PM ਨਰਿੰਦਰ ਮੋਦੀ ਨੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਮੁੜ ਮੁੱਖ ਮੰਤਰੀ ਤੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਨ ‘ਤੇ ਦਿੱਤੀ ਵਧਾਈ

23

November

2019

ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਕਰੀਬ ਇਕ ਮਹੀਨੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਰਾਤੋ-ਰਾਤ ਵੱਡਾ ਫੇਰਬਦਲਕਰਦੇ ਹੋਏ ਅੱਜ ਸਵੇਰੇ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਸਰਕਾਰ ਬਣਾ ਦਿੱਤੀ ਹੈ। ਇਸ ਦੌਰਾਨ ਭਾਜਪਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP -ਨੈਸ਼ਨਲਿਸਟ ਕਾਂਗਰਸ ਪਾਰਟੀ) ਦੀ ਹਮਾਇਤ ਨਾਲ ਸਰਕਾਰ ਬਣਾ ਲਈ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ 8:00 ਵਜੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ। ਇਸ ਦੌਰਾਨ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਫੜਨਵੀਸ ਤੇ ਅਜੀਤ ਪਵਾਰ ਨੂੰ ਸਹੁੰ ਚੁਕਾਈ ਹੈ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਦੋਬਾਰਾ ਮੁੱਖ ਮੰਤਰੀ ਬਣਨ ’ਤੇ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਲੈਣ ਵਾਲੇ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੂੰ ਬਹੁਤ ਬਹੁਤ ਵਧਾਈ।ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਮਹਾਰਾਸ਼ਟਰ ਦੇ ਉੱਜਲ ਭਵਿੱਖ ਲਈ ਪੂਰੀ ਲਗਨ ਨਾਲ ਕੰਮ ਕਰਨਗੇ। ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਖ਼ਾਸ ਕਰਕੇ ਸ਼ਿਵ ਸੈਨਾ ਨੂੰ ਵੱਡਾ ਝਟਕਾ ਲੱਗਾ ਹੈ ,ਕਿਉਂਕਿ ਕੱਲ੍ਹ ਤੱਕ ਤਾਂ ਐੱਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਵਿਚਾਲੇ ਹੀ ਮੀਟਿੰਗਾਂ ਚੱਲ ਰਹੀਆਂ ਸਨ ਤੇ ਸਭ ਨੂੰ ਇਹੋ ਲੱਗ ਰਿਹਾ ਸੀ ਕਿ ਇਹ ਨਵਾਂ ਗੱਠਜੋੜ ਹੀ ਸਰਕਾਰ ਬਣਾਏਗਾ ਪਰ ਰਾਤੋ ਰਾਤ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਭਾਜਪਾ ਨਾਲ ਹੱਥ ਮਿਲਾ ਕੇ ਸ਼ਿਵ ਸੈਨਾ ਨੂੰ ਵੱਡੀ ਮਾਤ ਦੇ ਦਿੱਤੀ। ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ‘ਤੇ 21 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਤੇ ਨਤੀਜੇ 24 ਅਕਤੂਬਰ ਨੂੰ ਆਏ ਸਨ ਪਰ ਸੂਬੇ ਵਿੱਚ ਕਿਸੇ ਪਾਰਟੀ ਜਾਂ ਗੱਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰਨ ਕਰਕੇ ਸੂਬੇ ਵਿੱਚ 12 ਨਵੰਬਰ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।