ਪਾਕਿ ਨੇ ਬਿਸਾੜੀਆ ਦਾ ਭਾਸ਼ਨ ਰੱਦ ਕੀਤਾ

06

October

2018

ਲਾਹੌਰ ਦੁਵੱਲੇ ਰਿਸ਼ਤਿਆਂ ’ਚ ਤਣਾਅ ਦਰਮਿਆਨ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾੜੀਆ ਦਾ ਭਾਸ਼ਨ ਆਖਰੀ ਪਲਾਂ ’ਚ ਰੱਦ ਕਰ ਦਿੱਤਾ। ਸੂਤਰਾਂ ਮੁਤਾਬਕ ਸ੍ਰੀ ਬਿਸਾੜੀਆ ਨੇ ਸਿਖਲਾਈ ਇੰਸਟੀਚਿਊਟ ’ਚ ਭਾਸ਼ਨ ਦੇਣ ਦੀ ਵਿਦੇਸ਼ ਦਫ਼ਤਰ ਤੋਂ ਪਹਿਲਾਂ ਮਨਜ਼ੂਰੀ ਨਹੀਂ ਲਈ ਸੀ ਜਿਸ ਕਰਕੇ ਇਹ ਪ੍ਰੋਗਰਾਮ ਰੱਦ ਕੀਤਾ ਗਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਬਿਸਾੜੀਆ ਨੂੰ ਵੀਰਵਾਰ ਨੂੰ ਜਨਤਕ ਨੀਤੀ ਬਾਰੇ ਕੌਮੀ ਸਕੂਲ ’ਚ ਭਾਸ਼ਨ ਦੇਣ ਲਈ ਸੱਦਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇੰਸਟੀਚਿਊਟ ਅਫ਼ਸਰਸ਼ਾਹਾਂ ਨੂੰ ਸਿਖਲਾਈ ਦਿੰਦਾ ਹੈ ਅਤੇ ਸਮੇਂ ਸਮੇਂ ’ਤੇ ਉਹ ਗੈਸਟ ਲੈਕਚਰਾਂ ਲਈ ਵਿਦਵਾਨਾਂ, ਮਾਹਿਰਾਂ ਅਤੇ ਹੋਰ ਹਸਤੀਆਂ ਨੂੰ ਸੱਦਾ ਦਿੰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਗਈ ਕਿ ਸ੍ਰੀ ਬਿਸਾੜੀਆ ਦਾ ਭਾਸ਼ਨ ਰੱਦ ਕਰ ਦਿੱਤਾ ਗਿਆ ਹੈ ਅਤੇ ਭਾਸ਼ਨ ਦੇ ਨਵੇਂ ਸਮੇਂ ਬਾਰੇ ਕਮਿਸ਼ਨ ਨੂੰ ਛੇਤੀ ਦੱਸਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਇੰਸਟੀਚਿਊਟ ਦੇ ਪ੍ਰਬੰਧਕਾਂ ਨੂੰ ਉਪਰੋਂ ਮਿਲੇ ਹੁਕਮਾਂ ਮਗਰੋਂ ਸ੍ਰੀ ਬਿਸਾੜੀਆ ਦਾ ਭਾਸ਼ਨ ਰੱਦ ਕਰਨਾ ਪਿਆ।