ਕੂੜੇ ਦੀ ਸੰਭਾਲ ਲਈ ਸਾਂਝਾ ਪ੍ਰਾਜੈਕਟ ਲਾਉਣ ਦਾ ਫ਼ੈਸਲਾ ਮੁਲਤਵੀ

10

October

2018

ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੂੜੇ ਦੀ ਸਾਂਭ ਸੰਭਾਲ ਅਤੇ ਕੂੜੇ ਤੋਂ ਬਿਜਲੀ ਪੈਦਾ ਕਰਨ ਲਈ ਗਮਾਡਾ ਅਤੇ ਪਟਿਆਲਾ ਕਲਸਟਰ ਦੇ ਸਾਂਝੇ ਪ੍ਰਾਜੈਕਟ ਨੂੰ ਹਾਊਸ ਵਿੱਚ ਲੰਮੀ ਚਰਚਾ ਤੋਂ ਬਾਅਦ ਪੈਂਡਿੰਗ ਰੱਖਿਆ ਗਿਆ ਹੈ। ਮੇਅਰ ਅਤੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਹਾਊਸ ਨੂੰ ਦੱਸਿਆ ਕਿ ਮੁਹਾਲੀ ਅਤੇ ਪਟਿਆਲਾ ਨਗਰ ਨਿਗਮ ਸਮੇਤ ਦੋਵੇਂ ਜ਼ਿਲ੍ਹਿਆਂ ਦੀਆਂ ਕਰੀਬ 37 ਨਗਰ ਕੌਂਸਲਾਂ ਅਧੀਨ ਘਰ ਘਰ ਤੋਂ ਕੂੜਾ ਇਕੱਠਾ ਕਰਕੇ ਮੁਹਾਲੀ ਦਾ ਪਿੰਡ ਸਮਗੌਲੀ ਅਤੇ ਪਟਿਆਲਾ ਦਾ ਪਿੰਡ ਦੂਧਰ ਵਿੱਚ ਸੁੱਟਿਆ ਜਾਣਾ ਹੈ। ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਸ ਪ੍ਰਾਜੈਕਟ ਦਾ ਸਵਾਗਤ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਤਾਂ ਦੱਸਿਆ ਪਰ ਨਾਲ ਹੀ ਇਸ ਪ੍ਰਾਜੈਕਟ ਦੀ ਸਾਰੀ ਜ਼ਿੰਮੇਵਾਰੀ ਮੁਹਾਲੀ ’ਤੇ ਸੁੱਟਣ ਦਾ ਵਿਰੋਧ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਇਸ ਪ੍ਰਾਜੈਕਟ ਲਈ ਨੋਡਲ ਏਜੰਸੀ ਪੀਐਮਆਈਡੀਸੀ ਨੂੰ ਬਣਾਇਆ ਜਾਣਾ ਚਾਹੀਦਾ ਹੈ। ਜੇਕਰ ਮੁਹਾਲੀ ਨਿਗਮ ਨੂੰ ਨੋਡਲ ਏਜੰਸੀ ਬਣਾਉਣਾ ਹੈ ਤਾਂ ਇਸ ਸਬੰਧੀ ਪੈਸੇ ਦੀ ਗਾਰੰਟੀ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇਹ ਪ੍ਰਾਜੈਕਟ ਬਹੁਤ ਵਧੀਆ ਹੈ ਪਰ ਜੇਕਰ ਮੁਹਾਲੀ ਨਿਗਮ ਦੇ ਮੋਢੇ ਕਰੋੜਾਂ ਰੁਪਏ ਦਾ ਭਾਰ ਚੁੱਕਣ ਨੂੰ ਤਿਆਰ ਹਨ ਤਾਂ ਲੋਕ-ਹਿੱਤ ਵਿੱਚ ਇਸ ਦੀ ਜ਼ਿੰਮੇਵਾਰੀ ਚੁੱਕ ਲੈਣੀ ਚਾਹੀਦੀ ਹੈ। ਬਾਅਦ ਵਿੱਚ ਸਾਰੇ ਕੌਂਸਲਰਾਂ ਦੀ ਰਾਇ ਨਾਲ ਇਸ ਮਤੇ ਨੂੰ ਪੈਂਡਿੰਗ ਰੱਖਦਿਆਂ ਪੰਜਾਬ ਸਰਕਾਰ ਨੂੰ ਦੂਜੀਆਂ ਨਗਰ ਕੌਂਸਲਾਂ ਦੇ ਹਿੱਸੇ ਆਉਂਦੀ ਅਦਾਇਗੀ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਅਤੇ ਪ੍ਰਾਜੈਕਟ ਵਿਚਲੀਆਂ ਤਰੁੱਟੀਆਂ ਦੂਰ ਕਰਨ ਲਈ ਸਿਫਾਰਸ਼ ਭੇਜਣ ਦਾ ਫੈਸਲਾ ਲਿਆ ਗਿਆ। ਇਸੇ ਦੌਰਾਨ ਕੌਂਸਲਰ ਆਰਪੀ ਸ਼ਰਮਾ ਦੀ ਮੰਗ ’ਤੇ ਫੇਜ਼-6 ਵਿੱਚ ਨਵਾਂ ਟਿਊਬਵੈਲ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਪਰਮਜੀਤ ਸਿੰਘ ਕਾਹਲੋਂ ਨੇ ਸ਼ਹਿਰ ਵਿੱਚ ਨਾਜਾਇਜ਼ ਰੇਹੜੀਆਂ ਦਾ ਮੁੱਦਾ ਚੁੱਕਿਆ। ਮੇਅਰ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਅਸਿਸਟੈਂਟ ਕਮਿਸ਼ਨਰ ਸਰਬਜੀਤ ਸਿੰਘ ਨੂੰ ਦੋ ਦਿਨਾਂ ਦੇ ਅੰਦਰ ਸ਼ਹਿਰ ’ਚੋਂ ਨਾਜਾਇਜ਼ ਰੇਹੜੀਆਂ ਚੁੱਕਣ ਦੇ ਹੁਕਮ ਦਿੱਤੇ। ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਬਾਂਦਰਾਂ ਦੀ ਦਹਿਸ਼ਤ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ। ਸਤਵੀਰ ਸਿੰਘ ਧਨੋਆ ਤੇ ਬੌਬੀ ਕੰਬੋਜ ਨੇ ਸ਼ਹਿਰ ਵਿੱਚ ਲਾਵਾਰਿਸ ਕੁੱਤਿਆਂ ਅਤੇ ਪਸ਼ੂਆਂ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਇਹ ਸਮੱਸਿਆ ਅੱਜ ਵੀ ਬਰਕਰਾਰ ਹੈ। ਸੁਖਦੇਵ ਸਿੰਘ ਪਟਵਾਰੀ ਨੇ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਦਾ ਮੁੱਦਾ ਚੁੱਕਦਿਆਂ ਨਿਗਮ ਸਟਾਫ਼ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ। ਮੇਅਰ ਨੇ ਹਾਊਸ ਵਿੱਚ ਮੌਜੂਦ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਜਵਾਬ ਤਲਬੀ ਕਰਦਿਆਂ ਇਹ ਸਮੱਸਿਆ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ। ਸ਼ਹਿਰ ਵਿੱਚ ਲੋੜ ਅਨੁਸਾਰ ਜਨਤਕ ਪਖਾਨੇ ਬਣਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਭਾਜਪਾ ਕੌਂਸਲਰ ਹਰਦੀਪ ਸਿੰਘ ਨੇ ਵਿਖਾਈਆਂ ਚੂੜੀਆਂ ਮੀਟਿੰਗ ਵਿੱਚ ਉਸ ਵੇਲੇ ਸਥਿਤੀ ਅਜੀਬ ਬਣ ਗਈ ਜਦੋਂ ਭਾਜਪਾ ਕੌਂਸਲਰ ਹਰਦੀਪ ਸਿੰਘ ਸਰਾਓ ਨੇ ਚੂੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਉਨ੍ਹਾਂ ਦੇ ਵਾਰਡ ਨਾਲ ਪੱਖਪਾਤ ਕਰ ਰਹੇ ਹਨ। ਲਿਹਾਜ਼ਾ ਉਹ ਅੱਜ ਅਧਿਕਾਰੀਆਂ ਨੂੰ ਚੂੜੀਆਂ ਭੇਟ ਕਰਨ ਆਏ ਹਨ। ਬਾਅਦ ਵਿੱਚ ਉਨ੍ਹਾਂ ਨੂੰ ਅਕਾਲੀ ਕੌਂਸਲਰਾਂ ਸਤਵੀਰ ਸਿੰਘ ਧਨੋਆ ਅਤੇ ਪਰਮਜੀਤ ਸਿੰਘ ਕਾਹਲੋਂ ਨੇ ਸ਼ਾਂਤ ਕੀਤਾ।