ਝਾਰਖੰਡ ਵਿਧਾਨ ਸਭਾ ਚੋਣਾਂ 2019 : ਦੂਜੇ ਪੜਾਅ ਵਿੱਚ 20 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ

07

December

2019

ਰਾਂਚੀ : ਅੱਜ ਦੂਜੇ ਪੜਾਅ ਵਿੱਚ ਝਾਰਖੰਡ ਦੀਆਂ 20 ਵਿਧਾਨ ਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਜਿਸ ਦੇ ਲਈ ਲੋਕ ਸਵੇਰ ਤੋਂ ਹੀ ਵੋਟ ਪਾਉਣ ਦੇ ਲਈ ਕਤਾਰਾਂ ‘ਚ ਖੜ੍ਹੇ ਹੋਏ ਹਨ। ਇਸ ਦੌਰਾਨ ਝਾਰਖੰਡ ਦੀਆਂ 20 ਵਿਧਾਨ ਸਭਾ ਸੀਟਾਂ ‘ਚੋਂ ਬਹਰਾਗੌੜਾ, ਘਾਟਸ਼ਿਲਾ, ਪੋਟਕਾ, ਜੁਗਸਲਾਈ, ਜਮਸ਼ੇਦਪੁਰ ਪੂਰਬ, ਜਮਸ਼ੇਦਪੁਰ ਪੱਛਮੀ, ਸਰਾਏਕੇਲਾ, ਖਰਸਵਾਨ, ਚਾਈਬਾਸਾ, ਮੱਝਗਾਓਂ, ਜਾਗਰਨਾਥਪੁਰ, ਮਨੋਹਰਪੁਰ, ਚੱਕਰਧਰਪੁਰ, ਤਮਾਰ, ਸੀਸਾਈ, ਮੰਦਰ, ਤੋਰਪਾ, ਖੁੰਟੀ, ਸਿਮਦੇਗਾ ਅਤੇ ਕੋਲੈਬੀਰਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿੱਚ 260 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਦੇ ਨਾਲ ਹੀ 48 ਲੱਖ 25 ਹਜ਼ਾਰ 38 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵਿਧਾਨ ਸਭਾ ਦੀਆਂ 20 ਵਿਚੋਂ 9 ਸੀਟਾਂ ‘ਤੇ ਔਰਤਾਂ ਦੀ ਭਾਗੀਦਾਰੀ ਮਹੱਤਵਪੂਰਨ ਹੋਵੇਗੀ ਕਿਉਂਕਿ ਉਹ ਇਨ੍ਹਾਂ ਅੱਠ ਸੀਟਾਂ ‘ਤੇ ਪੁਰਸ਼ ਵੋਟਰਾਂ ਨਾਲੋਂ ਕਿਤੇ ਵੱਧ ਹਨ। ਇਸ ਪੜਾਅ ਵਿਚ ਤੀਜੇ ਲਿੰਗ ਦੇ 90 ਵੋਟਰ ਹਨ। ਜਮਸ਼ੇਦਪੁਰ ਪੂਰਬ ਵਿਚ ਤੀਜੇ ਲਿੰਗ ਦੇ ਵੋਟਰਾਂ ਦੀ ਸਭ ਤੋਂ ਵੱਧ ਗਿਣਤੀ ਹੈ। ਓਥੇ ਦੂਜੇ ਪੜਾਅ ਵਿੱਚ ਭਾਜਪਾ ਸਾਰੀਆਂ 20 ਸੀਟਾਂ ‘ਤੇ ਚੋਣ ਲੜ ਰਹੀ ਹੈ। ਇਸ ਦੇ ਨਾਲ ਹੀ ਝਾਰਖੰਡ ਮੁਕਤੀ ਮੋਰਚਾ 14 ਅਤੇ ਕਾਂਗਰਸ ਛੇ ਸੀਟਾਂ ‘ਤੇ ਚੋਣ ਮੈਦਾਨ ‘ਚ ਹੈ। ਆਜਸੂ 12 ਸੀਟਾਂ ‘ਤੇ, ਝਾਰਖੰਡ ਵਿਕਾਸ ਮੋਰਚਾ ਸਾਰੀਆਂ 20 ਸੀਟਾਂ’ ਤੇ ਚੋਣ ਲੜ ਰਿਹਾ ਹੈ ਜਦਕਿ ਬਸਪਾ 14 ਸੀਟਾਂ ‘ਤੇ ਚੋਣ ਲੜ ਰਹੀ ਹੈ। ਸੀਪੀਆਈ ਦੇ ਦੋ ਉਮੀਦਵਾਰ, ਇਕ ਸੀ ਪੀ ਆਈ (ਐਮ) ਅਤੇ ਦੋ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ। ਦੂਜੇ ਪੜਾਅ ਵਿੱਚ ਤ੍ਰਿਣਮੂਲ ਕਾਂਗਰਸ ਦੇ ਛੇ ਉਮੀਦਵਾਰ ਵੀ ਚੋਣ ਲੜ ਰਹੇ ਹਨ। ਦੱਸ ਦੇਈਏ ਕਿ ਝਾਰਖੰਡ ਵਿੱਚ ਕੁੱਲ 81 ਵਿਧਾਨ ਸਭਾ ਸੀਟਾਂ ਹਨ। ਚੋਣ ਕਮਿਸ਼ਨਰ ਅਨੁਸਾਰ ਸੂਬੇ ਵਿਚ ਪੰਜ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਵੋਟਿੰਗ ਦਾ ਪਹਿਲਾ ਪੜਾਅ 30 ਨਵੰਬਰ ਨੂੰ ਹੋਇਆ ਸੀ ਅਤੇ ਦੂਜੇ ਪੜਾਅ ਤਹਿਤ 7 ਦਸੰਬਰ ਨੂੰ ਯਾਨੀ ਅੱਜ ਵੋਟਾਂ ਪੈ ਰਹੀਆਂ ਹਨ। ਇਸ ਦੇ ਬਾਅਦ 12 ਦਸੰਬਰ ਨੂੰ ਤੀਜੇ ਪੜਾਅ ,16 ਦਸੰਬਰ ਨੂੰ ਚੌਥੇ ਪੜਾਅ ਅਤੇ 20 ਦਸੰਬਰ ਨੂੰ ਪੰਜਵੇਂ ਪੜਾਅ ਤਹਿਤ ਵੋਟਿੰਗ ਹੋਵੇਗੀ। ਇਸ ਦੌਰਾਨ ਪਹਿਲੇ ਪੜਾਅ ਵਿਚ 13 ਸੀਟਾਂ ,ਦੂਜੇ ਪੜਾਅ ਵਿਚ ਅੱਜ 20 ਸੀਟਾਂ ‘ਤੇ ਮਤਦਾਨ ਹੋ ਰਿਹਾ ਹੈ ਅਤੇ ਤੀਜੇ ਪੜਾਅ ਵਿਚ 17 ਸੀਟਾਂ, ਚੌਥੇ ਪੜਾਅ ਵਿਚ 15 ਸੀਟਾਂ ਅਤੇ ਪੰਜਵੇਂ ਪੜਾਅ ਵਿਚ 16 ਸੀਟਾਂ ਲਈ ਮਤਦਾਨ ਹੋਵੇਗਾ। ਇਨ੍ਹਾਂ ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਆਉਣਗੇ।