ਸੁਲਤਾਨਪੁਰ ਲੋਧੀ: ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ, ਦੇਖੋ ਅਲੌਕਿਕ ਤਸਵੀਰਾਂ

07

November

2019

ਸੁਲਤਾਨਪੁਰ ਲੋਧੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਅਤਿ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਉਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਵੱਖ-ਵੱਖ ਤਰ੍ਹਾਂ ਦੇ ਵਿਦੇਸ਼ਾਂ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਦੀ ਦੇਖ ਰੇਖ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਅੰਦਰੋਂ ਅਤੇ ਬਾਹਰੋਂ ਵਿਦੇਸ਼ੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਗੁਰੂ ਸਾਹਿਬ ਜੀਦੇ 550 ਵੇਂ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ ‘ਚ ਸਜਾਏ ਜਾ ਰਹੇ ਫੁੱਲ ਮਲੇਸ਼ੀਆ, ਥਾਈਲੈਂਡ, ਕੀਨੀਆ, ਸਿੰਗਾਪੁਰ ਅਤੇ ਆਸਟ੍ਰੇਲੀਆ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਮੰਗਵਾਏ ਗਏ ਹਨ। ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਕੋਮਲ ਹਸਤ ਕਮਲਾਂ ਨਾਲ ਲਗਾਈ ਗਈ ਬੇਰੀ ਸਾਹਿਬ ਦੇ ਆਲੇ ਦੁਆਲੇ ਵੱਖ-ਵੱਖ ਹਰੇ ਰੰਗ ਦੇ ਫੁੱਲ ਲਗਾਏ ਗਏ ਹਨ ਜੋ ਕਿ ਬੇਰੀ ਸਾਹਿਬ ਦੀ ਸੁੰਦਰਤਾ ਨੂੰ ਹੋਰ ਚਾਰ-ਚੰਨ ਲਗਾ ਰਹੇ ਹਨ। ਇਸ ਸਮੇਂ ਸੇਵਾ ਕਰਵਾ ਰਹੇ ਸ਼ਰਧਾਲੂਆਂ ਦੱਸਿਆ ਕਿ ਪੂਰੇ ਗੁਰਦੁਆਰਾ ਕੰਪਲੈਕਸ ਨੂੰ 100 ਕੁਇੰਟਲ ਤੋਂ ਵੱਧ ਫੁੱਲਾਂ ਨਾਲ ਸਜਾਇਆ ਜਾਵੇਗਾ। ਜ਼ਿਕਰ ਏ ਖਾਸ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਹ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ ‘ਚ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਪਹੁੰਚ ਰਹੀਆਂ ਹਨ। ਇਸ ਦੌਰਾਨ ਸੰਗਤਾਂ ਦੇ ਚੇਹਰੇ ਵੱਖਰੀ ਤਰ੍ਹਾਂ ਦੀ ਖੁਸ਼ੀ ਪਾਈ ਜਾ ਰਹੀ ਹੈ।