ਨਹੀਂ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ

21

December

2019

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ 78 ਸਾਲ ਦੇ ਸਨ। ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਬੀਤੇ ਦਿਨੀਂ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਗੁੜਗਾਓਂ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਸ਼ੁੱਕਰਵਾਰ ਸ਼ਾਮ ਉਨ੍ਹਾਂ ਨੇ ਆਖਰੀ ਸਾਹ ਲਿਆ ਹੈ। ਉਨ੍ਹਾਂ ਦਾ ਅੰਤਮ ਸਸਕਾਰ ਭਲਕੇ 22 ਦਸੰਬਰ (ਐਤਵਾਰ) ਬਾਅਦ ਦੁਪਹਿਰ 2 ਵਜੇ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਲੁਧਿਆਣਾ ਵਿਖੇ ਲਿਆਂਦੀ ਗਈ ਹੈ ,ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਮੋਰਚੀ ਘਰ ਵਿੱਚ ਰੱਖਿਆ ਗਿਆ ਹੈ। ਮੀਡੀਆ ਖ਼ਬਰਾਂ ਮੁਤਾਬਕ ਉਨ੍ਹਾਂ ਦੇ ਪੋਤਰਿਆਂ ਦੇ ਵਿਦੇਸ਼ ਤੋਂ ਪਰਤਣ ਬਾਅਦ ਹੀ ਅੰਤਿਮ ਸਸਕਾਰ ਦੀ ਰਸਮ ਅਦਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2004 ‘ਚ ਉਹ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਸਨ ਤੇ ਅਗਲੇ ਸਾਲ ਹੀ ਉਹ ਪ੍ਰਧਾਨ ਚੁਣ ਲਏ ਗਏ ਸਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ 11 ਸਾਲ ਪ੍ਰਧਾਨ ਰਹੇ ਹਨ। ਉਹ ਲੁਧਿਆਣਾ ਸ਼ਹਿਰੀ ਅਕਾਲੀ ਜਥੇ ਦੇ ਕਾਰਜਕਾਰੀ ਪ੍ਰਧਾਨ ਰਹੇ ਤੇ ਲੁਧਿਆਣਾ ਦੇ ਪ੍ਰਮੁੱਖ ਧਾਰਮਕ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਮੁੱਢਲੇ ਮੁੱਖ ਸੇਵਾਦਾਰ ਸਨ।