ਉਨਾਓ ਜ਼ਬਰ ਜਨਾਹ ਮਾਮਲੇ ‘ਚ MLAਕੁਲਦੀਪ ਸੇਂਗਰ ਨੂੰ ਸਜ਼ਾ ਹੋਵੇਗੀ ਜਾਂ ਨਹੀਂ , ਕੋਰਟ ਅੱਜ ਸੁਣਾਏਗੀ ਫ਼ੈਸਲਾ

16

December

2019

ਨਵੀਂ ਦਿੱਲੀ : ਦਿੱਲੀ ਦੀ ਤੀਸ ਹਜ਼ਾਰੀ ਕੋਰਟ ਅੱਜਉਨਾਓ ਦੇ ਬਹੁ–ਚਰਚਿਤ ਅਗ਼ਵਾ ਤੇ ਜ਼ਬਰ ਜਨਾਹ ਮਾਮਲੇ ’ਚ ਮੁਲਜ਼ਮ ਤੇ ਭਾਜਪਾ ’ਚੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ‘ਤੇ ਫ਼ੈਸਲਾ ਸੁਣਾ ਸਕਦੀ ਹੈ। ਤੀਸ ਹਜ਼ਾਰੀ ਅਦਾਲਤ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਬੀਤੀ 10 ਦਸੰਬਰ ਨੂੰ ਸੀਬੀਆਈ ਤੇ ਮੁਲਜ਼ਮ ਦਾ ਪੱਖ ਸੁਣਨ ਤੋਂ ਬਾਅਦ ਕਿਹਾ ਸੀ ਕਿ ਉਹ 16 ਦਸੰਬਰ ਨੂੰ ਆਪਣਾ ਫ਼ੈਸਲਾ ਸੁਣਾ ਸਕਦੇ ਹਨ। ਸੁਪਰੀਮ ਕੋਰਟ ਦੇ ਹੁਕਮ ’ਤੇ ਇਸ ਮਾਮਲੇ ਨੂੰ ਲਖਨਊ ਤੋਂ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਜਸਟਿਸ ਸ਼ਰਮਾ ਨੇ ਪੰਜ ਅਗਸਤ ਤੋਂ ਰੋਜ਼ਾਨਾ ਆਧਾਰ ਉੱਤੇ ਇਸ ਕੇਸ ਦੀ ਸੁਣਵਾਈ ਕੀਤੀ ਸੀ। ਭਾਜਪਾ ’ਚੋਂ ਕੱਢੇ ਵਿਧਾਇਕ ਸੇਂਗਰ ’ਤੇ ਸਾਲ 2017 ’ਚ ਇੱਕ ਨਾਬਾਲਗ਼ ਨੂੰ ਅਗ਼ਵਾ ਕਰਨ ਤੇ ਉਸ ਨਾਲ ਜ਼ਬਰ -ਜਨਾਹ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਇੱਕ ਸਹਿ ਮੁਲਜ਼ਮ ਸ਼ਸ਼ੀ ਸਿੰਘ ਉੱਤੇ ਵੀ ਮੁਕੱਦਮਾ ਚੱਲ ਰਿਹਾ ਹੈ। ਇਸ ਮਾਮਲੇ ’ਚ ਪੀੜਤ ਲੜਕੀ ਦਾ ਬਿਆਨ ਦਰਜ ਕਰਨ ਲਈ ਏਮਸ ’ਚ ਖ਼ਾਸ ਅਦਾਲਤ ਲਾਈ ਗਈ ਸੀ। ਇਸ ਦੌਰਾਨ ਵਿਸ਼ੇਸ਼ ਅਦਾਲਤ ਨੇ ਬੀਤੀ 9 ਅਗਸਤ ਨੂੰ ਸੇਂਗਰ ਤੇ ਹੋਰ ਮੁਲਜ਼ਮਾਂ ਉੱਤੇ ਮੁਕੱਦਮਾ ਚਲਾਉਣ ਲਈ ਦੋਸ਼ ਆਇਦ ਕੀਤੇ ਸਨ। ਦੱਸ ਦੇਈਏ ਕਿ ਇਸ ਦੇ ਇਲਾਵਾ ਜ਼ਬਰ ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਵਿਧਾਇਕ ਉੱਤੇ ਪੀੜਤ ਕੁੜੀ ਦੇ ਪਿਤਾ ਦਾ ਕਤਲ ਕਰਵਾਉਣ ਦਾ ਵੀ ਇਲਜ਼ਾਮ ਹੈ। ਉਨ੍ਹਾਂ ਨੂੰ 3 ਅਪ੍ਰੈਲ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਿਰਾਸਤ ’ਚ ਪੀੜਤ ਲੜਕੀ ਦੇ ਪਿਤਾ ਦੀ ਮੌਤ ਹੋ ਗਈ ਸੀ।