ਉਨਾਵ ਗੈਂਗਰੇਪ ਮਾਮਲਾ : ਪੀੜਤਾ ਨੂੰ ਜ਼ਿੰਦਾ ਸਾੜਨ ਵਾਲੇ ਪੰਜ ਦੋਸ਼ੀ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੇ

07

December

2019

ਨਵੀਂ ਦਿੱਲੀ : ਉਨਾਵ ਗੈਂਗਰੇਪ ਪੀੜਤਾ ਨੂੰ ਜ਼ਿੰਦਾ ਸਾੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਦੋਸ਼ੀਆਂ ਨੂੰ ਅਦਾਲਤ ਨੇ14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਇੰਚਾਰਜ ਅਜੈ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਕੇਸ ਦੇ ਸਾਰੇ ਪੰਜ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਰਾਟ ਸਕਸੈਨਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਓਧਰ ਦੂਜੇ ਪਾਸੇ ਉਨਾਵ ਗੈਂਗਰੇਪ ਦੀ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਕਰੀਬ 11.40 ਵਜੇ ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਦਮ ਤੋੜ ਦਿੱਤਾ ਹੈ। ਸਫਦਰਜੰਗ ਹਸਪਤਾਲ ਵਿੱਚ ਵਿਭਾਗ ਦੇ ਮੁਖੀ ਡਾ: ਸ਼ਲਭ ਕੁਮਾਰ ਦੇ ਹਵਾਲੇ ਨਾਲ ਦੱਸਿਆ, ਪੀੜਤ ਨੂੰ ਰਾਤ 11.10 ਵਜੇ ਦਿਲ ਦਾ ਦੌਰਾ ਪਿਆ ਤੇ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਸ ‘ਚ ਸਫਲ ਨਹੀਂ ਹੋ ਸਕੇ ਤੇ ਪੀੜਤ ਲੜਕੀ 11:40 ਵਜੇ ਦਮ ਤੌੜ ਗਈ। ਦੱਸ ਦਈਏ ਕਿ ਉਨਾਓ ਜ਼ਿਲੇ ਦੀ 23 ਸਾਲਾ ਇਕ ਲੜਕੀ ਕੇਸ ਦੀ ਪੈਰਵੀ ਦੇ ਸਿਲਸਿਲੇ ਵਿਚ ਰਾਏਬਰੇਲੀ ਲਈ ਰਵਾਨਾ ਹੋਣ ਲਈ ਵੀਰਵਾਰ 5 ਦਸੰਬਰ ਨੂੰ ਸਵੇਰੇ 4 ਵਜੇ ਬੈਸਵਾੜਾ ਰੇਲਵੇ ਸਟੇਸ਼ਨ ਜਾ ਰਹੀ ਸੀ। ਇਸ ਦੌਰਾਨ ਅਚਾਨਕ ਰਸਤੇ ‘ਚ ਬਿਹਾਰ-ਮੋਰਾਂਵਾ ਸੜਕ ‘ਤੇ ਜ਼ਮਾਨਤ ‘ਤੇ ਬਾਹਰ ਆਏ ਸ਼ਿਵਮ ਅਤੇ ਸ਼ੁਭਮ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤ ‘ਤੇ ਪੈਟਰੋਲ ਪਾ ਦਿੱਤਾ ਤੇ ਅੱਗ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਲਗਭਗ 90 ਫੀਸਦ ਤੱਕ ਸੜ ਚੁਕੀ ਲੜਕੀ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ ‘ਚ ਵੀਰਵਾਰ ਨੂੰ ਸ਼ਿਫਟ ਕੀਤਾ ਗਿਆ ਸੀ। ਪੀੜਤ ਲੜਕੀ ਨੇ 12 ਦਸੰਬਰ 2018 ਨੂੰ ਸ਼ਿਵਮ ਅਤੇ ਸ਼ੁਭਮ ਖਿਲਾਫ ਬਲਾਤਕਾਰ ਦਾ ਕੇਸ ਦਾਇਰ ਕਰਵਾਇਆ ਸੀ। ਇਸ ਕੇਸ ਚ ਸ਼ਿਵਮ, ਸ਼ੁਭਮ, ਰਾਮਕਿਸ਼ੋਰ, ਹਰੀਸ਼ੰਕਰ ਅਤੇ ਉਮੇਸ਼ ਨਾਮ ਦੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।