ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਗੁਰਦੁਆਰਿਆਂ ਨੂੰ ਗੈਰ ਪੰਥਕਾਂ ਤੋਂ ਅਜ਼ਾਦ ਕਰਵਾਉਣ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਸੌਪਿਆਂ ਮੰਗ ਪੱਤਰ

25

January

2020

ਲੌਂਗੋਵਾਲ,25 ਜਨਵਰੀ ( ਜਗਸੀਰ ਲੌਂਗੋਵਾਲ ) - ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਜ਼ਿਲਾ ਸੰਗਰੂਰ ਦੇ ਅਕਾਲੀ ਆਗੂਆਂ ਵਿਚ ਵਧੀ ਕਸ਼ਮਕਸ਼ ਨੇ ਨਵਾਂ ਮੋੜ ਲੈ ਲਿਆ ਹੈ। ਇਸ ਸਬੰਧੀ ਸਥਾਨਕ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਅਪਣੇ ਸਾਥੀਆਂ ਸਮੇਤ ਵੱਡੀ ਵਿੱਚ ਪਹੁੰਚਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਇਥੇ ਸੰਕੇਤਕ ਧਰਨਾ ਵੀ ਦਿੱਤਾ ਗਿਆ । ਇਸ ਮੌਕੇ ਜਥੇਦਾਰ ਫੱਗੂਵਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਬਣਦੇ ਫਰਜ਼ ਨੂੰ ਨਿਭਾਉਣ ਦੇ ਯਤਨ ਕਿਉਂ ਨਹੀਂ ਕਰਦੀ ਉਨਾਂ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਜੀ ਦੇ ਪਵਿੱਤਰ ਸਥਾਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਅਸਥਾਨ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਾਜਾਇਜ਼ ਤੌਰ ਤੇ ਗੈਰ ਕਾਨੂੰਨੀ ਢੰਗ ਨਾਲ ਟਰੱਸਟ ਬਣਾ ਕੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ, ਪਿਛਲੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਅਤੇ ਪੰਥਕ ਹਿਤਾਂ ਲਈ ਵਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬਾਰੇ ਚੰਗੀ ਤਰ੍ਹਾਂ ਜਾਣੂ ਹੈ ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਜਥੇਦਾਰ ਫੱਗੂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਦੀਆਂ ਗੱਲਾਂ ਕਰਨ ਵਾਲੇ ਢੀਂਡਸਾ ਪਹਿਲਾਂ ਮਸਤੂਆਣਾ ਸਾਹਿਬ ਨੂੰ ਖੁਦ ਮੁਕਤ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਢੀਂਡਸਾ ਪਰਿਵਾਰ ਦਾ ਪੂਰਾ ਦਬਦਬਾ ਸੀ ਜਿਸ ਕਾਰਨ ਉਹ ਇਸ ਸੰਸਥਾ 'ਤੇ ਕਾਬਜ਼ ਰਹੇ ਅਤੇ ਅੱਜ ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਇਸ ਸਬੰਧੀ ਮੰਗ ਪੱਤਰ ਦੇਣ ਆਏ ਹਾਂ ।ਉਨ੍ਹਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਸਿੱਖਿਆ ਦੇ ਪਸਾਰ ਲਈ ਇਸ ਸੰਸਥਾ ਦਾ ਨਿਰਮਾਣ ਕੀਤਾ ਸੀ ਅਤੇ ਉਨ੍ਹਾਂ ਦਾ ਸੁਪਨਾ ਸੀ ਕਿ ਇਸ ਟਰੱਸਟ ਵਿਚ ਗੁਰਸਿੱਖਾਂ ਨੂੰ ਹੀ ਸ਼ਾਮਿਲ ਕੀਤਾ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਇਸ ਸੰਸਥਾ ਵਿਚ ਇਕ ਵੀ ਗੁਰਸਿੱਖ ਟਰੱਸਟੀ ਨਹੀਂ ਹੈ ।ਉਨ੍ਹਾਂ ਕਿਹਾ ਕਿ ਵੱਡੇ ਬਜਟ ਵਾਲੀ ਇਸ ਸੰਸਥਾ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੈ।ਉਨ੍ਹਾਂ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਦੋ ਸੰਸਥਾਵਾਂ ਹਨ ਅਤੇ ਦੋਵਾਂ ਦਾ ਮੁਖੀ ਇਕ ਵਿਅਕਤੀ ਨਹੀਂ ਹੋ ਸਕਦਾ ਪਰ ਸੁਖਦੇਵ ਸਿੰਘ ਢੀਂਡਸਾ ਦੋਵਾਂ ਹੀ ਕੁਰਸੀਆਂ ਨੂੰ ਚੁੰਬੜ ਕੇ ਬੈਠੇ ਹੋਏ ਹਨ ਅਤੇ ਹੁਣ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਵੀ ਇਸ ਦਾ ਟਰੱਸਟੀ ਬਣਾ ਲਿਆ ਹੈ ਜੋ ਕਿ ਨਿਯਮਾਂ ਦੇ ਉਲਟ ਹੈ । ਉਨ੍ਹਾਂ ਦਾਅਵਾ ਕੀਤਾ ਕਿ ਮਸਤੂਆਣਾ ਸਾਹਿਬ ਸੰਸਥਾ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਅਤੇ 60 ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਰੋਜ਼ਾਨਾ ਹੀ ਸੜਕ 'ਤੇ ਵੇਚਿਆ ਜਾਂਦਾ ਹੈ ।ਜੋ ਗੁਰ ਮਰਿਯਾਦਾ ਦੇ ਉਲਟ ਹੈ। ਜਥੇਦਾਰ ਨੇ ਕਿਹਾ ਕਿ 400 ਏਕੜ ਵਾਲੀ ਇਸ ਸੰਸਥਾ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ ਅਤੇ ਸਿੱਖਾਂ ਦੀ ਝੋਲੀ ਵਿਚ ਕੁੱਝ ਨਹੀਂ ਪੈ ਰਿਹਾ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2009 ਵਿਚ ਵੀ ਉਨ੍ਹਾਂ ਨੇ ਮਸਤੂਆਣਾ ਸਾਹਿਬ ਨੂੰ ਢੀਂਡਸਾ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਸੀ । ਐੱਸ. ਜੀ. ਪੀ. ਸੀ. ਦੋਗਲੀ ਨੀਤੀ ਬੰਦ ਕਰੇ ਦੇ ਬੈਨਰ ਫੜ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ ਇਨ੍ਹਾਂ ਵਿਅਕਤੀਆਂ ਨੇ ਢੀਂਡਸਾ ਵਾਲੇ ਮਸਲੇ ਤੋਂ ਇਲਾਵਾ ਮਸਤੂਆਣਾ ਸਾਹਿਬ ਵਿਖੇ ਬਣ ਰਹੇ ਦਰਬਾਰ ਸਾਹਿਬ ਦਾ ਮਾਮਲਾ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਉਠਾਇਆ ਉਨ੍ਹਾਂ ਦੱਸਿਆ ਕਿ 20 ਜੂਨ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦਾ ਭੁਲੇਖਾ ਪਾਉਂਦੀ ਇਮਾਰਤ ਵਾਲੇ ਸਰੋਵਰ ਨੂੰ ਪੂਰਨ ਸਮੇਤ ਹੋਰ ਤਬਦੀਲੀਆਂ ਕਰ ਦਿੱਤੀਆਂ ਜਾਣ ਅਤੇ ਇਸ ਕੰਮ ਨੂੰ ਪੂਰਾ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਵੀ ਕੀਤੀ ਗਈ ਸੀ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਦੇ ਵੱਡੇ ਰਾਜਨੀਤਕ ਕੱਦ ਦੇ ਚੱਲਦਿਆਂ 10 ਸਾਲ ਬੀਤ ਜਾਣ 'ਤੇ ਵੀ ਹੁਕਮਨਾਮੇ ਨੂੰ ਲਾਗੂ ਨਹੀਂ ਹੋਣ ਦਿੱਤਾ ਗਿਆ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੋ ਮੰਗ ਪੱਤਰ ਦਿੱਤਾ ਹੈ ਉਸ ਅਨੁਸਾਰ ਪਿਛਲੇ 40 ਸਾਲਾਂ ਤੋਂ ਇਸ ਅਸਥਾਨ 'ਤੇ ਕਾਬਜ਼ ਸੁਖਦੇਵ ਸਿੰਘ ਢੀਂਡਸਾ ਇਸ ਅਸਥਾਨ ਪ੍ਰਤੀ ਸਿਧਾਂਤਹੀਣ ਹੋ ਚੁੱਕੇ ਹਨ। ਇਸ ਅਸਥਾਨ 'ਤੇ ਭਾਈ ਭਤੀਜਾਵਾਦ ਅਤੇ ਡਿਕਟੇਟਰਸ਼ਿਪ ਚੱਲ ਰਿਹਾ ਹੈ। ਜਿਸ ਦੇ ਅਧੀਨ ਉਨ੍ਹਾਂ ਆਪਣੇ ਸਪੁੱਤਰ ਅਤੇ ਰਿਸ਼ਤੇਦਾਰਾਂ ਨੂੰ ਇਸ ਟਰੱਸਟ ਦਾ ਟਰੱਸਟੀ ਬਣਾ ਦਿੱਤਾ ਗਿਆਾ ਹੈ। ਇਸ ਅਸਥਾਨ ਨੂੰ ਲੈ ਕੇ ਜੋ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ ਉਹ ਬਹਿਸ 'ਤੇ ਲੱਗਾ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਪੂਰੀ ਸੁਹਿਰਦਤਾ ਨਾਲ ਇਸ ਸੰਬੰਧੀ ਆਪਣਾ ਪੱਖ ਅਦਾਲਤ ਵਿਚ ਰੱਖੇਗੀ।ਭਾਈ ਲੌਂਗੋਵਾਲ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਢੀਂਡਸਾ ਸਾਹਿਬ ਬਾਰੇ ਬੋਲਦਿਆਂ ਕਿਹਾ ਕਿ ਉਹ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਮੁੱਖ ਮੰਤਰੀ ਮੰਨੇ ਜਾਂਦੇ ਸਨ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅੈਨੀਆਂ ਪਾਵਰਾਂ ਦਿੱਤੀਆਂ ਗਈਆਂ ਸਨ,ਉਨ੍ਹਾਂ ਦੇ ਹੁਕਮ ਬਿਨਾਂ ਦੋਵਾਂ ਜ਼ਿਲ੍ਹਿਆਂ ਵਿੱਚ ਪੱਤਾ ਤੱਕ ਨਹੀਂ ਝੂੱਲਦਾ ਸੀ।ਜਿਸ ਕਰਕੇ ਬਹੁਤ ਸ਼੍ਰੋਮਣੀ ਕਮੇਟੀ ਮੈਂਬਰ ਢੀਂਡਸਾ ਸਾਹਿਬ ਦੇ ਦਬਾਅ ਹੇਠ ਸਨ ਜਿਸ ਕਰਕੇ ਦੇਰੀ ਹੋਣ ਦਾ ਕਾਰਨ ਮੰਨ ਸਕਦੇ ਹਾਂ।ਸਾਲ 2009 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੇ ਬੋਲਦਿਆਂ ਕਿਹਾ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਕੋਈ ਵੀ ਨਕਲ ਨਹੀਂ ਕਰ ਸਕਦਾ ਜੋ ਜੋ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਕੀਤੀ ਗਈ ਸੀ ਜਿਸ ਵਿਚ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ,ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਬਣਾ ਕੇ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ ।