ਸ੍ਰੀ ਅੰਮ੍ਰਿਤਸਰ ਸਾਹਿਬ: 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ

05

November

2019

ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਤੋਂ 1303 ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਸਮੇਤ ਕਮੇਟੀ ਦੇ ਕਈ ਹੋਰ ਮੈਂਬਰ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਅਤੇ ਖਾਲੜਾ ਮਿਸ਼ਨ ਸਮੇਤ ਵੱਖ ਵੱਖ ਸੰਸਥਾਵਾਂ ਦੀ ਅਗਵਾਈ ਹੇਠ ਪੰਜਾਬ, ਹਰਿਆਣਾ, ਦਿੱਲੀ, ਮੁੰਬਈ ਅਤੇ ਜੰਮੂ ਕਸ਼ਮੀਰ ਸਮੇਤ ਵੱਖ ਵੱਖ ਰਾਜਾਂ ਦੇ 2500 ਦੇ ਕਰੀਬ ਸ਼ਰਧਾਲੂ ਅਟਾਰੀ ਵਾਘਾ ਸਰਹੱਦ ਦੇ ਸੜਕੀ ਰਸਤੇ ਪਾਕਿਸਤਾਨ ਲਈ ਰਵਾਨਾ ਹੋਣਗੇ। ਇਸੇ ਦੌਰਾਨ ਸਿੱਖ ਸ਼ਰਧਾਲੂਆਂ ਨੇ ਪਹਿਲੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਅਸਥਾਨ ’ਤੇ ਨਤਮਸਤਕ ਹੋਣ ਜਾਣ ਲਈ ਆਪਣੇ ਆਪ ਨੂੰ ਵਡਭਾਗਾ ਦੱਸਿਆ।ਤੁਹਾਨੂੰ ਦੱਸ ਦੇਈਏ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਾਕਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਉਣ ਦੇ ਨਾਲ ਨਾਲ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਦੇ ਇਤਿਹਾਸਿਕ ਪਲ ਦਾ ਵੀ ਗਵਾਹ ਬਣਨਗੀਆਂ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ 1645 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 1303 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ, ਜਦਕਿ 342 ਸ਼ਰਧਾਲੂਆਂ ਨੂੰ ਪਾਕਿਸਤਾਨ ਦੂਤਾਵਾਸ ਵੱਲੋਂ ਵੀਜ਼ੇ ਜਾਰੀ ਨਹੀਂ ਕੀਤੇ ਗਏ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਬਾਬਾ ਚਰਨਜੀਤ ਸਿੰਘ ਜੱਸੋਵਾਲ ਅਤੇ ਭਾਈ ਅਜਾਇਬ ਸਿੰਘ ਅਭਿਆਸੀ ਕਰਨਗੇ।ਪਾਕਿ ਸਥਿਤ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਉਪਰੰਤ ਇਹ ਜਥਾ 13 ਨਵੰਬਰ ਨੂੰ ਭਾਰਤ ਵਾਪਸ ਪਰਤੇਗਾ।