ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਆੜ੍ਹਤੀਆਂ ਵੱਲੋਂ ਤੰਗ-ਪਰੇਸ਼ਾਨ ਕਰਨ ‘ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

16

December

2019

ਤਰਨਤਾਰਨ: ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਸੂਬੇ ਅੰਦਰ ਕਿਸਾਨ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਕਮਜੋਰ ਹੁੰਦੀ ਜਾ ਰਹੀ ਹੈ,ਜਿਸ ਦੇ ਕਾਰਨ ਸੂਬੇ ਅੰਦਰ ਹਰ ਰੋਜ਼ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਤਰਨਤਾਰਨ ਰੋਡ ‘ਤੇ ਪੈਂਦੇ ਪਿੰਡ ਚਾਟੀਵਿੰਡ ਦੇ ਇੱਕ ਕਿਸਾਨ ਵੱਲੋਂ ਆੜ੍ਹਤੀਆਂ ਵਲੋਂ ਤੰਗ-ਪਰੇਸ਼ਾਨ ਕਰਨ ‘ਤੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ।ਮ੍ਰਿਤਕ ਕਿਸਾਨ ਦੀ ਪਹਿਚਾਣ ਪਰਮਜੀਤ ਸਿੰਘ ਦੇ ਰੂਪ ‘ਚ ਹੋਈ ਹੈ। ਇਸ ਸੰਬੰਧੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਕਿਸਾਨ ਵਲੋਂ ਆੜ੍ਹਤੀਏ ਅਤੇ ਉਸ ਦੇ ਦੋਹਾਂ ਬੇਟਿਆਂ ਵਿਰੁੱਧ ਲਿਖਿਆ ਖ਼ੁਦਕੁਸ਼ੀ ਨੋਟ ਕਬਜ਼ੇ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।