ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ‘ਲੋਹੜੀ’ ਦੀਆਂ ਦਿੱਤੀਆਂ ਵਧਾਈਆਂ

13

January

2020

ਚੰਡੀਗੜ੍ਹ: ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਏ ਜਾਣ ਵਾਲੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅੱਜ ਦੇਸ਼ ਭਰ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ‘ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਪਾਸੇ ਲੋਹੜੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਕਈ ਦਿੱਗਜ ਨੇਤਾਵਾਂ ਵੱਲੋਂ ਪੰਜਾਬ ਵਾਸੀਆਂ ਨੂੰ ਲੋਹੜੀ ਦੀ ਮੁਬਾਰਕਬਾਦ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ “ਈਸ਼ਰ ਆ, ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ”, ਲੋਹੜੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਨਵੇਂ ਸਾਲ ਦੀ ਸ਼ੁਰੂਆਤ ‘ਚ ਹੀ ਲੋਹੜੀ ਦਾ ਤਿਉਹਾਰ ਆਉਂਦਾ ਹੈ ਤੇ ਇਸ ਤੋਂ ਹੀ ਪੰਜਾਬ ‘ਚ ਸਾਰੇ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਭੁੱਗਾ ਬਾਲ ਕੇ ਲੋਹੜੀ ਮਨਾਉਂਦੇ ਹਾਂ, ਸਾਰੇ ਆਪਣੇ ਅੰਦਰੋਂ ਦਲਿੱਦਰ ਕੱਢ ਕੇ ਨਵੀਂ-ਨਰੋਈ ਜ਼ਿੰਦਗੀ ਦੀ ਸ਼ੁਰੂਆਤ ਕਰੋ ਤੇ ਇਹੀ ਅਰਦਾਸ ਹੈ ਕਿ ਇਹ ਤਿਉਹਾਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜੇ ਲੈ ਕੇ ਆਵੇ।ਤੁਹਾਨੂੰ ਦੱਸ ਦੇਈਏ ਕਿ ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂ ਨਾਲ ਵੀ ਜੋੜਦੇ ਹਨ ਕਿ ‘ਲੋਈ’ ਦੇ ਨਾਂ ਤੋਂ ਹੀ ‘ਲੋਹੜੀ’ ਦਾ ਨਾਂ ਪਿਆ ਹੈ। ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਤੇ ਰਿਓੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ ‘ਤਿਲੋਹੜੀ’ ਸੀ ਪਰ ਬਾਅਦ ‘ਚ ‘ਲੋਹੜੀ’ ਮਸ਼ਹੂਰ ਹੋ ਗਿਆ।