ਸੁਲਤਾਨਪੁਰ ਲੋਧੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਜੀਵਨ ‘ਤੇ ਅਧਾਰਤ ਡਿਜੀਟਲ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

11

November

2019

ਸੁਲਤਾਨਪੁਰ ਲੋਧੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋ ਗਈ ਹੈ। ਇਹ ਸਮਾਗਮ 13 ਨਵੰਬਰ ਤੱਕ ਜਾਰੀ ਰਹਿਣਗੇ। ਜਿਸ ਦੇ ਲਈ ਦੇਸ਼ਾਂ -ਵਿਦੇਸ਼ਾਂ ਤੋਂ 1 ਲੱਖ ਤੋਂ ਵੀ ਵੱਧ ਸ਼ਰਧਾਲੂ ਹੁਣ ਰੋਜ਼ਾਨਾ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ। ਇਸ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨਾਂ ਦੀ ਜੀਵਨੀ, ਸਿੱਖਿਆ ਅਤੇ ਉਦਾਸੀਆਂ ਬਾਰੇ ਭਰਪੂਰ ਜਾਣਕਾਰੀ ਦੇਣ ਵਾਲੀ ਡਿਜੀਟਲ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ,ਜਿਸ ਨੂੰ ਸ਼ਰਧਾਲੂਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਸੰਗਤਾਂ ਦਾ ਹੜ ਆਇਆ ਹੋਇਆ ਹੈ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇੱਥੇ ਪੁੱਜ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਿਆਂ ਦੀਆਂ ਤਸਵੀਰਾਂ ਅਤੇ ਗੁਰੂ ਜੀ ਦੀਆਂ ਵੱਡੀਆਂ ਵੱਡੀਆਂ ਪੇਟਿੰਗਾਂ ਨਾਲ ਫੋਟੋ ਖਿੱਚ ਕੇ ਨਿਹਾਲ ਹੋ ਰਹੇ ਹਨ। ਜਿਸ ਕਰਕੇ ਪ੍ਰਦਰਸ਼ਨੀ ਅੰਦਰ ਲਗਾਏ ਗਏ ਸੈਲਫ਼ੀ ਪੁਆਇੰਟ ‘ਤੇ ਸ਼ਰਧਾਲੂਆਂ ਦਾ ਰੁਝਾਨ ਦੇਖਦਿਆਂ ਹੀ ਬਣਦਾ ਹੈ। ਓਥੇ ਗੋਲ ਘੁੰਮਣ ਵਾਲੀ ਇਕ ਸਟੇਜ ਤੇ ਬੈਠ ਕੇ ਸ਼ਰਧਾਲੂ ਗੁਰੂ ਜੀ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਨੂੰ ਨਕਸ਼ੇ ‘ਤੇ ਦੇਖਦੇ ਹਨ ਅਤੇ ਵਾਹਿਗੁਰੂ-ਵਾਹਿਗੁਰੂ ਕਹਿ ਕੇ ਨਮਨ ਕਰਦੇ ਹਨ। ਇਸ ਦੇ ਇਲਾਵਾ ਸੰਗਤਾਂ ਪ੍ਰਦਰਸ਼ਨੀ ਅੰਦਰ ਹੀ ਚਲਦੇ ਕੀਰਤਨ ਦਾ ਵੀ ਪੂਰਾ ਅਨੰਦ ਮਾਣਦੀਆਂ ਹਨ। ਇਹ ਡਿਜੀਟਲ ਪ੍ਰਦਰਸ਼ਨੀ 12 ਨਵੰਬਰ ਤੱਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਦੁਨੀਆਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਨਾਲ ਗੁਰੂ ਨਾਨਕ ਦੇਵ ਜੀ ਦਾ ਬੜਾ ਗੂੜ੍ਹਾ ਰਿਸ਼ਤਾ ਹੈ। ਬਾਲ ਨਾਨਕ ਨੂੰ ਪਿਤਾ ਦੇ ਗੁੱਸੇ ਤੋਂ ਬਚਾਉਣ ਲਈ ਬੇਬੇ ਨਾਨਕੀ ਭਰਾ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਆਏ ਸਨ। ਇਥੇ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ‘ਚ ਨੌਕਰੀ ਕੀਤੀ ਤੇ ਤੇਰਾ-ਤੇਰਾ ਤੋਲਿਆ। ਗੁਰੂ ਨਾਨਕ ਦੇਵ ਜੀ ਵਲੋਂ ਤੋਲ ਲਈ ਵਰਤੇ ਗਏ ਵੱਟੇ ਤੇ ਉਸ ਵੇਲੇ ਦੇ ਕੁਝ ਸਿੱਕੇ ਅੱਜ ਵੀ ਇਥੇ ਮੌਜੂਦ ਹਨ। ਇਥੇ ਹੀ ਵੇਈਂ ‘ਚ ਡੁੱਬਕੀ ਮਗਰੋਂ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਸੁਲਤਾਨਪੁਰ ਲੋਧੀ ਹੀ ਉਹ ਭਾਗਾਂ ਭਰੀ ਥਾਂ ਹੈ, ਜਿਥੋਂ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਕੀਤੀ ਸੀ। ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਲਈ ਇਸੇ ਥਾਂ ਤੋਂ ਗੁਰੂ ਸਾਹਿਬ ਦੀ ਬਾਰਾਤ ਬਟਾਲੇ ਲਈ ਰਵਾਨਾ ਹੋਈ। ਸੁਲਤਾਨਪੁਰ ਲੋਧੀ ‘ਚ ਹੀ ਗੁਰੂ ਸਾਹਿਬ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਜਿਥੇ ਅੱਜ ਕੱਲ ਗੁਰਦੁਆਰਾ ਗੁਰੂ ਕਾ ਬਾਗ ਸੁਸ਼ੋਭਿਤ ਹੈ। ਇਸ ਤੋਂ ਇਲਾਵਾ ਬੇਬੇ ਨਾਨਕੀ ਜੀ ਦਾ ਘਰ ਵੀ ਮੌਜੂਦ ਹੈ, ਜਿਥੇ ਵਿਆਹ ਤੋਂ ਪਹਿਲਾਂ ਲੰਮਾ ਸਮਾਂ ਗੁਰੂ ਨਾਨਕ ਦੇਵੀ ਜੀ ਠਹਿਰੇ ਸਨ। ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤਰ ਆਸਥਾਨ ਦੇ ਦਰਸ਼ਨਾਂ ਲਈ ਆਉਂਦੀਆਂ ਨੇ ਬਾਬੇ ਨਾਨਕ ਦੇ ਦਰ ‘ਤੇ ਸਿਜਦਾ ਕਰ ਖੁਦ ਨੂੰ ਖੁਸ਼ਕਿਸਮਤ ਸਮਝਦੀਆਂ ਹਨ।