Arash Info Corporation

Happy Lohri 2020: ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਦਿੱਤੀਆਂ ਵਧਾਈਆਂ

13

January

2020

ਚੰਡੀਗੜ੍ਹ: ਅੱਜ ਲੋਹੜੀ ਦਾ ਤਿਉਹਾਰ ਪੰਜਾਬ ਸਮੇਤ ਪੂਰੇ ਦੇਸ਼ ਤੇ ਦੁਨੀਆ ‘ਚ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਰ ਪਾਸੇ ਲੋਹੜੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਲੋਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰਕੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ “ਨਿੱਘ ਤੇ ਮਿਠਾਸ ਭਰੇ ਤਿਉਹਾਰ ਲੋਹੜੀ ਦੀਆਂ ਸਭ ਨੂੰ ਮੁਬਾਰਕਾਂ। ਆਓ, ਵਿਰਾਸਤੀ ਰੰਗ ਤੇ ਪਰਿਵਾਰਕ ਖੁਸ਼ੀਆਂ ਭਰਿਆ ਇਹ ਤਿਉਹਾਰ ਧੀ ਪੁੱਤ ਦਾ ਵਿਤਕਰਾ ਕੀਤੇ ਬਿਨਾਂ ਮਨਾਈਏ ਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਸਮਾਜਿਕ ਤੇ ਕੁਦਰਤੀ ਸੰਤੁਲਨ ‘ਚ ਭਾਈਵਾਲ ਬਣੀਏ।” ਉਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ “#HappyLohri! ਪਰਮਾਤਮਾ ਮਿਹਰ ਕਰੇ ਕਿ ਲੋਹੜੀ ਦੀ ਧੂਣੀ ਦੇ ਨਿੱਘ ਸਦਕਾ, ਘਰਾਂ ਦੇ ਨਾਲ ਨਾਲ ਸਾਡੇ ਹਿਰਦੇ ਵੀ ਖੁਸ਼ਹਾਲੀ ਤੇ ਉਤਸ਼ਾਹ ਨਾਲ ਭਰ ਜਾਣ।ਪਿਆਰ ਤੇ ਨਿੱਘ ਭਰੀ ਲੋਹੜੀ ਦੀਆਂ ਸਭ ਨੂੰ ਮੁਬਾਰਕਾਂ! ਤੁਹਾਨੂੰ ਦੱਸ ਦੇਈਏ ਕਿ ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂ ਨਾਲ ਵੀ ਜੋੜਦੇ ਹਨ ਕਿ ‘ਲੋਈ’ ਦੇ ਨਾਂ ਤੋਂ ਹੀ ‘ਲੋਹੜੀ’ ਦਾ ਨਾਂ ਪਿਆ ਹੈ। ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਤੇ ਰਿਓੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ ‘ਤਿਲੋਹੜੀ’ ਸੀ ਪਰ ਬਾਅਦ ‘ਚ ‘ਲੋਹੜੀ’ ਮਸ਼ਹੂਰ ਹੋ ਗਿਆ।