ਹੁਣ ਚੀਫ਼ ਜਸਟਿਸ ਕਰਨਗੇ ਈਐਸਆਈ ਹਸਪਤਾਲ ਖ਼ਿਲਾਫ਼ ਸੁਣਵਾਈ

11

October

2018

ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਫੇਜ਼-7 ਸਥਿਤ ਸਨਅਤੀ ਏਰੀਆ ਵਿੱਚ ਈਐਸਆਈ ਜ਼ੋਨਲ ਹਸਪਤਾਲ ਵਿੱਚ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਕਟਰੀ ਕਾਮਿਆਂ ਦੇ ਹੱਕਾਂ ਦੀ ਲੜਾਈ ਲੜ ਰਹੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਇਸ ਕੇਸ ਦੀ ਸੁਣਵਾਈ 19 ਨਵੰਬਰ ਨੂੰ ਹੋਵੇਗੀ। ਹੁਣ ਇਹ ਕੇਸ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਕੋਲ ਸ਼ਿਫ਼ਟ ਹੋ ਗਿਆ ਹੈ। ਇਸ ਤੋਂ ਪਹਿਲਾਂ ਕੇਸ ਅਦਾਲਤ ਨੰਬਰ-2 ਵਿੱਚ ਚੱਲ ਰਿਹਾ ਸੀ। ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਵਿੱਚ ਦਾਇਰ ਅਪੀਲ ਵਿੱਚ ਮੰਗ ਕੀਤੀ ਗਈ ਹੈ ਕਿ ਕਿਰਤੀਆਂ ਨੂੰ ਈਐਸਆਈ ਐਕਟ ਮੁਤਾਬਕ ਈਐਸਆਈ ਹਸਪਤਾਲ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਜਾਂ ਹਰੇਕ ਮਹੀਨੇ ਕਿਰਤੀਆਂ ਦੀ ਤਨਖ਼ਾਹ ’ਚੋਂ 6.5 ਫੀਸਦੀ ਫੰਡ ਕੱਟਣਾ ਬੰਦ ਕੀਤਾ ਜਾਵੇ ਤਾਂ ਜੋ ਕਿਰਤੀ ਆਪਣੀ ਮਰਜ਼ੀ ਨਾਲ ਹੋਰ ਕਿਧਰੇ ਇਲਾਜ ਜਾਂ ਇੰਸ਼ੋਰੈਂਸ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਸਾਰਾ ਇਲਾਜ ਮੁਫ਼ਤ ਹੋਣਾ ਹੁੰਦਾ ਹੈ ਕਿਉਂਕਿ ਇਲਾਜ ’ਤੇ ਆਉਣ ਵਾਲਾ ਖਰਚਾ ਮੁਲਾਜ਼ਮ ਦੀ ਤਨਖ਼ਾਹ ’ਚੋਂ ਪਹਿਲਾਂ ਕੱਟ ਲਿਆ ਜਾਂਦਾ ਹੈ। ਉਧਰ, ਕਿਰਤੀ ਸੁਰਜੀਤ ਕੁਮਾਰ ਪਿਛਲੇ ਤਿੰਨ ਸਾਲ ਤੋਂ ਆਪਣੇ ਮੈਡੀਕਲ ਬਿੱਲ ਦੀ ਅਦਾਇਗੀ ਲਈ ਖੱਜਲ ਖੁਆਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ 1 ਅਕਤੂਬਰ 2010 ਤੋਂ ਲਗਾਤਾਰ ਈਐਸਆਈ ਦੀ ਕਿਸ਼ਤ ਜਮ੍ਹਾਂ ਕਰਵਾਉਂਦਾ ਆ ਰਿਹਾ ਹੈ। ਉਹ 3 ਜੂਨ 2015 ਨੂੰ ਆਪਣੇ ਗੁਰਦੇ ਦੀ ਪੱਥਰੀ ਦੇ ਇਲਾਜ ਲਈ ਈਐਸਆਈ ਹਸਪਤਾਲ ਮੁਹਾਲੀ ਵਿੱਚ ਆਇਆ ਸੀ ਪਰ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਪੀਜੀਆਈ ਵਿੱਚ ਇਲਾਜ ਦੌਰਾਨ ਉਸ ਦਾ 28 ਹਜ਼ਾਰ 149 ਰੁਪਏ ਦਾ ਖਰਚਾ ਹੋ ਗਿਆ। ਸਾਰੇ ਬਿੱਲ ਲੋੜੀਂਦੇ ਕਾਗਜ਼ਾਤ ਸਮੇਤ 8 ਅਕਤੂਬਰ 2015 ਨੂੰ ਈਐਸਆਈ ਡਿਸਪੈਸਰੀ ਫੇਜ਼-7 ਵਿੱਚ ਜਮ੍ਹਾਂ ਕਰਵਾ ਦਿੱਤੇ ਗਏ। ਤਕਰੀਬਨ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਉਸ ਨੂੰ ਮੈਡੀਕਲ ਬਿੱਲ ਦੀ ਅਦਾਇਗੀ ਨਹੀਂ ਕੀਤੀ ਗਈ। ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਲਗਭਗ 2 ਲੱਖ ਤੋਂ ਵੱਧ ਕਿਰਤੀ ਈਐਸਆਈਸੀ ਨੂੰ ਤਕਰੀਬਨ 10 ਕਰੋੜ ਪ੍ਰਤੀ ਮਹੀਨਾ ਕੰਟਰੀਬਿਊਸ਼ਨ ਜਮ੍ਹਾਂ ਕਰਵਾਉਂਦੇ ਹਨ। ਇਸ ਬਦਲੇ ਕਿਰਤੀਆਂ ਨੂੰ ਮੁਫ਼ਤ ਮੈਡੀਕਲ ਸੁਵਿਧਾ ਪ੍ਰਦਾਨ ਕੀਤੀ ਜਾਣੀ ਹੁੰਦੀ ਹੈ ਪਰ ਮੁਹਾਲੀ ਦਾ ਈਐਸਆਈ ਹਸਪਤਾਲ ਅਤੇ ਡਿਸਪੈਂਸਰੀ ਦੀ ਹਾਲ ਬਦਤਰ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖਪਤਕਾਰ ਫੋਰਮ ਮੁਹਾਲੀ ਵੱਲੋਂ ਬਿੱਲਾਂ ਦੀ ਅਦਾਇਗੀ ਲੇਟ ਕਰਨ ਦੇ ਮਾਮਲਿਆਂ ਸਬੰਧੀ ਪਿਛਲੇ 3-4 ਸਾਲਾਂ ਵਿੱਚ ਈਐਸਆਈਸੀ ਨੂੰ 5 ਲੱਖ ਤੋਂ ਵੱਧ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ। ਈਐਸਆਈਸੀ ਹਸਪਤਾਲ ’ਚੋਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਫੇਜ-6, ਪੀਜੀਆਈ, ਸੈਕਟਰ-16 ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ ਜਿਥੇ ਇਲਾਜ ਤੇ ਸਾਰਾ ਖਰਚਾ ਕਿਰਤੀਆਂ ਨੂੰ ਆਪਣੀ ਜੇਬ ’ਚੋਂ ਕਰਨਾ ਪੈਂਦਾ ਹੈ। ਇਸ ਦੀ ਅਦਾਇਗੀ ਈਐਸਆਈਸੀ ਵੱਲੋਂ ਇੱਕ ਮਹੀਨੇ ਦੇ ਅੰਦਰ ਕਰਨੀ ਹੁੰਦੀ ਹੈ ਪਰ ਮੈਡੀਕਲ ਬਿੱਲਾਂ ਨੂੰ ਲਟਕਾ ਦੇ ਰੱਖਿਆ ਜਾਂਦਾ ਹੈ। ਕਿਸੇ ਵੀ ਕਿਰਤੀ ਦਾ ਬਿੱਲ ਪੈਂਡਿੰਗ ਨਹੀਂ: ਐੱਸਐਮਓ ਈਐਸਆਈ ਹਸਪਤਾਲ ਦੇ ਐੱਸਐਮਓ ਡਾ. ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਕਿਰਤੀ ਦਾ ਮੈਡੀਕਲ ਬਿੱਲ ਪੈਂਡਿੰਗ ਨਹੀਂ ਹੈ ਅਤੇ ਸਾਰੇ ਬਿੱਲਾਂ ਦਾ ਭੁਗਤਾਨ ਹੋ ਚੁੱਕਾ ਹੈ। ਕਿਰਤੀ ਸੁਰਜੀਤ ਕੁਮਾਰ ਦੇ ਕੇਸ ਨੂੰ ਡੀਲ ਕਰਨ ਵਾਲੇ ਹਸਪਤਾਲ ਦੇ ਪਹਿਲੇ ਕਲਰਕ ਸ਼ਿੰਦਰਪਾਲ ਦੀ ਇੱਥੋਂ ਬਦਲੀ ਹੋ ਗਈ ਹੈ। ਇਸ ਸਬੰਧੀ ਪੀੜਤ ਕਿਰਤੀ ਨੂੰ ਵੀ ਸ਼ਿੰਦਰਪਾਲ ਨਾਲ ਤਾਲਮੇਲ ਕਰਨ ਲਈ ਆਖਿਆ ਗਿਆ ਸੀ ਪਰ ਉਹ ਕਲਰਕ ਕੋਲ ਜਾਣ ਦੀ ਬਜਾਏ ਲੇਬਰ ਲਾਅ ਕਮੇਟੀ ਕੋਲ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਦਿਲਚਸਪੀ ਲੈ ਕੇ ਸੁਰਜੀਤ ਕੁਮਾਰ ਦੇ ਮੈਡੀਕਲ ਬਿੱਲ ਦੀ ਅਦਾਇਗੀ ਲਈ ਯੋਗ ਪੈਰਵੀ ਕਰਨਗੇ। ਜਦੋਂ ਐਸਐਮਓ ਨੂੰ ਮੁੱਢਲੀ ਮੈਡੀਕਲ ਸਹੂਲਤਾਂ ਦੀ ਅਣਹੋਂਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ ਤੇ ਛੇਤੀ ਹੀ ਯਾਦ-ਪੱਤਰ ਵੀ ਭੇਜਿਆ ਜਾਏਗਾ।