ਚੰਡੀਗੜ੍ਹ ਵਿੱਚ ਹਾਦਸਾ; ਮੁਹਾਲੀ ਦਾ ਕਾਰੋਬਾਰੀ ਹਲਾਕ

10

October

2018

ਚੰਡੀਗੜ੍ਹ, ਇੱਥੋਂ ਦੇ ਸੈਕਟਰ-49 ਦੀ ਕਲੋਨੀ ਨੰਬਰ 5 ਦੇ ਲਾਈਟ ਪੁਆਇੰਟ ’ਤੇ ਅੱਜ ਦੋ ਕਾਰਾਂ ਦੀ ਟੱਕਰ ਹੋ ਗਈ। ਹਾਦਸੇ ਕਾਰਨ ਮੁਹਾਲੀ ਫੇਜ਼-11 ਦੇ ਵਾਸੀ ਕਾਰੋਬਾਰੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ ਅਤੇ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਪੀਜੀਆਈ ਦੇ ਟਰੌਮਾ ਸੈਂਟਰ ਵਿੱਚ ਰੈੱਫਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਦਵਿੰਦਰ ਸਿੰਘ ਚੰਡੀਗੜ੍ਹ ਵਿੱਚ ਵੁੱਡ ਵਰਕਸ ਦਾ ਕਾਰੋਬਾਰ ਕਰਦਾ ਸੀ। ਸੈਕਟਰ-49, ਥਾਣੇ ਦੀ ਪੁਲੀਸ ਨੇ ਦਵਿੰਦਰ ਸਿੰਘ ਦੇ ਰਿਸ਼ਤੇਦਾਰ ਰਾਜਕੁਮਾਰ ਕਲਿਆਣ ਦੀ ਸ਼ਿਕਾਇਤ ’ਤੇ ਦੂਜੀ ਕਾਰ ਦੇ ਡਰਾਈਵਰ ਅਮਿਤ ਗੌੜ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ ਤੇ ਉਸ ਦੀ ਆਈ-20 ਕਾਰ ਜ਼ਬਤ ਕਰ ਲਈ ਹੈ। ਅਮਿਤ ਕੁਮਾਰ ਸੈਕਟਰ-23 ਦਾ ਵਸਨੀਕ ਹੈ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਦੌਰਾਨ ਦਵਿੰਦਰ ਸਿੰਘ ਦੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਪੂਨਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਨੂੰ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਪੀਜੀਆਈ ਰੈੱਫਰ ਕਰ ਦਿੱਤਾ ਗਿਆ। ਪੂਨਮ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਸ਼ਿਕਾਇਤਕਰਤਾ ਰਾਜਕੁਮਾਰ ਕਲਿਆਣ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਸਾਲਾ ਦਵਿੰਦਰ ਸਿੰਘ ਤੜਕੇ ਤਿੰਨ ਵਜੇ ਆਪਣੀ ਗੁਆਂਢਣ ਪੂਨਮ ਨੂੰ ਸੈਕਟਰ-43 ਦੇ ਬੱਸ ਅੱਡੇ ਲੈਣ ਗਿਆ ਸੀ। ਦਵਿੰਦਰ ਸਿੰਘ ਮਾਰੂਤੀ ਕਾਰ ਚਲਾ ਰਿਹਾ ਸੀ ਤੇ ਪੂਨਮ ਅਗਲੀ ਸੀਟ ’ਤੇ ਬੈਠੀ ਸੀ। ਕਲੋਨੀ ਨੰਬਰ ਪੰਜ ਦੇ ਲਾਈਟ ਪੁਆਇੰਟ ’ਤੇ ਪਹੁੰਚਦਿਆਂ ਹੀ ਸੈਕਟਰ 51-52 ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਆਈ-20 ਕਾਰ ਨੇ ਦਵਿੰਦਰ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਕਾਰ ਪਲਟ ਗਈ ਤੇ ਦਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਪੂਨਮ ਗੰਭੀਰ ਜ਼ਖ਼ਮੀ ਹੋ ਗਈ। ਚਸ਼ਮਦੀਦਾਂ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਦੋਵਾਂ ਨੂੰ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਦਵਿੰਦਰ ਸਿੰਘ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕਰ ਦਿੱਤੀ। ਪਿੰਡ ਜਵਾਹਰਪੁਰ ਨੇੜੇ ਹਾਦਸੇ ਕਾਰਨ ਦੋ ਜ਼ਖ਼ਮੀ ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਚੰਡੀਗੜ੍ਹ-ਅੰਬਾਲਾ ਸੜਕ ’ਤੇ ਪੈਂਦੇ ਪਿੰਡ ਜਵਾਹਰਪੁਰ ਨੇੜੇ ਲੰਘੀ ਰਾਤ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੰਬਾਲਾ ਤੋਂ ਸਕੌਡਾ ਕਾਰ ਚੰਡੀਗੜ੍ਹ ਵੱਲ ਆ ਰਹੀ ਸੀ। ਕਾਰ ਵਿੱਚ ਚਾਰ ਜਣੇ ਸਵਾਰ ਸਨ। ਜਦੋਂ ਉਹ ਪਿੰਡ ਜਵਾਹਰਪੁਰ ਨੇੜੇ ਪਹੁੰਚੇ ਤਾਂ ਗਲਤ ਦਿਸ਼ਾ ਤੋਂ ਆ ਰਹੀ ਸਕਾਰਪੀਓ ਗੱਡੀ ਨੇ ਸਕੌਡਾ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਕਾਰਨ ਕਾਰ ਚਾਲਕ ਮਹਾਂਵੀਰ ਤੇ ਪਿਛਲੀ ਸੀਟ ’ਤੇ ਬੈਠਾ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸਕਾਰਪੀਓ ਚਾਲਕ ਗੱਡੀ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਦੱਸਿਆ ਕਿ ਮਹਾਵੀਰ ਦੇ ਸਾਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਸੜਕ ’ਤੇ ਨੁਕਸਾਨੇ ਵਾਹਨਾਂ ਕਾਰਨ ਜਾਮ ਲੱਗ ਗਿਆ। ਪੁਲੀਸ ਨੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।