ਬਗ਼ਦਾਦ 'ਚ ਹਮਲੇ ਕਾਰਨ ਪੱਛਮੀ ਏਸ਼ੀਆ 'ਚ ਤਣਾਅ, ਕੱਚੇ ਤੇਲ ਤੇ ਸੋਨੇ 'ਚ ਜ਼ਬਰਦਸਤ ਉਛਾਲ, ਸ਼ੇਅਰ ਬਾਜ਼ਾਰ 'ਚ ਗਿਰਾਵਟ

03

January

2020

ਨਵੀਂ ਦਿੱਲੀ : ਇਰਾਕ ਦੀ ਰਾਜਧਾਨੀ ਬਗ਼ਦਾਦ 'ਚ ਸ਼ੁੱਕਰਵਾਰ ਨੂੰ ਹੋਏ ਰਾਕੇਟ ਹਮਲੇ ਦਾ ਅਸਰ ਦੁਨੀਆ ਭਰ ਦੇ ਬਾਜ਼ਾਰਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਕਰੂਡ ਆਇਲ ਤੇ ਸੋਨੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਸ਼ੇਅਰ ਬਾਜ਼ਾਰ ਅੱਜ ਸ਼ੁੱਕਰਵਾਰ ਨੂੰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਕਰੂਡ ਆਇਲ ਦੀਆਂ ਕੀਮਤਾਂ 'ਚ ਅੱਜ ਤਿੰਨ ਫ਼ੀਸਦੀ ਤੋਂ ਜ਼ਿਆਦਾ ਦਾ ਉਛਾਲ ਦੇਖਿਆ ਗਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਰ ਤੇਜ਼ੀ ਆਉਣ ਦੇ ਆਸਾਰ ਹਨ। ਬਗ਼ਦਾਦ ਏਅਰਪੋਰਟ 'ਤੇ ਸ਼ੁੱਕਰਵਾਰ ਨੂੰ ਇਕ ਵੱਡਾ ਰਾਕੇਟ ਹਮਲਾ ਹੋਇਆ ਜਿਸ ਵਿਚ ਈਰਾਨ ਹਮਾਇਤੀ ਕੁਰਦ ਬਲ ਦੇ ਮੁਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਸਮੇਤ ਕੁੱਲ ਅੱਟ ਲੋਕਾਂ ਦੀ ਮੌਤ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਅਮਰੀਕਾ ਵੱਲੋਂ ਕੀਤਾ ਗਿਆ ਹੈ ਜਿਸ ਵਿਚ ਉਸ ਨੇ ਆਪਣੇ ਦੂਤਘਰ 'ਤੇ ਹੋਏ ਹਮਲੇ ਦਾ ਬਦਲਾ ਲਿਆ ਹੈ। ਹਮਲੇ ਕਾਰਨ ਅਮਰੀਕਾ ਤੇ ਇਰਾਕ ਵਿਚਕਾਰ ਤਣਾਅ ਕਾਫ਼ੀ ਵਧ ਗਿਆ ਹੈ। ਇਰਾਕ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਇਰਾਕੀ ਫ਼ੌਜ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬਗ਼ਦਾਦ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਅਮਰੀਕਾ ਵੱਲੋਂ ਤਿੰਨ ਰਾਕੇਟ ਦਾਗੇ ਗਏ ਜਿਨ੍ਹਾਂ ਨਾਲ ਦੋ ਕਾਰਾਂ 'ਚ ਧਮਾਕਾ ਹੋਇਆ। ਹਮਲੇ ਕਾਰਨ ਪੂਰੇ ਪੱਛਮੀ ਏਸ਼ੀਆ 'ਚ ਤਣਾਅ ਵਰਗੇ ਹਾਲਾਤ ਹਨ। ਇਸੇ ਕਾਰਨ ਕਰੂਡ ਆਇਲ ਦੀਆਂ ਕੀਮਤਾਂ 'ਚ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਰੂਡ ਆਇਲ 'ਚ ਭਾਰੀ ਤੇਜ਼ੀ ਬ੍ਰੇਂਟ ਆਇਲ ਦੀ ਕੀਮਤ 'ਚ ਸ਼ੁੱਕਰਵਾਰ ਸਵੇਰੇ 3.43 ਫ਼ੀਸਦੀ ਦੀ ਭਾਰੀ ਤੇਜ਼ੀ ਦੇਖੀ ਜਾ ਰਹੀ ਹੈ। ਇਸ ਤੇਜ਼ੀ ਕਾਰਨ ਬ੍ਰੇਂਟ ਆਇਲ 68.47 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਓਧਰ ਕਰੂਡ ਆਇਲ WTI 'ਚ 3.12 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੇਜ਼ੀ ਕਾਰਨ ਕਰੂਡ ਆਇਲ WTI 63.10 ਡਾਲਰ ਪ੍ਰਤੀ ਬੈਰਲ 'ਤੇ ਬਣਿਆ ਹੋਇਆ ਹੈ। ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਪੱਛਮੀ ਏਸ਼ੀਆ 'ਚ ਵਧੇ ਇਸ ਤਣਾਅ ਕਾਰਨ ਨਿਵੇਸ਼ਕਾਂ ਦਾ ਰੁਖ਼ ਸੇਫ ਹੈਵਨ ਸਮਝੇ ਜਾਣ ਵਾਲੇ ਸੋਨ ਵੱਲ ਹੋ ਗਿਆ ਹੈ। ਇਸ ਨਾਲ ਸੋਨੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਐੱਮਸੀਐਕਸ ਐਕਸਚੇਂਜ 'ਤੇ ਸ਼ੁੱਕਰਵਾਰ ਸਵੇਰੇ 5 ਫਰਵਰੀ 2020 ਦੇ ਸੋਨੇ ਦੇ ਵਾਅਦਾ ਭਾਅ 1.52 ਫ਼ੀਸਦੀ ਜਾਂ 597 ਰੁਪਏ ਦੀ ਉਛਾਲ ਨਾਲ 39,850 ਰੁਪਏ ਪ੍ਰਤੀ 10 ਗ੍ਰਾਮ "ਤੇ ਆ ਗਿਆ ਹੈ। ਸੋਨੇ ਦੇ ਨਾਲ ਹੀ ਚਾਂਦੀ ਦੇ ਵਾਅਦਾ ਭਾਅ 'ਚ ਵੀ ਵਾਧਾ ਹੋਇਆ ਹੈ। ਪੰਜ ਮਾਰਚ 2020 ਦਾ ਚਾਂਦੀ ਦਾ ਵਾਅਦਾ ਭਾਅ ਸ਼ੁੱਕਰਵਾਰ ਸਵੇਰੇ 1.46 ਫ਼ੀਸਦੀ ਜਾਂ 688 ਰੁਪਏ ਦੀ ਤੇਜ਼ੀ ਨਾਲ 47,710 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ। ਆਇਲ ਮਾਰਕੀਟਿੰਗ ਤੇ ਪੇਂਟ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਕਰੂਡ ਆਇਲ 'ਚ ਉਛਾਲ ਕਾਰਨ ਆਇਲ ਮਾਰਕੀਟਿੰਗ ਤੇ ਪੇਂਟ ਕੰਪਨੀਆਂ ਦੇ ਸ਼ੇਅਰਾਂ 'ਚ ਸ਼ੁੱਕਰਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨੈਸ਼ਨਲ ਸਟਾਕ ਐਕਸਚੇਂਜ 'ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦਾ ਸ਼ੇਅਰ ਸ਼ੁੱਕਰਵਾਰ ਸਵੇਰੇ 1.87 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (BPCL) ਦਾ ਸ਼ੇਅਰ 1.29 ਫ਼ੀਸਦੀ ਦੀ ਗਿਰਾਵਟ ਨਾਲ ਟ੍ਰੈਂਡ ਕਰ ਰਿਹਾ ਸੀ। ਉੱਥੇ ਹੀ ਏਸ਼ੀਅਨ ਪੇਂਟਸ ਦਾ ਸ਼ੇਅਰ 1.76 ਫ਼ੀਸਦੀ ਤੇ ਬਰਜਰ ਪੇਂਟ ਦਾ ਸ਼ੇਅਰ 0.13 ਫ਼ੀਸਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।