋਨੇ ਦੀਆਂ ਬਾਸਮਤੀ ਅਤੇ ਹਾਈਬ੍ਰਿਡ ਕਿਸਮਾਂ ਨੂੰ ਤਾਜ਼ਾ ਮੀਂਹ ਨੇ ਹੋਰ ਨੁਕਸਾਨ ਪਹੁੰਚਾਇਆ ਹੈ। ਬਨੂੜ ਖੇਤਰ ਦੇ ਸਮੁੱਚੇ ਪਿੰਡਾਂ ਮਾਣਕਪੁਰ, ਖੇੜਾ ਗੱਜੂ, ਅਬਰਾਵਾਂ, ਤਸੌਲੀ, ਸਨੇਟਾ, ਦੁਰਾਲੀ, ਦੈੜੀ, ਬਠਲਾਣਾ, ਤੰਗੌਰੀ, ਕਰਾਲਾ, ਕੁਰੜੀ, ਰਾਜੋਮਾਜਰਾ, ਧਰਮਗੜ੍ਹ, ਮਨੌਲੀ ਸੂਰਤ, ਬਾਸਮਾਂ ਆਦਿ ਤੋਂ ਇਕੱਤਰ ਜਾਣਕਾਰੀ ਅਨੁਸਾਰ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ। ਪਿੰਡ ਅਬਰਾਵਾਂ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸਦਾ 16 ਏਕੜ ਝੋਨਾ ਨੁਕਸਾਨਿਆ ਗਿਆ ਹੈ। ਪਿੰਡ ਬਠਲਾਣਾ ਦੇ ਸਾਬਕਾ ਸਰਪੰਚ ਵਜ਼ੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਢਾਈ ਏਕੜ ਝੋਨਾ ਪਿਛਲੀਆਂ ਬਾਰਿਸ਼ਾਂ ਵਿੱਚ ਬੁਰੀ ਤਰਾਂ ਡਿੱਗ ਗਿਆ ਸੀ ਤੇ ਇਸ ਦੇ ਉਪਰੋਂ ਪਾਣੀ ਲੰਘਣ ਕਾਰਨ ਝੋਨਾ ਉੱਗ ਆਇਆ ਸੀ। ਉਨ੍ਹਾਂ ਕਿਹਾ ਕਿ ਤਾਜ਼ਾ ਬਾਰਿਸ਼ਾਂ ਨੇ ਝੋਨੇ ਨੂੰ ਬਿਲਕੁਲ ਹੀ ਖਰਾਬ ਕਰ ਦਿੱਤਾ ਹੈ। ਨੰਬਰਦਾਰ ਹਰਪਾਲ ਸਿੰਘ ਬਠਲਾਣਾ, ਚੇਤਨ ਦਾਸ ਖੇੜਾ ਗੱਜੂ, ਕੇਸਰ ਸਿੰਘ ਤਸੌਲੀ, ਬਹਾਦਰ ਸਿੰਘ ਵਿਰਕ ਸਨੇਟਾ, ਸ਼ੇਰ ਸਿੰਘ ਦੈੜੀ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ ਆਦਿ ਨੇ ਦੱਸਿਆ ਕਿ ਸਮੁੱਚੇ ਪਿੰਡਾਂ ਵਿੱਚ ਝੋਨੇ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਕਿਸਮਾਂ ਵੀ ਬੁਰੀ ਤਰਾਂ ਧਰਤੀ ਉੱਤੇ ਵਿਛ ਗਈਆਂ ਹਨ। ਤੜਕੇ ਪਏ ਮੀਂਹ ਨਾਲ ਬਨੂੜ ਮੰਡੀ ਵਿੱਚ ਪਨਗਰੇਨ ਅਤੇ ਮਾਰਕਫੈੱਡ ਵੱਲੋਂ ਖ੍ਰੀਦੀਆਂ ਗਈਆਂ ਝੋਨੇ ਦੀਆਂ ਸੈਂਕੜੇ ਬੋਰੀਆਂ ਮੀਂਹ ਵਿੱਚ ਭਿੱਜਦੀਆਂ ਰਹੀਆਂ। ਆੜਤੀਆਂ ਅਤੇ ਖ੍ਰੀਦ ਏਜੰਸੀਆਂ ਨੇ ਖਰਾਬ ਮੌਸਮ ਦੇ ਬਾਵਜੂਦ ਬੋਰੀਆਂ ਨੂੰ ਤਿਰਪਾਲਾਂ ਨਾਲ ਨਾ ਢੱਕਣ ਅਤੇ ਸ਼ੈੱਡਾਂ ਥੱਲੇ ਨਾ ਰੱਖੇ ਜਾਣ ਕਾਰਨ ਇਹ ਬੋਰੀਆਂ ਭਿੱਜੀਆਂ ਹਨ। ਜ਼ਿਲ੍ਹਾ ਮੁਹਾਲੀ ਦੇ ਡੀਐੱਫ਼ਐੱਸਓ ਹੇਮ ਰਾਜ ਅਤੇ ਏਐੱਫ਼ਐੱਸਓ ਹਰਦੀਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਆੜਤੀਆਂ ਦੀਆਂ ਦੁਕਾਨਾਂ ਦੀਆਂ ਬੋਰੀਆਂ ਭਿੱਜੀਆਂ ਹਨ ਉਨ੍ਹਾਂ ਨੂੰ ਤਾੜਨਾ ਕੀਤੀ ਗਈ ਹੈ। ਨਵਾਂ ਨੁਕਸਾਨ ਰਿਪੋਰਟ ’ਚ ਸ਼ਾਮਲ ਕਰ ਲਿਆ ਜਾਵੇਗਾ: ਨਾਇਬ ਤਹਿਸੀਲਦਾਰ ਬਨੂੜ ਦੀ ਨਾਇਬ ਤਹਿਸੀਲਦਾਰ ਜਸਵੀਰ ਕੌਰ ਨੇ ਦੱਸਿਆ ਕਿ ਬਨੂੜ ਸਬ ਤਹਿਸੀਲ ਦੇ ਪਿੰਡਾਂ ਵਿੱਚ ਸਤੰਬਰ ਦੇ ਅਖੀਰ ਵਿੱਚ ਹੋਈਆਂ ਬਾਰਿਸ਼ਾਂ ਨਾਲ ਤਿੰਨ ਸੌ ਏਕੜ ਦੇ ਕਰੀਬ ਝੋਨਾ ਨੁਕਸਾਨਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਝੋਨੇ ਦੇ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਾਉਣ ਉਪਰੰਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਮੀਂਹ ਨਾਲ ਹੋਏ ਨੁਕਸਾਨ ਦਾ ਪਹਿਲੀ ਅਕਤੂਬਰ ਤੋਂ ਤੀਹ ਅਕਤੂਬਰ ਤੱਕ ਹੋ ਰਹੀ ਆਮ ਗਿਰਦਾਵਰੀ ਵਿੱਚ ਜਿਹੜਾ ਮਾਮਲਾ ਸਾਹਮਣੇ ਆਵੇਗਾ, ਉਸਨੂੰ ਪਹਿਲੀ ਰਿਪੋਰਟ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਮੌਸਮ ਦੀ ਖਰਾਬੀ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਲਾਲੜੂ (ਪੱਤਰ ਪ੍ਰੇਰਕ): ਵਾਰ ਵਾਰ ਮੌਸਮ ਦੀ ਕਰੋਪੀ ਦੇ ਚਲਦੇ ਮੰਡੀਆਂ ਵਿੱਚ ਝੋਨੇ ਦੀ ਫਸਲ ਲੈ ਕੇ ਆਏ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ, ਇਕ ਪਾਸੇ ਮੌਸਮ ਦੀ ਮਾਰ ਹੈ, ਦੂਜੇ ਪਾਸੇ ਝੋਨੇ ਦਾ ਝਾੜ ਘੱਟ ਹੈ। ਇਸ ਦੇ ਨਾਲ ਹੀ ਖੇਤਾਂ ਵਿਚੋਂ ਪਰਾਲੀ ਕੱਢਣ ਦੀ ਮੁੱਖ ਸਮੱਸਿਆ ਨਾਲ ਕਿਸਾਨ ਜੁਝ ਰਹੇ ਹਨ। ਮਾਰਕੀਟ ਕਮੇਟੀ ਲਾਲੜੂ ਅਧੀਨ ਆਉਂਦੀ ਮੰਡੀਆ ਵਿਚ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 18 ਹਜਾਰ ਕੁਇੰਟਲ ਘੱਟ ਝੋਨੇ ਦੀ ਆਮਦ ਹੋਈ ਹੈ, ਜਿਸ ਦਾ ਮੁੱਖ ਕਾਰਨ ਬੇ ਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਤੇ ਝਾੜ ਦਾ ਘਟਣਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਲਾਲੜੂ ਦੀ ਦਾਣਾ ਮੰਡੀ ਵਿਚ ਹੁਣ ਤੱਕ ਖਰੀਦ ਏਜੰਸੀ ਮਾਰਕਫੈਡ ਨੇ 32198 ਕੁਇੰਟਲ, ਵੈਅਰਹਾਉਸ ਨੇ 19672, ਜੜੌਤ ਦੀ ਦਾਣਾ ਮੰਡੀ ਵਿਚ ਮਾਰਕਫੈਡ ਨੇ 4023 ਕੁਇੰਟਲ, ਐਫ.ਸੀ.ਆਈ ਨੇ 825 ਕੁਇੰਟਲ ਅਤੇ ਤਸਿੰਬਲੀ ਦੀ ਦਾਣਾ ਮੰਡੀ ਵਿਚ ਮਾਰਕਫੈਡ ਨੇ 16788 ਕੁਇੰਟਲ ਝੋਨੇ ਦੀ ਖਰੀਦ ਕੀਤੀ ਹੈ। ਪਿਛਲੇ ਸਾਲ ਹੁਣ ਤੱਕ ਉਕਤ ਤਿੰਨੇ ਮੰਡੀਆ ਵਿਚ 91440 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਸੀ, ਜਦ ਕਿ ਹੁਣ ਤੱਕ ਤਿੰਨੇ ਮੰਡੀਆ ਵਿਚ 73507 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਮੰਡੀ ਵਿਚ ਆਏ ਕਿਸਾਨ ਲਖਵਿੰਦਰ ਸਿੰਘ ਹੈਪੀ ਮਲਕੁਪਰ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਘੱਟ ਆਮਦ ਹੋਣ ਦਾ ਕਰਨ ਬੈ ਮੌਸਮੀ ਬਰਸਾਤਾਂ ਦੇ ਕਾਰਨ ਝੋਨੇ ਦਾ ਝਾੜ ਘੱਟ ਹੋਣਾ ਹੈ। ਲਾਲੜੂ ਦਾਣਾ ਮੰਡੀ ਦੇ ਆੜਤੀ ਘਨਸ਼ਿਆਮ ਦਾਸ ਨੇ ਦੱਸਿਆ ਕਿ ਹੁਣ ਤੱਕ ਖਰੀਦ ਏਜੰਸੀਆ ਵਲੋਂ ਖਰੀਦ ਦਾ ਕੰਮ ਤਸੱਲੀ ਬਖ਼ਸ ਚੱਲ ਰਿਹਾ ਹੈ, ਮੌਸਮ ਦੀ ਵਾਰ ਵਾਰ ਖਰਾਬੀ ਹੋਣ ਕਾਰਨ ਲਿਫਟਿੰਗ ਦੀ ਨਾਲੋ-ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੀ ਫਸਲ ਦੀ ਸਰਕਾਰ ਨੇ ਕੋਈ ਅਦਾਇਗੀ ਨਹੀ ਕੀਤੀ। ਮਾਰਕੀਟ ਕਮੈਟੀ ਲਾਲੜੂ ਦੇ ਸਕੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਦਾਣਾ ਮੰਡੀਆ ਵਿਚ ਆੜਤੀਆਂ ਦੇ ਸਹਿਯੋਗ ਨਾਲ ਤਰਪਾਲਾ ਵਗੈਰਾ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ।