ਪੰਜਾਬ ਸਮੇਤ ਉੱਤਰੀ ਭਾਰਤ ’ਚ ਠੰਡ ਨੇ ਠਾਰੇ ਲੋਕਾਂ ਦੇ ਹੱਡ , ਆਉਣ ਵਾਲੇ ਦਿਨਾਂ ‘ਚ ਹੋਰ ਵਧੇਗੀ ਠੰਡ

24

December

2019

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਜਿਥੇ ਕੜਾਕੇ ਦੀਠੰਡ ਪੈ ਰਹੀ ਹੈ , ਉਥੇ ਹੀ ਸੰਘਣੀ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਪੰਜਾਬ ਵਿੱਚ ਅੱਜ ਸਵੇਰੇ 5 ਵਜੇ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧੁੰਦ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ। ਇਸ ਠੰਡ ਦੇ ਕਹਿਰ ‘ਚ ਅੱਜ ਸੰਘਣੀ ਧੁੰਦ ਆਉਣ ਨਾਲ ਸੜਕਾਂ ‘ਤੇ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਅਤੇ ਵ੍ਹੀਕਲਾਂ ਦੇ ਚਾਲਕਾਂ ਨੂੰ ਲਾਈਟਾਂ ਜਗਾ ਕੇ ਚੱਲਣਾ ਪਿਆ ਹੈ। ਇਸ ਧੁੰਦ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ ’ਤੇ ਤੁਰਨਾ ਮੁਸ਼ਕਲ ਹੋ ਗਿਆ ਹੈ ਅਤੇ ਆਵਾਜਾਈ ਘੱਟ ਗਈ ਅਤੇ ਰੇਲ ਗੱਡੀਆਂ ਦੀ ਰਫਤਾਰ ਵੀ ਹੋਲੀ ਹੋ ਗਈ ਹੈ ਅਤੇ ਇਸ ਸੰਘਣੀ ਧੁੰਦ ਕਾਰਨ ਰੇਲਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕਾਂ ਨੇ ਅੱਗ ਅਤੇ ਬਿਜਲੀ ਦੇ ਹੀਟਰਾਂ ਦਾ ਸਹਾਰਾ ਲਿਆ ਹੈ। ਇਸ ਠੰਡ ਦੇ ਕਹਿਰ ‘ਚ ਮਜ਼ਦੂਰ ਵਰਗ ਲਈ ਮੁਸ਼ਕਲਾਂ ਵਧ ਗਈਆਂ ਹਨ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਠੰਡ ਦੇ ਕਾਰਨ ਅਸੀਂ ਦੁਕਾਨਾਂ ਵੀ ਲੇਟ ਖੋਲ੍ਹਦੇ ਹਾਂ ਤੇ ਗਾਹਕ ਵੀ ਸਾਰਾ-2 ਦਿਨ ਦੇਖਣ ਨੂੰ ਨਹੀਂ ਮਿਲਦਾ,ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਠੰਡ ਜਾਰੀ ਰਹੀ ਤਾਂ ਉਨ੍ਹਾਂ ਲਈ ਹੋਰ ਮੁਸੀਬਤ ਵਧ ਸਕਦੀ ਹੈ। ਇਸ ਸਾਲ ਦੇ ਬਾਕੀ ਦਿਨਾਂ ਦੌਰਾਨ ਠੰਡਸਗੋਂ ਹੋਰ ਵੀ ਵਧਣ ਦੀ ਸੰਭਾਵਨਾ ਹੈ। ਕੜਾਕੇ ਦੀ ਸਰਦੀ ਐਤਕੀਂ ਕ੍ਰਿਸਮਸ ਤੇ ਨਵੇਂ ਸਾਲ ਵਿੱਚ ਵਿਘਨ ਪਾ ਸਕਦੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ’ਚ 28 ਤੇ 29 ਦਸੰਬਰ ਨੂੰ ਪਾਰਾ ਚਾਰ ਡਿਗਰੀ ਸੈਲਸੀਅਸ ਤੱਕ ਡਿੱਗਣ ਦਾ ਅਨੁਮਾਨ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਸੀਤ ਲਹਿਰ ਹੋਰ ਵਧਣ ਦੀ ਸੰਭਾਵਨਾ ਹੈ।