Arash Info Corporation

ਅਕਾਲੀ- ਭਾਜਪਾ ਗੱਠਜੋੜ ਤੇ ਛਾਏ ਬੇਭਰੋਸਗੀ ਦੇ ਬੱਦਲ।

15

February

2020

ਪੰਜਾਬ 'ਚ ਪਿਛਲੇ 23 ਸਾਲ ਤੋਂ ਚਲ ਰਹੇ ਅਕਾਲੀ -ਭਾਜਪਾ ਦੇ ਗੱਠਜੋੜ ਵਿਚ ਤਰੇੜਾਂ ਦੀ ਝਲਕ ਸਪੱਸ਼ਟ ਵਿਖਾਈ ਦੇ ਰਹੀ ਹੈ । ਬੇਸ਼ਕ ਅਕਾਲੀ ਦਲ ਇਸ ਨੂੰ ਨਹੁੰ ਮਾਸ ਦਾ ਰਿਸ਼ਤਾ ਦਸ ਰਿਹੈ, ਪਰ ਕੁੱਝ ਸਮੇਂ ਤੋਂ ਭਾਜਪਾ ਦਾ ਰਵੱਈਆ ਇਸ ਪ੍ਰਤੀ ਨਾਂ ਪੱਖੀ ਲੱਗ ਰਿਹੈ। ਜਿਸ ਦਾ ਸੰਕੇਤ ਬੀਜੇਪੀ ਦੇ ਕਈ ਸੁਬਾਈ ਲੀਡਰ ਖੁੱਲ੍ਹ ਕੇ ਦੇ ਚੁਕੇ ਨੇ। ਅਮਿ੍ਤਸਰ ਵਿਚ ਅਕਾਲੀ ਦਲ ਦੀ ਰੈਲੀ ਵਿਚ ਗੱਠਜੋੜ ਦੇ ਮੁੱਖ ਸਿਰਜਕ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਬੋਲਦੇ ਧਰਮ ਅਤੇ ਨਫਰਤ ਦੀ ਰਾਜਨੀਤੀ ਤੇ ਚਿੰਤਾ ਜਤਾ ਕੇ ਕੇਂਦਰੀ ਮੋਦੀ ਸਰਕਾਰ ਨਾਲ ਅਸਿਹਮਤੀ ਜਾਹਰ ਕੀਤੀ ਗਈ । ਉਂਝ ਵੀ ਇਹ ਗੱਠਜੋੜ ਸਿਧਾਂਤਾਂ ਦੀ ਬਜਾਏ ਰਾਜਸੀ ਹਿੱਤਾਂ ਤੇ ਹੀ ਆਧਾਰਤ ਹੈ। ਕਿਉਂਕਿ ਦੋਵੇਂ ਪਾਰਟੀਆਂ ਇਕੱਲੇ ਤੌਰ ਤੇ ਸੂਬੇ ਅੰਦਰ ਸੱਤਾ 'ਚ ਆਉਣ ਦੀ ਸਥਿਤੀ ਵਿਚ ਹਨ ਹੀ ਨਹੀਂ। ਗੱਠਜੋੜ ਨੂੰ ਅਜੋਕੀ ਸਥਿਤੀ ਵਿਚ ਧਕੇਲਣ ਲਈ ਦੋਵਾਂ ਪਾਰਟੀਆਂ ਦੀ ਮੌਜੂਦਾ ਲੀਡਰਸ਼ਿਪ ਦਾ ਅੱਖੜ ਤੇ ਤਾਨਾਸ਼ਾਹੀ ਰਵੱਈਆ ਕਿਹਾ ਜਾ ਸਕਦੈ। ਆਉਣ ਵਾਲੇ ਸਮੇਂ 'ਚ ਗੱਠਜੋੜ ਅੰਦਰ ਬੇਵਿਸਵਾਸ਼ੀ ਪੰਜਾਬ ਵਿਚ ਨਵੇਂ ਰਾਜਸੀ ਸਮੀਕਰਣ ਪੈਦਾ ਹੋਣ ਦੇ ਸੰਕੇਤ ਦਿੰਦੀ ਹੈ। ਪਿਛੋਕੜ : ਸੁਬੇ ਅੰਦਰ ਸਿੱਖ ਅਤੇ ਹਿੰਦੂ ਵਸੋਂ ਦੇ ਅਨੂਪਾਤ ਦੇ ਮੱਦੇ ਨਜ਼ਰ ਸਾਰੇ ਅੰਤਰ ਵਿਰੋਧਾਂ ਦੇ ਬਾਵਯੂਦ ਰਾਜਨੀਤਕ ਹਿੱਤ ਪੂਰਣ ਲਈ ਕਰੀਬ 23 ਸਾਲ ਪਹਿਲਾਂ ਇਹ ਗੱਠਜੋੜ ਹੋਂਦ 'ਚ ਆਇਆ, ਜਿਸ ਵਿਚ ਅਕਾਲੀ ਦਲ ਦੀ ਵੱਡੇ ਅਤੇ ਬੀਜਪੀ ਦੀ ਛੋਟੇ ਭਰਾ ਦੀ ਭੁਮਿਕਾ ਸਵੀਕਾਰੀ ਗਈ। ਸਮੇਂ ਸਮੇਂ ਤੇ ਜਦੋਂ ਵੀ ਗੱਠਜੋੜ ਅੰਦਰ ਕੋਈ ਕੁੜੱਤਣ ਆਈ ਤਾਂ ਪ੍ਰੋਢ ਲੀਡਰਸ਼ਿਪ ਨੇ ਮਿਲ ਬੈਠ ਕੇ ਹੱਲ ਕੱਢ ਲਿਆ। ਵੱਡੇ ਬਾਦਲ ਦੇ ਹਮੇਸ਼ਾਂ ਉਸ ਸਮੇਂ ਦੇ ਭਾਜਪਾ ਦੇ ਕੌਮੀ ਨੇਤਾ ਵਾਜਪਾਈ ਅਤੇ ਅਡਵਾਨੀ ਨਾਲ ਸੁਖਾਵੇਂ ਸਬੰਧ ਬਣੇ ਰਹੇ, ਜਿਸ ਦੀ ਮੌਜੂਦਾ ਲੀਡਰਸ਼ਿਪ ਵਿਚ ਇਕ ਚਿਣਗ ਵੀ ਨਹੀਂ ਝਲਕਦੀ। ਗੱਠਜੋੜ ਨੇ ਦਰਜਨ ਤੋਂ ਵਧੇਰੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਲੜੀਆਂ । ਕੇਂਦਰ ਅਤੇ ਸੂਬੇ ,ਚ ਪੂਰੀ ਮਿਆਦ ਦੀਆਂ ਸਰਕਾਰਾਂ ਵੀ ਚਲਾਈਆਂ। ਤਣਾਅ ਦੀ ਸ਼ੁਰੂਆਤ: ਸਹੀ ਦਿਸ਼ਾ ,ਚ ਚਲਦੇ ਗੱਠਜੋੜ ਅੰਦਰ ਤਣਾਅ ਦਾ ਮੁੱਢ ਵੱਡੇ ਬਾਦਲ ਵਲੋਂ 2009 ਵਿਚ ਬੀਜਪੀ ਨੇਤਾਵਾਂ ਨੂੰ ਅਣਗੌਲਿਆਂ ਕਰਕੇ ਸੁਖਬੀਰ ਬਾਦਲ ਨੂੰ ਉੱਪ ਮੁੱਖ ਮੰਤਰੀ ਥਾਪਣ ਨਾਲ ਬੱਝਾ, ਪਰ ਬੀਜੇਪੀ ਆਗੂ ਕੰਮਜੋਰ ਸਥਿਤੀ ਅਤੇ ਕੇਂਦਰੀ ਲੀਡਰਾਂ ਦੀ ਘੁਰਕੀ ਕਾਰਨ ਕੌੜਾ ਘੁੱਟ ਨਿਗਲ ਗਏ ਅਤੇ 10 ਸਾਲ ਸੱਤਾ ਦਾ ਅਨੰਦ ਭੋਗਦੇ ਰਹੇ ਅਤੇ ਸੁਖਬੀਰ ਬਾਦਲ ਦੀ ਤੂਤੀ ਬੋਲਦੀ ਰਹੀ। ਫਿਰ 2014 ਲੋਕ ਸਭਾ ਚੋਣਾਂ ਦੌਰਾਨ ਸਾਰੇ ਦੇਸ਼ ਵਿਚ ਮੋਦੀ ਦੀ ਹਨੇਰੀ ਚੱਲੀ, ਪਰ ਪੰਜਾਬ ਵਿਚ ਸਰਕਾਰ ਪ੍ਰਤੀ ਜਨਤਾ ਦੇ ਗੁੱਸੇ ਕਾਰਨ ਠੁੱਸ ਹੋ ਕੇ ਰਹਿ ਗਈ। ਭਾਜਪਾ ਦੇ ਕਦਾਵਰ ਨੇਤਾ ਅਰੁਣ ਜੇਤਲੀ ਦੀ ਸ਼ਰਮਨਾਕ ਹਾਰ ਹੋਈ। ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਗੱਠਜੋੜ ਦੀ ਕਰਾਰੀ ਹਾਰ ਹੋ ਗਈ ਅਤੇ ਪਹਿਲੀ ਵਾਰ ਗੱਠਜੋੜ ਵਿਰੋਧੀ ਧਿਰ ਦਾ ਦਰਜਾ ਵੀ ਹਾਸਿਲ ਨਾ ਕਰ। ਬੀਜੇਪੀ ਦੇ ਕਈ ਨੇਤਾਵਾਂ ਨੇ ਮਾੜੀ ਕਾਰਗੁਜਾਰੀ ਲਈ ਅਕਾਲੀ ਆਗੂਆਂ ਦੀ ਬਦਨਾਮੀ ਨੂੰ ਇਸ ਦਾ ਕਾਰਨ ਦਸਿਆ ਅਤੇ ਬੀਜੇਪੀ ਦਾ ਰਵੱਈਆ ਅਕਾਲੀ ਦਲ ਪ੍ਰਤੀ ਆਏ ਦਿਨ ਰੁੱਖਾ ਹੁੰਦਾ ਚਲਾ ਗਿਆ।ਅਕਾਲੀ ਦਲ ਦੀ ਲੀਡਰਸ਼ਿਪ ਮਜਬੂਰੀ ਵਸ ਗੱਠਜੋੜ ਨੂੰ ਨਹੁੰ ਮਾਸ ਦਾ ਰਿਸ਼ਤਾ ਦੱਸਦੀ ਆ ਰਹੀ ਹੈ। ਪੁਲਵਾਮਾ ਅਤੰਕੀ ਹਮਲੇ ਪਿੱਛੋਂ ਬਾਲਾਕੋਟ ਸਰਜੀਕਲ ਸਟਰਾਈਕ ਦੇ ਮੁੱਦੇ ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਫਿਰ ਇਕ ਵਾਰ ਮੋਦੀ ਦੀ ਤੇਜ ਹਨੇਰੀ ਸਾਰੇ ਦੇਸ਼ ਵਿਚ ਚਲੀ, ਪਰ ਪੰਜਾਬ ਅੰਦਰ ਫਿਰ ਇਸ ਦੀ ਹਵਾ ਨਿਕਲ ਗਈ ਅਤੇ ਅਕਾਲੀ ਦਲ 10 ਵਿਚੋਂ ਸੁਖਬੀਰ ਅਤੇ ਹਰਸਿਮਰਤ ਵਾਲੀਆਂ ਦੋ ਸੀਟਾਂ ਹੀ ਜਿੱਤ ਸਕਿਆ । ਕੇਂਦਰ ਵਿਚ ਹਰਸਿਮਰਤ ਬਾਦਲ ਦੁਬਾਰਾ ਮੰਤਰੀ ਤਾਂ ਬਣ ਗਈ, ਪਰ ਮੋਦੀ ਅਤੇ ਅਮਿਤ ਸ਼ਾਹ ਦਾ ਅਕਾਲੀ ਦਲ ਪ੍ਰਤੀ ਰਵੱਈਆ ਤਲਖ ਹੁੰਦਾ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਰਾਜਕਾਲ ਦੌਰਾਨ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਛੱਡਿਆ, ਇਥੋਂ ਤਕ ਕਿ ਅਕਾਲੀ ਦਲ ਦੀ ਇੱਜਤ ਦਾ ਸਵਾਲ ਬਣੇ ਪਾਣੀਆਂ ਦੇ ਮੁੱਦੇ ਤੇ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਰਿਆਣਾ ਦਾ ਪੱਖ ਪੂਰਿਆ, ਪਰ ਬੇਬਸ ਅਕਾਲੀ ਦਲ ਕੌੜਾ ਘੁੱਟ ਭਰ ਕੇ ਰਹਿ ਆ। ਹਰਿਆਣਾ ਵਿਧਾਨ ਸਭਾ ਵਿਚ ਅਕਾਲੀ ਦਲ ਨੂੰ ਇਕ ਹੋਰ ਝਟਕਾ ਦਿੰਦੇ ਬੀਜੇਪੀ ਨੇ ਇਕ ਵੀ ਸੀਟ ਨਾਂ ਦੇ ਕੇ ਅਕਾਲੀਆਂ ਨੂੰ ਬੇਇੱਜ਼ਤ ਕੀਤਾ ਅਤੇ ਇਸ ਦਾ ਇਕੋ ਇਕ ਵਧਾਇਕ ਵੀ ਬੀਜੇਪੀ ,ਚ ਸ਼ਾਮਿਲ ਕਰਕੇ ਜ਼ਖਮਾਂ ਤੇ ਨਮਕ ਛਿੜਕ ਦਿਤਾ। ਦਿਲੀ ਵਿਧਾਨ ਸਭਾ ਚੋਣਾਂ ਸਮੇਂ ਵੀ ਅਕਾਲੀ ਦਲ ਨੂੰ ਭਾਜਪਾ ਨੇ ਨੁੱਕਰੇ ਲਾਉਂਦੇ ਇਕ ਵੀ ਸੀਟ ਦੇਣ ਤੋਂ ਕੋਰੀ ਨਾਂ ਕਰਕੇ ਜਲੀਲ ਕੀਤਾ ਅਤੇ ਚੋਣ ਮੁਹਿੰਮ ਤੋਂ ਅਕਾਲੀਆਂ ਨੂੰ ਲਾਂਭੇ ਰੱਖ ਕੇ ਗੱਠਜੋੜ ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤੇ । ਬੁਖਲਾਏ ਅਕਾਲੀ ਫਿਰ ਵੀ ਇਸ ਨੂੰ ਨਹੁੰ ਮਾਸ ਦਾ ਰਿਸ਼ਤਾ ਹੀ ਦੱਸ ਰਹੇ ਨੇ। ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਦੇ ਸਮਾਗਮ ਸਮੇੰ ਬੋਲਦੇ ਸੀਨੀਅਰ ਨੇਤਾ ਮਾਸਟਰ ਮੋਹਣ ਲਾਲ ਨੇ ਸੰਬੋਧਨ ਕਰਦੇ ਅਕਾਲੀ ਦਲ ਤੋਂ ਛੁਟਕਾਰਾ ਪਾ ਕੇ ਇਕੱਲੇ 2022 ਵਿਧਾਨ ਸਭਾ ਚੋਣਾਂ ਲੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਹਿਮਾਚਲ ਅਤੇ ਹਰਿਆਣਾ ਵਿਚ ਬੀਜੇਪੀ ਸਰਕਾਰਾਂ ਬਣਾ ਸਕਦੀ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ ? ਇਸ ਦੀ ਹਮਾਇਤ ਬਾਅਦ ਵਿਚ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਵੀ ਖੁਲੇਆਮ ਕੀਤੀ ਅਤੇ ਮਦਨ ਮੋਹਣ ਮਿੱਤਲ ਨੇ ਮੌਜੂਦਾ ਸਥਿਤੀ ਵਿਚ ਗੱਠਜੋੜ ਅੰਦਰ ਛੋਟੇ ਦੀ ਬਜਾਏ ਵੱਡੇ ਭਰਾ ਦੇ ਰੋਲ ਦਾ ਦਾਅਵਾ ਠੋਕ ਦਿੱਤਾ । ਜਿਸ ਨਾਲ ਅਕਾਲੀ ਦਲ ਵੀ ਚੌਕੰਨਾ ਹੋ ਗਿਆ ਜਾਪਦੈ। ਦਿੱਲੀ ਵਿਚ ਬੀਜੇਪੀ ਵਲੋਂ ਇਕ ਵੀ ਸੀਟ ਨਾਂ ਮਿਲਣ ਦਾ ਕਾਰਨ ਅਕਾਲੀ ਦਲ ਵਲੋਂ ਨਾਗਰਿਕ ਸੋਧ ਕਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਦਾ ਕੀਤਾ ਵਿਰੋਧ ਦੱਸਿਆ, ਬੇਸ਼ਕ ਪਿਛੋਂ ਬੀਜੇਪੀ ਨੂੰ ਹਮਾਇਤ ਦੇ ਦਿੱਤੀ। ਪਰ ਬੀਜੇਪੀ ਵਲੋਂ ਦਿੱਲੀ ਦੀ ਚੋਣ ਮੁਹਿੰਮ ਦੌਰਾਨ ਅਕਾਲੀ ਦਲ ਦੇ ਨੇਤਾਵਾਂ ਨੂ ਲਾਂਭੇ ਰੱਖਣਾ ਵੀ ਗੱਠਜੋੜ ਦੀ ਅਹਿਮੀਅਤ ਘੱਟ ਹੋਣ ਦਾ ਸੰਕੇਤ ਮੰਨਿਆ ਜਾ ਰਿਹੈ। ਅਕਾਲੀ ਦਲ 'ਚ ਬਾਦਲ਼ਾਂ ਦੀ ਤਾਨਾਸ਼ਾਹੀ ਦਸਦੇ ਢੀਂਡਸਾ , ਬ੍ਰਹਮਪੁਰਾ, ਸੇਖਵਾਂ ਤੇ ਹੋਰ ਪੁਰਾਣੇ ਅਕਾਲੀ ਪਾਰਟੀ ਨੂੰ ਵੱਡਾ ਖੋਰਾ ਲਗਾ ਰਹੇ ਨੇ ਅਤੇ ਢੀਂਡਸਾ ਦਾ ਬੀਜੇਪੀ ਦੀ ਸੀਨੀਅਰ ਲੀਡਰਸਿਪ ਵਿਚ ਵੀ ਅੱਛਾ ਅਕਸ਼ ਹੈ, ਜਿਸ ਕਾਰਨ ਵੀ ਬੀਜੇਪੀ ਅਜੇ 'ਵੇਟ ਅੈਂਡ ਵਾਚ' ਦੇ ਰੌਂਅ 'ਚ ਲਗਦੀ ਹੈ। ਬੇਸ਼ਕ ਪੰਜਾਬ ਦੇ ਨਵੇਂ ਬੀਜੇਪੀ ਪ੍ਰਧਾਨ ਫਿਲਹਾਲ ਗੱਠਜੋੜ ਕਾਇਮ ਰੱਖਣ ਦੇ ਬਿਆਨ ਦੇ ਰਹੇ ਨੇ। ਹੁਣ ਵੱਡੇ ਬਾਦਲ ਦੀ ਤਲਖ ਟਿਪਣੀ ਅਕਾਲੀ ਦਲ ਦੀ ਸੋਚੀ ਸਮਝੀ ਰਣਨੀਤੀ ਦਾ ਹੀ ਹਿੱਸਾ ਜਾਪਦੀ ਹੈ। ਇਹ ਵੀ ਚਰਚੇ ਹਨ ਕਿ ਗੱਠਜੋੜ ਟੁੱਟਣ ਦੀ ਹਾਲਤ ਵਿਚ ਅਕਾਲੀ ਦਲ ਪੁਰਾਣੀ ਸਹਿਯੋਗੀ ਬੀਅੈਸਪੀ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਸਕਦਾ ਹੈ। ਕੁਝ ਵੀ ਹੋਵੇ ਗੱਠਜੋੜ ਦੇ ਦੋਵੇਂ ਭਾਈਵਾਲ ਵੱਖ ਹੋ ਕੇ ਚੋਣਾਂ ਲੜਨ ਦੇ ਨਫੇ- ਨੁਕਸਾਨ ਬਾਰੇ ਅੰਦਰ ਖਾਤੇ ਵਿਚਾਰ ਕਰਨ 'ਚ ਰੁਝੇ ਜਾਪਦੇ ਨੇ। ਦਿਲੀ ਅੰਦਰ ਬੀਜੇਪੀ ਦੀ ਕੇਜਰੀਵਾਲ ਹੱਥੋਂ ਸ਼ਰਮਨਾਕ ਹਾਰ ਨਾਲ ਅਕਾਲੀ ਦਲ ਨੂੰ ਕੁੱਝ ਰਾਹਤ ਜਰੂਰ ਮਿਲੀ ਹੈ। ਉਧਰ ਦਿੱਲੀ 'ਚ ਆਪ ਦੀ ਜਿੱਤ ਨਾਲ ਪੰਜਾਬ 'ਚ ਆਦਮੀ ਪਾਰਟੀ ਭਾਰੀ ਉਤਸ਼ਾਹਤ ਹੈ। ਗੱਠਜੋੜ ਦੇ ਭਵਿਖ ਦਾ ਨਿਸ਼ਚਿਤ ਹੀ ਪੰਜਾਬ ਦੀ ਰਾਜਨੀਤੀ ਤੇ ਗਹਿਰਾ ਪ੍ਰਭਾਵ ਪੈਣਾ ਲਾਜ਼ਮੀ ਹੈ। ਵਲੋਂ :- ਦਰਸ਼ਨ ਸਿੰਘ ਸ਼ੰਕਰg ਜਿਲਾ ਲੋਕ ਸੰਪਰਕ ਅਧਿਕਾਰੀ(ਰਿਟ.) 9915836543