ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਸਜਾਇਆ ਜਾ ਰਿਹੈ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਵੇਗਾ ਸੰਪੰਨ , ਜਾਣੋਂ ਸੁਲਤਾਨਪੁਰ ਲੋਧੀ ਦਾ ਇਤਿਹਾਸ

11

November

2019

ਸੁਲਤਾਨਪੁਰ ਲੋਧੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼ -ਵਿਦੇਸ਼ ‘ਚ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਪਹੁੰਚ ਰਹੀਆਂ ਹਨ। ਇਸ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪੁਰਾਤਨ ਰਿਵਾਇਤ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ। ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਅਸਥਾਨ ’ਤੇ ਪ੍ਰਗਟ ਹੋਏ ਸਨ, ਉੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਬਣਿਆ ਹੋਇਆ ਹੈ। ਇੱਥੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਇੱਥੋਂ ਹੀ ਬਾਣੀ ਦੀ ਸ਼ੁਰੂਆਤ ਹੋਈ ਸੀ। ਜਿਸ ਕਰਕੇ ਦੇਸ਼ -ਵਿਦੇਸ਼ ਤੋਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣੇ ਆਪ ਨੂੰ ਵਡਭਾਗਾ ਸਮਝ ਰਹੀਆਂ ਹਨ। ਇਸ ਨਗਰ ਕੀਰਤਨ ਦੀ ਪਿਆਰੇ ਅਗਵਾਈ ਕਰ ਰਹੇ ਹਨ ਅਤੇ ਇਹ ਨਗਰ ਕੀਰਤਨ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ ਵਿਖੇ ਸਮਾਪਤ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਕਾਲੀ ਵੇਈਂ ਵਿੱਚ ਹਰ ਰੋਜ਼ ਇਸ਼ਨਾਨ ਕਰ ਕੇ ਭਗਤੀ ਕਰਿਆ ਕਰਦੇ ਸਨ। ਇੱਥੇ ਹੀ ਕਾਲੀਂ ਵੇਈਂ ਦੇ ਕੰਢੇ ਮੌਜੂਦਾ ਸਮੇਂ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹੈ। ਜਿਸ ਕਰਕੇ ਪੁਰਾਤਨ ਰਿਵਾਇਤ ਨਾਲਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਅਤੇ ਗੱਤਕਾ ਪਾਰਟੀਆਂ ਖਿੱਚ ਦਾ ਕੇਂਦਰ ਬਣੇ ਹੋਏ ਹਨ।ਜ਼ਿਕਰਯੋਗ ਹੈ ਕਿ ਦੁਨੀਆਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਨਾਲ ਗੁਰੂ ਨਾਨਕ ਦੇਵ ਜੀ ਦਾ ਬੜਾ ਗੂੜ੍ਹਾ ਰਿਸ਼ਤਾ ਹੈ। ਬਾਲ ਨਾਨਕ ਨੂੰ ਪਿਤਾ ਦੇ ਗੁੱਸੇ ਤੋਂ ਬਚਾਉਣ ਲਈ ਬੇਬੇ ਨਾਨਕੀ ਭਰਾ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਆਏ ਸਨ। ਇਥੇ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ‘ਚ ਨੌਕਰੀ ਕੀਤੀ ਤੇ ਤੇਰਾ-ਤੇਰਾ ਤੋਲਿਆ। ਗੁਰੂ ਨਾਨਕ ਦੇਵ ਜੀ ਵਲੋਂ ਤੋਲ ਲਈ ਵਰਤੇ ਗਏ ਵੱਟੇ ਤੇ ਉਸ ਵੇਲੇ ਦੇ ਕੁਝ ਸਿੱਕੇ ਅੱਜ ਵੀ ਇਥੇ ਮੌਜੂਦ ਹਨ। ਇਥੇ ਹੀ ਵੇਈਂ ‘ਚ ਡੁੱਬਕੀ ਮਗਰੋਂ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਸੁਲਤਾਨਪੁਰ ਲੋਧੀ ਹੀ ਉਹ ਭਾਗਾਂ ਭਰੀ ਥਾਂ ਹੈ, ਜਿਥੋਂ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਕੀਤੀ ਸੀ। ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਲਈ ਇਸੇ ਥਾਂ ਤੋਂ ਗੁਰੂ ਸਾਹਿਬ ਦੀ ਬਾਰਾਤ ਬਟਾਲੇ ਲਈ ਰਵਾਨਾ ਹੋਈ। ਸੁਲਤਾਨਪੁਰ ਲੋਧੀ ‘ਚ ਹੀ ਗੁਰੂ ਸਾਹਿਬ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਜਿਥੇ ਅੱਜ ਕੱਲ ਗੁਰਦੁਆਰਾ ਗੁਰੂ ਕਾ ਬਾਗ ਸੁਸ਼ੋਭਿਤ ਹੈ। ਇਸ ਤੋਂ ਇਲਾਵਾ ਬੇਬੇ ਨਾਨਕੀ ਜੀ ਦਾ ਘਰ ਵੀ ਮੌਜੂਦ ਹੈ, ਜਿਥੇ ਵਿਆਹ ਤੋਂ ਪਹਿਲਾਂ ਲੰਮਾ ਸਮਾਂ ਗੁਰੂ ਨਾਨਕ ਦੇਵੀ ਜੀ ਠਹਿਰੇ ਸਨ। ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤਰ ਆਸਥਾਨ ਦੇ ਦਰਸ਼ਨਾਂ ਲਈ ਆਉਂਦੀਆਂ ਨੇ ਬਾਬੇ ਨਾਨਕ ਦੇ ਦਰ ‘ਤੇ ਸਿਜਦਾ ਕਰ ਖੁਦ ਨੂੰ ਖੁਸ਼ਕਿਸਮਤ ਸਮਝਦੀਆਂ ਹਨ।