ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦਾ ਕਤਲ ਇੱਕ ਮੰਤਰੀ, ਗੈਗਸਟਰ ਅਤੇ ਪੁਲਿਸ ਦੇ ਗਿਰੋਹ ਵੱਲੋਂ ਕੀਤਾ ਸਿਆਸੀ ਕਤਲ ਹੈ : ਬਿਕਰਮ ਮਜੀਠੀਆ

22

November

2019

ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦਾ ਬੇਰਹਿਮੀ ਨਾਲ ਕੀਤਾ ਕਤਲ, ਇੱਕ ਮੰਤਰੀ, ਗੈਂਗਸਟਰ ਅਤੇ ਪੁਲਿਸ ਦੇ ਗਿਰੋਹ ਵੱਲੋਂ ਮਿਲ ਕੇ ਕੀਤਾ ਗਿਆ ਸਿਆਸੀ ਕਤਲ ਹੈ। ਉਹਨਾਂ ਦੱਸਿਆ ਕਿ ਇਹ ਕਤਲ 2004 ਵਿਚ ਵਾਪਰੀ ਉਸ ਘਟਨਾ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ, ਜਿਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦਸਤਾਰ ਉੱਤਰ ਗਈ ਸੀ। ਉਨ੍ਹਾਂ ਮੰਤਰੀ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਜਦੋਂ ਸੂਬੇ ਅੰਦਰ ਉਹਨਾਂ ਦੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਲੋਕਾਂ ਉੱਪਰ ਅਜਿਹੇ ਅੱਤਿਆਚਾਰ ਢਾਹੇ ਜਾ ਰਹੇ ਹਨ ਤਾਂ ਉਹਨਾਂ ਨੇ ਚੁੱਪ ਕਿਉਂ ਧਾਰ ਰੱਖੀ ਹੈ ? ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦਾ ਬੇਰਹਿਮੀ ਨਾਲ ਕੀਤਾ ਕਤਲ, ਇੱਕ ਮੰਤਰੀ, ਗੈਂਗਸਟਰ ਅਤੇ ਪੁਲਿਸ ਦੇ ਗਿਰੋਹ ਵੱਲੋਂ ਮਿਲ ਕੇ ਕੀਤਾ ਗਿਆ ਸਿਆਸੀ ਕਤਲ ਹੈ। ਉਹਨਾਂ ਦੱਸਿਆ ਕਿ ਇਹ ਕਤਲ 2004 ਵਿਚ ਵਾਪਰੀ ਉਸ ਘਟਨਾ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ, ਜਿਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦਸਤਾਰ ਉੱਤਰ ਗਈ ਸੀ। ਉਨ੍ਹਾਂ ਮੰਤਰੀ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਜਦੋਂ ਸੂਬੇ ਅੰਦਰ ਉਹਨਾਂ ਦੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਲੋਕਾਂ ਉੱਪਰ ਅਜਿਹੇ ਅੱਤਿਆਚਾਰ ਢਾਹੇ ਜਾ ਰਹੇ ਹਨ ਤਾਂ ਉਹਨਾਂ ਨੇ ਚੁੱਪ ਕਿਉਂ ਧਾਰ ਰੱਖੀ ਹੈ ? ਇਹ ਟਿੱਪਣੀ ਕਰਦਿਆਂ ਕਿ ਉਹ ਸੁਖਜਿੰਦਰ ਰੰਧਾਵਾ ਖ਼ਿਲਾਫ ਇਹ ਸਾਰੇ ਖੁਲਾਸੇ ਦਸਤਾਵੇਜ਼ੀ ਸਬੂਤਾਂ ਸਮੇਤ ਕਰ ਰਹੇ ਹਨ, ਅਕਾਲੀ ਆਗੂ ਨੇ ਕਿਹਾ ਕਿ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰਾ, ਜਿਸ ਦੀ ਮਾਤਾ ਜੇਲ੍ਹ ਮੰਤਰੀ ਦੀ ਹਮਾਇਤ ਸਦਕਾ ਡੇਰਾ ਬਾਬਾ ਨਾਨਕ ਵਿਚ ਪੈਂਦੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਮੈਂਬਰ ਬਣ ਚੁੱਕੀ ਹੈ, ਕਾਂਗਰਸੀ ਹਕੂਮਤ ਦੌਰਾਨ ਮਨਆਈਆਂ ਕਰ ਰਿਹਾ ਹੈ। ਉਹਨਾਂ ਨੇ ਕੁੱਝ ਮੀਡੀਆ ਰਿਪੋਰਟਾਂ ਵਿਖਾਈਆਂ,ਜਿਹਨਾਂ ਵਿਚ ਕੁੱਝ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰਾ ਜੇਲ੍ਹ ਅੰਦਰ ਫੋਨਾਂ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਆਪਣੇ 33 ਸਾਥੀਆਂ ਦੀ ਮੱਦਦ ਨਾਲ ਜੇਲ੍ਹ ਅੰਦਰ ਬੈਠਾ ਇੱਕ ਫਿਰੌਤੀ ਗਿਰੋਹ ਚਲਾ ਰਿਹਾ ਹੈ। ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਜ਼ਿਲ੍ਹਾ ਪੁਲਿਸ ਇਹ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦਲਬੀਰ ਢਿੱਲਵਾਂ ਦਾ ਕਤਲ ਇੱਕ ਸਿਆਸੀ ਕਤਲ ਨਹੀਂ ਹੈ। ਉਹਨਾਂ ਕਿਹਾ ਕਿ ਗੁਰਦਾਸਪੁਰ ਦਾ ਐਸਐਸਪੀ ਉਪਿੰਦਰਜੀਤ ਘੁੰਮਣ ਇੱਕ ਕਾਂਗਰਸੀ ਬੁਲਾਰੇ ਵਾਂਗ ਕੰਮ ਕਰ ਰਿਹਾ ਹੈ। ਕਤਲ ਹੋਣ ਤੋਂ 15 ਮਿੰਟ ਬਾਅਦ ਹੀ ਉਸ ਨੇ ਐਲਾਨ ਕਰ ਦਿੱਤਾ ਸੀ ਕਿ ਇਸ ਕਤਲ ਪਿੱਛੇ ਕੋਈ ਵੀ ਸਿਆਸੀ ਸਾਜ਼ਿਸ਼ ਨਹੀਂ ਸੀ। ਉਹਨਾਂ ਕਿਹਾ ਕਿ ਐਸਐਸਪੀ ਅਜਿਹੇ ਬਿਆਨ ਦੇ ਕੇ ਕਿ ਇਹ ਕਤਲ ਜ਼ਮੀਨੀ ਝਗੜੇ ਕਰਕੇ ਹੋਇਆ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਕਾਲੀ ਆਗੂ ਨੇ ਇਹ ਸਾਬਿਤ ਕਰਨ ਲਈ ਕਿ ਕਾਤਿਲਾਂ ਅਤੇ ਦਲਬੀਰ ਢਿੱਲਵਾਂ ਦੀਆਂ ਜ਼ਮੀਨਾਂ ਦੀ ਆਪਸ ਵਿਚ ਵੱਟ ਨਹੀਂ ਸੀ ਲੱਗਦੀ, ਮਾਲ ਵਿਭਾਗ ਦੇ ਰਿਕਾਰਡ ਵਿਖਾਏ। ਉਹਨਾਂ ਕਿਹਾ ਕਿ ਕਿੰਨੀ ਮੰਦਭਾਗੀ ਗੱਲ ਹੈ ਕਿ ਕੱਲ੍ਹ ਵੀ ਐਸਐਸਪੀ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਘਟਨਾ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਜਦਕਿ ਘਟਨਾ ਵਾਪਰਨ ਤੋਂ 72 ਘੰਟੇ ਬਾਅਦ ਵੀ ਉਹ ਨਾ ਤਾਂ ਪੀੜਤ ਪਰਿਵਾਰ ਨੂੰ ਮਿਲਿਆ ਹੈ ਅਤੇ ਨਾ ਹੀ ਉਸ ਨੇ ਕੋਈ ਗਿਰਫਤਾਰੀ ਕੀਤੀ ਹੈ।ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਐਸਐਸਪੀ ਅਤੇ ਸਥਾਨਕ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਲਈ ਵੀ ਤਿਆਰ ਨਹੀਂ ਹਨ। ਉਹਨਾਂ ਕਿਹਾ ਕਿ ਢਿੱਲਵਾਂ ਦੇ ਸਪੁੱਤਰ ਸੰਦੀਪ ਨੇ ਹੁਣ ਡੀਜੀਪੀ ਨੂੰ ਲਿਖਿਆ ਹੈ ਕਿ ਉਸ ਦੇ ਪਿਤਾ ਦਾ ਕਤਲ ਸੁਖਜਿੰਦਰ ਰੰਧਾਵਾ ਦੀ ਸਿਆਸੀ ਪੁਸ਼ਤਪਨਾਹੀ ਮਾਣ ਰਹੇ ਕਾਂਗਰਸੀਆਂ ਨੇ ਕੀਤਾ ਹੈ ਅਤੇ ਕਿਹਾ ਹੈ ਕਿ ਸਥਾਨਕ ਪੁਲਿਸ ਉਹਨਾਂ ਦੇ ਬਿਆਨ ਦਰਜ ਨਹੀਂ ਕਰ ਰਹੀ ਹੈ। ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਚੁੱਪ ਕਰਕੇ ਨਹੀਂ ਬੈਠੇਗਾ ਅਤੇ ਦਲਬੀਰ ਢਿੱਲਵਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਾਈਕੋਰਟ ਜਾਣ ਸਮੇਤ ਸਾਰੇ ਵਸੀਲਿਆਂ ਦਾ ਇਸਤੇਮਾਲ ਕਰੇਗਾ, ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਸ ਤਰ੍ਹਾਂ ਮਨੁੱਖੀ ਅਧਿਕਾਰਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵੇਲੇ ਕੁਚਲਿਆ ਗਿਆ ਸੀ। ਉਹਨਾਂ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸੂਬੇ ਦੇ ਸਮਾਜਿਕ ਢਾਂਚੇ ਨੂੰ ਤੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਦਲਬੀਰ ਦੇ ਸਿਆਸੀ ਕਤਲ ਉੱਤੇ ਮਿੱਟੀ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿਆਂਗੇ। ਇਸ ਤੋਂ ਇਲਾਵਾ ਸੰਗਰੂਰ ਵਿਚ ਜਗਮੇਲ ਸਿੰਘ, ਮੁਹਾਲੀ ਵਿਚ ਨੇਹਾ ਸ਼ੋਰੀ ਅਤੇ ਗੁਰਦਾਸਪੁਰ ਵਿਚ ਗੁਰਬਚਨ ਸਿੰਘ ਦੇ ਕਤਲਾਂ ਸਮੇਤ ਸੂਬੇ ਅੰਦਰ ਹੋਏ ਸਾਰੇ ਕਤਲਾਂ ਦਾ ਲੋਕਾਂ ਵਿਚ ਜਾ ਕੇ ਪਰਦਾਫਾਸ਼ ਕਰਾਂਗੇ। ਇਸ ਮੌਕੇ ਉੱਪਰ ਬੋਲਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਸਾਰੇ ਕਤਲ ਇੱਕੋ ਹੀ ਢੰਗ ਨਾਲ ਹੋਏ ਹਨ, ਜਿਸ ਦੌਰਾਨ ਕਾਂਗਰਸੀ ਵਰਕਰਾਂ ਨੇ ਜੁਰਮ ਕੀਤਾ ਹੈ ਅਤੇ ਪੁਲਿਸ ਨੇ ਉਸ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਦਲਿਤ ਜਗਮੇਲ ਸਿੰਘ ਦੇ ਕਤਲ ਦੇ ਮਾਮਲੇ ਵਿਚ ਜਦੋਂ ਉਸ ਨੂੰ ਉਹਨਾਂ ਹੀ ਹਮਲਾਵਰਾਂ ਵੱਲੋਂ ਪਹਿਲੀ ਵਾਰ ਕੁੱਟਿਆ ਗਿਆ ਸੀ ਤਾਂ ਪੁਲਿਸ ਨੇ ਕੋਈ ਕਾਰਵਾਈ ਹੀ ਨਹੀਂ ਸੀ ਕੀਤੀ, ਉਲਟਾ ਉਸ ਨੂੰ ਹਮਲਾਵਰਾਂ ਨਾਲ ਸਮਝੌਤਾ ਕਰਨ ਲਈ ਮਜ਼ਬੂਰ ਕੀਤਾ ਸੀ। ਉਹਨਾਂ ਕਿਹਾ ਕਿ ਜਗਮੇਲ ਦੇ ਕਤਲ ਮਗਰੋਂ ਵੀ ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਸਿਆਸੀ ਵਿਅਕਤੀਆਂ ਦਾ ਬਚਾਅ ਕੀਤਾ ਸੀ ਅਤੇ ਇਹ ਬਿਆਨ ਦੇ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੀੜਤ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਇਹ ਮਾਮਲਾ ਇੱਕ ਦਲਿਤ-ਜਿਮੀਦਾਰ ਵਿਚਲਾ ਝਗੜਾ ਸੀ।